ਭਾਰਤ ਵਿਚ ਸਸਤੀਆਂ ਹੋਣਗੀਆਂ ਕਰੋੜਾਂ ਰੁਪਏ ਵਿਚ ਮਿਲਣ ਵਾਲੀਆਂ ਦਵਾਈਆਂ
ਨਵੀਂ ਦਿੱਲੀ, 25 ਨਵੰਬਰ (ਰੋਜਾਨਾ ਸਪੋਕਸਮੈਨ)- ਦੁਰਲੱਭ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਲਈ ਰਾਹਤ ਦੀ ਖ਼ਬਰ ਹੈ। ਸਰਕਾਰ ਨੇ ਭਾਰਤੀ ਕੰਪਨੀਆਂ ਦੁਆਰਾ ਬਣਾਈਆਂ ਚਾਰ ਦਵਾਈਆਂ ਦੀ ਮਾਰਕੀਟਿੰਗ ਨੂੰ ਮਨਜ਼ੂਰੀ ਦੇ ਦਿਤੀ ਹੈ। ਇਹ ਦਵਾਈਆਂ ਦਰਾਮਦ ਕੀਤੀਆਂ ਦਵਾਈਆਂ ਨਾਲੋਂ ਬਹੁਤ ਸਸਤੀਆਂ ਹਨ। ਉਦਾਹਰਣ ਵਜੋਂ, ਨਿਟੀਸੀਨੋਨ ਕੈਪਸੂਲ, ਜੋ ਕਿ ਟਾਈਰੋਸਿਨਮੀਆ ਟਾਈਪ ਵਨ ਬਿਮਾਰੀ ਦੇ ਇਲਾਜ ਵਿਚ ਵਰਤਿਆ ਜਾਂਦਾ ਹੈ, ਦੀ ਸਾਲਾਨਾ ਕੀਮਤ 2.2 ਕਰੋੜ ਰੁਪਏ ਹੈ। ਇਹ ਵਿਦੇਸ਼ ਤੋਂ ਆਯਾਤ ਕੀਤਾ ਜਾਂਦਾ ਹੈ ਪਰ ਦੇਸ਼ ‘ਚ ਬਣੀ ਦਵਾਈ ਦੀ ਕੀਮਤ 2.5 ਲੱਖ ਰੁਪਏ ਹੋਵੇਗੀ। ਇਹ ਇਕ ਦੁਰਲੱਭ ਬਿਮਾਰੀ ਹੈ। ਇਕ ਲੱਖ ਦੀ ਆਬਾਦੀ ਵਿਚ ਇਕ ਮਰੀਜ਼ ਪਾਇਆ ਜਾਂਦਾ ਹੈ।
ਇਸੇ ਤਰ੍ਹਾਂ, ਆਯਾਤ ਕੀਤੀ ਜਾਣ ਵਾਲੀ ਐਲੀਗਲੂਸਟੈਟ ਕੈਪਸੂਲ ਦੀ ਸਾਲਾਨਾ ਖੁਰਾਕ ਦੀ ਕੀਮਤ 1.8 ਤੋਂ 3.6 ਕਰੋੜ ਰੁਪਏ ਹੈ। ਪਰ ਦੇਸ਼ ਵਿਚ ਬਣੀ ਇਸ ਦਵਾਈ ਦੀ ਕੀਮਤ ਤਿੰਨ ਤੋਂ ਛੇ ਲੱਖ ਰੁਪਏ ਹੋਵੇਗੀ। ਇਹ ਦਵਾਈ ਗੌਚਰ ਰੋਗ ਦੇ ਇਲਾਜ ਵਿਚ ਵਰਤੀ ਜਾਂਦੀ ਹੈ। ਅਧਿਕਾਰੀਆਂ ਮੁਤਾਬਕ ਟ੍ਰਾਈਨਟਾਈਨ ਕੈਪਸੂਲ ਦੀ ਦਰਾਮਦ ‘ਤੇ ਸਾਲਾਨਾ 2.2 ਕਰੋੜ ਰੁਪਏ ਖਰਚ ਹੁੰਦੇ ਹਨ, ਜੋ ਵਿਲਸਨ ਦੀ ਬੀਮਾਰੀ ਦੇ ਇਲਾਜ ‘ਚ ਵਰਤੇ ਜਾਂਦੇ ਹਨ। ਪਰ ਦੇਸ਼ ‘ਚ ਬਣੀ ਇਸ ਦਵਾਈ ‘ਤੇ ਸਿਰਫ 2.2 ਲੱਖ ਰੁਪਏ ਸਾਲਾਨਾ ਖਰਚ ਹੋਣਗੇ।
ਗ੍ਰੇਵਲ-ਲੇਨੌਕਸ ਗੈਸਟੌਟ ਸਿੰਡਰੋਮ ਦੇ ਇਲਾਜ ਵਿਚ ਵਰਤੀ ਜਾਣ ਵਾਲੀ ਦਵਾਈ ਕੈਨਾਬਿਡੀਓਲ ਦੀ ਦਰਾਮਦ ‘ਤੇ ਸਾਲਾਨਾ 7 ਤੋਂ 34 ਲੱਖ ਰੁਪਏ ਖਰਚ ਹੁੰਦੇ ਹਨ। ਪਰ ਦੇਸ਼ ਵਿਚ ਬਣੀ ਇਸ ਦੀ ਦਵਾਈ 1 ਲੱਖ ਤੋਂ 5 ਲੱਖ ਰੁਪਏ ਵਿਚ ਉਪਲਬਧ ਹੋਵੇਗੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਿਕਲ ਸੈੱਲ ਅਨੀਮੀਆ ਦੇ ਇਲਾਜ ਵਿਚ ਵਰਤੇ ਜਾਣ ਵਾਲੇ ਹਾਈਡ੍ਰੋਕਸੀਯੂਰੀਆ ਸੀਰਪ ਦੀ ਵਪਾਰਕ ਸਪਲਾਈ ਮਾਰਚ 2024 ਵਿਚ ਸ਼ੁਰੂ ਹੋਣ ਦੀ ਸੰਭਾਵਨਾ ਹੈ ਅਤੇ ਇਸ ਦੀ ਕੀਮਤ 405 ਰੁਪਏ ਪ੍ਰਤੀ ਸ਼ੀਸ਼ੀ ਹੋ ਸਕਦੀ ਹੈ।
ਫਿਲਹਾਲ ਇਸ ਦੀ 100 ਮਿਲੀਲੀਟਰ ਦੀ ਬੋਤਲ ਦੀ ਕੀਮਤ 840 ਡਾਲਰ ਯਾਨੀ 70,000 ਰੁਪਏ ਹੈ। ਇਹ ਸਾਰੀਆਂ ਦਵਾਈਆਂ ਹੁਣ ਤਕ ਭਾਰਤ ਵਿਚ ਨਹੀਂ ਬਣੀਆਂ ਸਨ। ਇਕ ਅਧਿਕਾਰੀ ਨੇ ਕਿਹਾ ਕਿ ਇਸ ਦਾ ਉਦੇਸ਼ ਘਰੇਲੂ ਕੰਪਨੀਆਂ ਨੂੰ ਦੁਰਲੱਭ ਬੀਮਾਰੀਆਂ ਦੇ ਇਲਾਜ ਵਿਚ ਵਰਤੀਆਂ ਜਾਣ ਵਾਲੀਆਂ ਜੈਨਰਿਕ ਦਵਾਈਆਂ ਬਣਾਉਣ ਲਈ ਉਤਸ਼ਾਹਿਤ ਕਰਨਾ ਹੈ।