ਬਾਬਾ ਫ਼ਰੀਦ ਪਬਲਿਕ ਸਕੂਲ ਦਾ ਵਿਦਿਆਰਥੀ ਰਾਜ-ਪੱਧਰੀ ਪੁਰਸਕਾਰ ਨਾਲ ਸਨਮਾਨਿਤ
ਫਰੀਦਕੋਟ, 16 ਨਵੰਬਰ (ਪੰਜਾਬ ਡਾਇਰੀ)- ਫ਼ਰੀਦਕੋਟ: ਬਾਬਾ ਫ਼ਰੀਦ ਜੀ ਦੀ ਰਹਿਮਤ ਅਤੇ ਚੇਅਰਮੈਨ ਸ. ਇੰਦਰਜੀਤ ਸਿੰਘ ਖ਼ਾਲਸਾ ਜੀ ਦੀ ਰਹਿਨੁਮਾਈ ਹੇਠ ਚੱਲ ਰਹੇ ਪ੍ਰਸਿੱਧ ਵਿੱਦਿਅਕ ਅਦਾਰੇ ਬਾਬਾ ਫ਼ਰੀਦ ਪਬਲਿਕ ਸਕੂਲ, ਫ਼ਰੀਦਕੋਟ ਦੇ ਬਾਰਵੀਂ ਜਮਾਤ ਦੇ ਵਿਦਿਆਰਥੀ ਗੁਰਸ਼ਾਨ ਸਿੰਘ ਨੂੰ ‘ਤਾਰੇ ਭਲਕ ਦੇ’ ਮੰਚ ਵੱਲੋਂ ਚਿੱਤਰਕਾਰੀ ਦੇ ਖੇਤਰ ਵਿੱਚ ਰਾਜ-ਪੱਧਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ । ਸਕੂਲ ਵਿੱਚ ਕਰਵਾਏ ਗਏ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪ੍ਰਿੰਸੀਪਲ ਸ੍ਰੀਮਤੀ ਕੁਲਦੀਪ ਕੌਰ ਨੇ ਆਪਣੇ ਸ਼ੁਭ ਕਰ-ਕਮਲਾਂ ਨਾਲ ਇਹ ਸਨਮਾਨ ਗੁਰਸ਼ਾਨ ਸਿੰਘ ਨੂੰ ਪ੍ਰਦਾਨ ਕੀਤਾ ।
ਉਪਰੰਤ ਇਸ ਵਿਦਿਆਰਥੀ ਨੂੰ ਉਸਦੀਆਂ ਪ੍ਰਾਪਤੀਆਂ ਲਈ ਮੁਬਾਰਕਬਾਦ ਦਿੰਦਿਆਂ ਪ੍ਰਿੰਸੀਪਲ ਸ੍ਰੀਮਤੀ ਕੁਲਦੀਪ ਕੌਰ ਨੇ ਕਿਹਾ ਕਿ ਗੁਰਸ਼ਾਨ ਸਿੰਘ ਪਿਛਲੇ ਪੰਜ ਸਾਲਾਂ ਤੋਂ ਚਿੱਤਰਕਾਰੀ ਦੇ ਖੇਤਰ ਵਿੱਚ ਆਪਣਾ, ਆਪਣੇ ਮਾਤਾ-ਪਿਤਾ ਅਤੇ ਬਾਬਾ ਫ਼ਰੀਦ ਪਬਲਿਕ ਸਕੂਲ ਦਾ ਨਾਮ ਕਈ ਵਾਰ ਜ਼ਿਲ੍ਹਾ-ਪੱਧਰ, ਰਾਜ-ਪੱਧਰ ਅਤੇ ਰਾਸ਼ਟਰ-ਪੱਧਰ ‘ਤੇ ਰੌਸ਼ਨ ਕਰ ਚੁੱਕਾ ਹੈ । ਉਸਦੀਆਂ ਇਹਨਾਂ ਪ੍ਰਾਪਤੀਆਂ ਨੂੰ ਵੇਖਦਿਆਂ ਹੋਇਆਂ ਹੀ ‘ਤਾਰੇ ਭਲਕ ਦੇ’ ਮੰਚ ਵੱਲੋਂ ਉਸ ਨੂੰ “ਤਾਰੇ ਭਲਕ ਦੇ ਪੁਰਸਕਾਰ-2023” ਨਾਲ ਨਿਵਾਜਿਆ ਗਿਆ ਹੈ । ਇਸ ਪੁਰਸਕਾਰ ਵਿੱਚ ਇੱਕ ਸਨਮਾਨ ਚਿੰਨ੍ਹ, ਉਸਦੀਆਂ ਕਲਾ-ਕਿਰਤਾਂ, ਨਕਦ ਰਾਸ਼ੀ ਅਤੇ ਕਿਤਾਬਾਂ ਦਾ ਸੈੱਟ ਸ਼ਾਮਿਲ ਹੈ । ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਅਜਿਹੇ ਹੋਣਹਾਰ ਵਿਦਿਆਰਥੀਆਂ ਤੇ ਬੇਹੱਦ ਫ਼ਖਰ ਹੈ, ਜਿੰਨ੍ਹਾਂ ਨੇ ਪੜ੍ਹਾਈ ਦੇ ਨਾਲ-ਨਾਲ ਕਲਾ ਦੇ ਖੇਤਰ ਵਿੱਚ ਵੀ ਵਡਮੁੱਲੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਉਨਾਂ ਨੇ ਗੁਰਸ਼ਾਨ ਸਿੰਘ ਦੇ ਅਧਿਆਪਕਾਂ ਅਤੇ ਮਾਤਾ-ਪਿਤਾ ਨੂੰ ਵੀ ਮੁਬਾਰਕਾਂ ਦਿੱਤੀਆਂ ।