ਨੌਕਰੀ ਦੇਣ ਮਗਰੋਂ ਵਿਭਾਗ ਨੂੰ ਚੇਤੇ ਆਈ ਗ਼ਲਤ ਮੈਰਿਟ
ਚੰਡੀਗੜ੍ਹ, 3 ਨਵੰਬਰ (ਰੋਜਾਨਾ ਸਪੋਕਸਮੈਨ)- ਬਲਾਕ ਵਿਕਾਸ ਪ੍ਰਾਜੈਕਟ ਦਫ਼ਤਰ ਲੰਬੀ ਨੇ ਕਲੈਰੀਕਲ ਖਾਮੀ ਦੇ ਹਵਾਲੇ ਨਾਲ ਕੰਮ ਵਾਪਸ ਲੈਣ ਬਾਰੇ ਪੰਜ ਆਂਗਣਵਾੜੀ ਵਰਕਰਾਂ, ਹੈਲਪਰਾਂ ਨੂੰ ਨੋਟਿਸ ਜਾਰੀ ਕੀਤੇ ਹਨ। ਭਰਤੀ ਤੋਂ ਕੁੱਝ ਦਿਨ ਮਗਰੋਂ ਹੀ ਪੰਜ ਵਰਕਰਾਂ, ਹੈਲਪਰਾਂ ਨੂੰ ਵਿਭਾਗ ਤੋਂ ‘ਫਾਰਗੀ’ ਦੇ ਨੋਟਿਸ ਮਿਲ ਗਏ ਹਨ। ‘ਗ਼ਲਤ ਮੈਰਿਟ’ ਦਾ ਮਾਮਲਾ ਪਿੰਡ ਕਿੱਲਿਆਂਵਾਲੀ, ਮਹਿਣਾ, ਭੁੱਲਰਵਾਲਾ ਅਤੇ ਲੰਬੀ ਸਣੇ ਪੰਜ ਆਂਗਣਵਾੜੀ ਸੈਂਟਰਾਂ ਨਾਲ ਜੁੜਿਆ ਦੱਸਿਆ ਜਾਂਦਾ ਹੈ।
ਦੱਸ ਦਈਏ ਕਿ ਤਕਰੀਬਨ ਤਿੰਨ ਹਫਤੇ ਪਹਿਲਾ ਜਾਰੀ ਕੀਤੇ ਸਰਕਾਰੀ ਨਿਯੁਕਤੀ ਪੱਤਰਾਂ ‘ਤੇ ਆਂਗਣਵਾੜੀ ਵਰਕਰਾਂ, ਹੈਲਪਰਾਂ ਵਲੋਂ ਜੁਆਇਨ ਕਰਨ ਮਗਰੋਂ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਨੂੰ ਗ਼ਲਤ ਮੈਰਿਟ ਚੇਤੇ ਆ ਗਈ ਹੈ।
ਮਹਿਣਾ ਦੇ ਆਂਗਣਵਾੜੀ ਸੈਂਟਰ ਨੰਬਰ 03044020623 ਵਿਖੇ ਬਤੌਰ ਹੈਲਪਰ ਨਿਯੁਕਤ ਲਵਪ੍ਰੀਤ ਕੌਰ ਨੇ ਕਿਹਾ ਕਿ ਜੁਆਇਨ ਕਰਨ ਮਗਰੋਂ ਅਸਾਮੀ ਤੋਂ ਕੱਢਣ ਦਾ ਫ਼ਰਮਾਨ ਨਾ-ਸਹਿਣਯੋਗ ਹੈ। ਪਿੰਡ ਕਿੱਲਿਆਂਵਾਲੀ ਦੇ ਸੈਂਟਰ ਨੰਬਰ 03044020510 ਦੀ ਆਂਗਣਵਾੜੀ ਵਰਕਰ ਸਮਨਦੀਪ ਕੌਰ ਨੇ ਵਿਭਾਗੀ ਨੋਟਿਸ ਲੈਣ ਤੋਂ ਨਾਂਹ ਕਰ ਦਿੱਤੀ ਹੈ। ਸਮਨਦੀਪ ਕੌਰ ਦੇ ਸਹੁਰਾ ਸਰਵਨ ਸਿੰਘ (ਸੇਵਾਮੁਕਤ ਪਟਵਾਰੀ) ਨੇ ਕਿਹਾ ਕਿ ਉਹ ਇਸ ਸਬੰਧੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੁਖ਼ ਕਰਨਗੇ।
ਦੂਜੇ ਪਾਸੇ ਲੰਬੀ ਦੇ ਸੀਡੀਪੀਓ ਰਣਜੀਤ ਕੌਰ ਦਾ ਕਹਿਣਾ ਸੀ ਕਿ ਦਫ਼ਤਰੀ ਅਮਲੇ ਦੇ ਕੰਪਿਊਟਰ ’ਤੇ ਕਲੈਰੀਕਲ ਖਾਮੀ ਕਰਕੇ ਪਿੰਡ ਪੱਧਰ ’ਤੇ ਬਣਨ ਵਾਲੀ ਮੈਰਿਟ, ਸੈਂਟਰ ਆਧਰ ’ਤੇ ਬਣ ਗਈ ਸੀ। ਮਾਮਲਾ ਸਾਹਮਣੇ ਆਉਣ ’ਤੇ ਯੋਗ ਉਮੀਦਵਾਰਾਂ ਦੇ ਹੱਕ ਖੁਸਣ ਦੇ ਮੱਦੇਨਜ਼ਰ ਨੋਟਿਸ ਜਾਰੀ ਕਰਕੇ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ। ਉਂਜ ਉਨ੍ਹਾਂ ਬਾਅਦ ਵਿਚ ਆਖਿਆ ਕਿ ਉਹ ਮਾਮਲੇ ਦੀ ਜਾਂਚ ਵਿਚ ਜੁਟੇ ਹੋਏ ਹਨ।