ਬਹੁਜਨ ਲਹਿਰ ਨੂੰ ਅੱਗੇ ਵਧਾਉਣਾ ਸਮੇਂ ਦੀ ਸਭ ਤੋਂ ਵੱਡੀ ਲੋੜ : ਪ੍ਰਿੰ. ਅਰੁਣ ਚੌਧਰੀ
– ਸਮਾਜ ਜੋੜੋ ਉਪਰਾਲਾ ਮੀਟਿੰਗ ਆਯੋਜਿਤ
ਫਰੀਦਕੋਟ, 15 ਨਵੰਬਰ (ਪੰਜਾਬ ਡਾਇਰੀ)- “ਅੰਬੇਡਕਰ ਮਿਸ਼ਨ ਨੂੰ ਹਰੇਕ ਘਰ ਅੰਦਰ ਪਹੁੰਚਾਉਣਾ ਅਤੇ ਬਹੁਜਨ ਲਹਿਰ ਨੂੰ ਅੱਗੇ ਵਧਾਉਣਾ ਅਜੋਕੇ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ।”ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਥਾਨਕ ਜੈਸਮੀਨ ਹੋਟਲ ਵਿਖੇ ਇਲਾਕੇ ਦੀ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਲਾਰਡ ਬੁੱਧਾ ਚੈਰੀਟੇਬਲ ਟਰੱਸਟ ਵੱਲੋਂ ਆਯੋਜਿਤ “ਸਮਾਜ ਜੋੜੋ ਉਪਰਾਲਾ ਮੀਟਿੰਗ”ਨੂੰ ਸੰਬੋਧਨ ਕਰਦੇ ਹੋਏ ਬਹੁਜਨ ਲਹਿਰ ਨੂੰ ਅੱਗੇ ਤੋਰਨ ਦੀਆਂ ਕੋਸ਼ਿਸ਼ਾਂ ਵਜੋਂ ਸਾਂਝਾ ਪਲੇਟ ਫਾਰਮ ਤਿਆਰ ਕਰਨ ਲਈ ਯਤਨਸ਼ੀਲ ਦਿੱਲੀ ਯੂਨੀਵਰਸਿਟੀ ਦੇ ਸਾਬਕਾ ਪ੍ਰਿੰਸੀਪਲ ਅਰੁਣ ਚੌਧਰੀ ਨੇ ਕੀਤਾ।
ਉਹਨਾਂ ਅੱਗੇ ਕਿਹਾ ਕਿ ਬਹੁਜਨ ਨਾਇਕ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਸਾਹਿਬ ਕਾਂਸ਼ੀ ਰਾਮ ਨੇ ਡਾ. ਅੰਬੇਡਕਰ ਮਿਸ਼ਨ ਨੂੰ ਘਰ ਘਰ ਪਹੁੰਚਾਉਣ ਤੇ ਬਹੁਜਨ ਸਮਾਜ ਨੂੰ ਹੁਕਮਰਾਨ ਬਨਾਉਣ ਲਈ ਜੋ ਇਤਿਹਾਸਕ ਕਾਰਜ ਕੀਤਾ ਉਸ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ। ਟਰੱਸਟ ਦੇ ਬਾਨੀ ਚੇਅਰਮੈਨ ਜਗਦੀਸ਼ ਰਾਏ ਢੋਸੀਵਾਲ ਦੀ ਅਗਵਾਈ ਅਤੇ ਦੇਖ ਰੇਖ ਹੇਠ ਸਥਾਨਕ ਜੈਸਮੀਨ ਹੋਟਲ ਵਿਖੇ ਹੋਈ ਇਸ ਬੇਅੰਤ ਪ੍ਰਭਾਵਸ਼ਾਲੀ ਮੀਟਿੰਗ ਦੀ ਪ੍ਰਧਾਨਗੀ ਜਿਲ੍ਹਾ ਪ੍ਰਧਾਨ ਜਗਦੀਸ਼ ਰਾਜ ਭਾਰਤੀ ਨੇ ਕੀਤੀ। ਮੀਟਿੰਗ ਵਿਚ ਉਕਤ ਲਹਿਰ ਦੇ ਮੋਢੀ ਸੇਵਾ ਮੁਕਤ ਐਕਸੀਅਨ ਬਲਬੀਰ ਸਿੰਘ, ਸੇਵਾ ਮੁਕਤ ਕਾਨੂੰਨਗੋ ਗੋਵਿੰਦ ਸਿੰਘ ਅਤੇ ਉੱਤਰ ਪ੍ਰਦੇਸ਼ ਦੇ ਨੌਜਵਾਨ ਮਿਸ਼ਨਰੀ ਆਗੂ ਸ਼ਕਤੀ ਦਾਸ ਵੀ ਸ਼ਾਮਲ ਹੋਏ।
ਮੀਟਿੰਗ ਦੌਰਾਨ ਵੱਡੀ ਗਿਣਤੀ ਵਿੱਚ ਐਸ.ਸੀ./ਬੀ.ਸੀ. ਸਮਾਜ ਦੇ ਮੌਜੂਦਾ ਅਤੇ ਸੇਵਾ ਮੁਕਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਭਾਗ ਲਿਆ। ਟਰੱਸਟ ਵੱਲੋਂ ਉਕਤ ਲਹਿਰ ਦੇ ਸਾਰੇ ਮੋਢੀਆਂ ਦਾ ਹਾਰ ਪਾ ਕੇ ਸਵਾਗਤ ਕੀਤਾ ਗਿਆ। ਜਿਲ੍ਹਾ ਪ੍ਰਧਾਨ ਜਗਦੀਸ਼ ਰਾਜ ਭਾਰਤੀ, ਮੁੱਖ ਸਲਾਹਕਾਰ ਪ੍ਰਿੰਸੀਪਲ ਕ੍ਰਿਸ਼ਨ ਲਾਲ ਤੇ ਚੀਫ ਪੈਟਰਨ ਹੀਰਾਵਤੀ ਨੇ ਸਮੂਹ ਮੈਂਬਰਾਂ ਦਾ ਸਵਾਗਤ ਕੀਤਾ। ਪ੍ਰਸਿਧ ਅੰਬੇਡਕਰਵਾਦੀ ਅਤੇ ਦਲਿਤ ਆਗੂ ਸੂਬੇਦਾਰ ਬਿੰਦਰ ਸਿੰਘ, ਜਨਰਲ ਸਕੱਤਰ ਡਾ. ਸੋਹਣ ਲਾਲ ਨਿਗਾਹ, ਐਡਵੋਕੇਟ ਰਣਜੀਤ ਸਿੰਘ ਥਾਂਦੇਵਾਲਾ ਅਤੇ ਅਸਿਸਟੈਂਟ ਐਕਸੀਅਨ ਰਵਿੰਦਰ ਪਾਲ ਸਿੰਘ ਬਠਿੰਡਾ ਆਦਿ ਨੇ ਆਪਣੇ ਸੰਬੋਧਨ ਦੌਰਾਨ ਬਹੁਜਨ ਲਹਿਰ ਦੀ ਸਫਲਤਾ ਲਈ ਸਾਰਿਆਂ ਨੂੰ ਇਕੱਤਰ ਹੋਣ ਦੀ ਅਪੀਲ ਕੀਤੀ।
ਲੰਮੇ ਸਮੇਂ ਤੋਂ ਅੰਬੇਡਕਰ ਵਿਚਾਰਧਾਰਾ ਨਾਲ ਜੁੜੇ ਮੁਲਾਜਮ ਆਗੂ ਅਮਰ ਸਿੰਘ ਮਹਿਮੀ ਨੇ ਜਿਥੇ ਟਰੱਸਟ ਦੇ ਇਸ ਵਧੀਆ ਉਪਰਾਲੇ ਦੀ ਪ੍ਰਸ਼ੰਸਾ ਕੀਤੀ ਉਥੇ ਆਉਂਦੀ 26 ਨਵੰਬਰ ਨੂੰ ਫਗਵਾੜਾ ਵਿਖੇ ਭਾਰਤੀ ਸੰਵਿਧਾਨ ਦਿਵਸ ਮੌਕੇ “ਜਨ ਜਾਗ੍ਰਿਤੀ ਸੰਮੇਲਨ ਵਿਖੇ ਪਹੁੰਚਣ ਦੀ ਅਪੀਲ ਵੀ ਕੀਤੀ। ਮੀਟਿੰਗ ਦੌਰਾਨ ਆਪਣੇ ਸੰਬੋਧਨ ਵਿਚ ਢੋਸੀਵਾਲ ਨੇ ਕਿਹਾ ਕਿ ਬਹੁਜਨ ਸਮਾਜ ਇਕਮੁੱਠ ਹੋ ਕੇ ਸਹੀ ਢੰਗ ਨਾਲ ਸੰਵਿਧਾਨ ਅਤੇ ਸੰਵਿਧਾਨਕ ਹੱਕਾਂ ਦੀ ਰਾਖੀ ਕਰ ਸਕਦਾ ਹੈ। ਮੀਟਿੰਗ ਦੌਰਾਨ ਐਕਸੀਅਨ ਬਲਬੀਰ ਸਿੰਘ ਤੇ ਕਾਨੂੰਨਗੋ ਗੋਵਿੰਦ ਸਿੰਘ ਤੇ ਸ਼ਕਤੀ ਦਾਸ ਨੇ ਉਕਤ ਲਹਿਰ ਦੇ ਮੰਤਵ ਬਾਰੇ ਬਾਖੂਬੀ ਜਾਣਕਾਰੀ ਦਿੰਦੇ ਹੋਏਂ ਇਸ ਦੇ ਉਦੇਸ਼ਾਂ ’ਤੇ ਚਾਨਣਾ ਪਾਇਆ।
ਮੀਟਿੰਗ ਦੌਰਾਨ ਜਗਦੀਸ਼ ਚੰਦਰ ਧਵਾਲ, ਕਨੱਹੀਆ ਲਾਲ, ਚੌ. ਬਲਬੀਰ ਸਿੰਘ, ਸ੍ਰੀ ਕ੍ਰਿਸ਼ਨ ਆਰ.ਏ., ਪੀਹੂ, ਇੰਜ. ਕੁਨਾਲ ਢੋਸੀਵਾਲ, ਓਮ ਪ੍ਰਕਾਸ਼ ਗੋਠਵਾਲ, ਮਲਕੀਅਤ ਸਿੰਘ, ਹਰਮੇਸ਼ ਸਿੰਘ, ਕੁਲਦੀਪ ਸਿੰਘ ਭੱਟੀ, ਗੁਰਿੰਦਰ ਪਾਲ ਸਿੰਘ ਖਿੱਚੀ, ਵੇਦ ਪ੍ਰਕਾਸ਼ ਐੱਸ.ਡੀ.ਓ., ਹੰਸ ਰਾਜ ਲੂਣਾ, ਸੂਬੇਦਾਰ ਦਰਸ਼ਨ ਸਿੰਘ, ਪਿਆਰਾ ਸਿੰਘ ਸੰਧੂ ਥਾਣੇਦਾਰ, ਜਗਦੇਵ ਸਿੰਘ, ਸੁਖਦੇਵ ਸਿੰਘ, ਗੋਬਿੰਦ ਕੁਮਾਰ, ਮਨਜੀਤ ਖਿੱਚੀ, ਸੁਨੀਲ ਕੁਮਾਰ, ਸਤਬੀਰ ਸਿੰਘ ਆਦਿ ਸਮੇਤ ਕਈ ਹੋਰ ਪ੍ਰਮੁੱਖ ਸਖਸ਼ੀਅਤਾਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਉਪਰੰਤ ਸਭਨਾਂ ਲਈ ਵਿਸ਼ੇਸ਼ ਤੌਰ ’ਤੇ ਵਧੀਆ ਚਾਹ ਪਾਣੀ ਦਾ ਪ੍ਰਬੰਧ ਕੀਤਾ ਗਿਆ ਸੀ।