ਬੰਦ ਹੋਣ ਦੀ ਕਗਾਰ ’ਤੇ 50 ਸਾਲ ਤੋਂ ਵੱਧ ਪੁਰਾਣੇ ਕਾਲਜ; ਪ੍ਰਾਈਵੇਟ ਯੂਨੀਵਰਸਿਟੀਆਂ ਦਾ ਰੁਖ ਕਰ ਰਹੇ ਵਿਦਿਆਰਥੀ
ਚੰਡੀਗੜ੍ਹ, 29 ਨਵੰਬਰ (ਰੋਜਾਨਾ ਸਪੋਕਸਮੈਨ)- ਪੰਜਾਬ ਯੂਨੀਵਰਸਿਟੀ (ਪੀ.ਯੂ.) ਨਾਲ ਸਬੰਧਤ ਕਈ ਕਾਲਜ ਬੰਦ ਹੋਣ ਦੀ ਕਗਾਰ ‘ਤੇ ਹਨ। ਇਹ ਕਾਲਜ 50 ਸਾਲਾਂ ਤੋਂ ਵੱਧ ਸਮੇਂ ਤੋਂ ਖੁੱਲ੍ਹੇ ਹੋਏ ਹਨ। ਇੰਨੇ ਪੁਰਾਣੇ ਅਤੇ ਪ੍ਰਸਿੱਧ ਹੋਣ ਦੇ ਬਾਵਜੂਦ ਕਾਲਜਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਵਿਚ ਕਾਫੀ ਕਮੀ ਆਈ ਹੈ। ਹੁਣ ਵਿਦਿਆਰਥੀ ਪ੍ਰਾਈਵੇਟ ਵਿਦਿਅਕ ਅਦਾਰਿਆਂ ਦਾ ਰੁਖ ਕਰ ਰਹੇ ਹਨ। ਪ੍ਰਾਈਵੇਟ ਕਾਲਜ ਜਾਂ ਯੂਨੀਵਰਸਿਟੀਆਂ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਲੋੜ ਅਨੁਸਾਰ ਕੋਰਸ ਅਤੇ ਸਹੂਲਤਾਂ ਪ੍ਰਦਾਨ ਕਰਦੀਆਂ ਹਨ। ਅਜਿਹੀ ਸਥਿਤੀ ਵਿਚ ਵਿਦਿਆਰਥੀ ਵੱਧ ਫੀਸਾਂ ਦੇਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਇਸ ਦੇ ਨਾਲ ਹੀ ਸਰਕਾਰੀ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਕਾਗਜ਼ੀ ਕਾਰਵਾਈ ਬਹੁਤ ਜ਼ਿਆਦਾ ਹੈ।
ਜਾਣਕਾਰੀ ਅਨੁਸਾਰ ਜੀ.ਐਚ.ਜੀ. ਖਾਲਸਾ ਕਾਲਜ ਗੁਰਸਰ ਸਾਦਰ, ਲੁਧਿਆਣਾ ਦੀ ਸਥਾਪਨਾ 1948 ਵਿਚ ਹੋਈ ਸੀ। ਡੀ.ਐਮ. ਕਾਲਜ ਦੀ ਸਥਾਪਨਾ 1953 ਵਿਚ ਹੋਈ ਸੀ। ਇਸੇ ਤਰ੍ਹਾਂ ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ 1921, ਆਰ.ਐਸ.ਡੀ. ਕਾਲਜ ਲੁਧਿਆਣਾ, ਮਾਲਵਾ ਕਾਲਜ ਬੌਂਦਲੀ ਸਮਰਾਲਾ ਦੀ ਸਥਾਪਨਾ 1965 ਵਿਚ ਹੋਈ ਸੀ।
ਪੰਜਾਬ ਵਿਚ ਸਥਾਪਤ ਕਈ ਪੁਰਾਣੇ ਕਾਲਜਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਇੰਨੀ ਘੱਟ ਗਈ ਹੈ ਕਿ ਉਨ੍ਹਾਂ ਨੂੰ ਚਲਦਾ ਰੱਖਣਾ ਬਹੁਤ ਮੁਸ਼ਕਲ ਹੋ ਗਿਆ ਹੈ। ਇਨ੍ਹਾਂ ਕਾਲਜਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਪਹਿਲਾਂ ਦੇ ਮੁਕਾਬਲੇ ਅੱਧੀ ਵੀ ਨਹੀਂ ਹੈ। ਹਰ ਵਿਭਾਗ ਨੂੰ ਚਲਾਉਣ ਲਈ ਫੈਕਲਟੀ ਦੀ ਤਨਖ਼ਾਹ, ਲੈਬ ਅਤੇ ਇਸ ਦੀ ਸਾਂਭ-ਸੰਭਾਲ ਬਹੁਤ ਜ਼ਰੂਰੀ ਹੈ, ਪਰ ਕਾਲਜ ਮੈਨੇਜਮੈਂਟ ਹੁਣ ਅਧਿਆਪਕਾਂ ਨੂੰ ਤਨਖ਼ਾਹ ਦੇਣ ਜਾਂ ਕਾਲਜ ਦੀ ਆਧੁਨਿਕ ਲੈਬ ਅਤੇ ਹੋਰ ਲੋੜਾਂ ਪੂਰੀਆਂ ਕਰਨ ਦੀ ਸਥਿਤੀ ਵਿਚ ਨਹੀਂ ਹੈ।
ਸਥਿਤੀ ਇਹ ਹੈ ਕਿ ਬਹੁਤ ਸਾਰੇ ਕੰਪਿਊਟਰ ਸਾਇੰਸ ਇੰਜਨੀਅਰਿੰਗ ਕੋਰਸ, ਜਿਨ੍ਹਾਂ ਦੀ ਮਾਰਕੀਟ ਵਿਚ ਬਹੁਤ ਜ਼ਿਆਦਾ ਮੰਗ ਹੈ ਅਤੇ ਵਿਦਿਆਰਥੀਆਂ ਲਈ ਨਾਮੀ ਸੰਸਥਾਵਾਂ ਜਾਂ ਯੂਨੀਵਰਸਿਟੀਆਂ ਵਿਚ ਦਾਖਲਾ ਲੈਣਾ ਮੁਸ਼ਕਲ ਹੋ ਜਾਂਦਾ ਹੈ। ਅਜਿਹੀ ਸਥਿਤੀ ਵਿਚ ਇੰਜੀਨੀਅਰਿੰਗ ਅਤੇ ਹੋਰ ਵੱਡੇ ਕੋਰਸਾਂ ਵਿਚ ਦਾਖਲਾ ਲੈਣ ਲਈ ਸ਼ਾਇਦ ਹੀ 10 ਜਾਂ 15 ਵਿਦਿਆਰਥੀ ਉਕਤ ਕਾਲਜਾਂ ਵਿਚ ਪਹੁੰਚਦੇ ਹਨ। ਵੱਖ-ਵੱਖ ਸੈਕਸ਼ਨਾਂ ਵਿਚ ਸੀਟਾਂ ਖਾਲੀ ਰਹਿੰਦੀਆਂ ਹਨ।
ਡੀ.ਸੀ.ਡੀ.ਸੀ. ਸੰਜੇ ਕੌਸ਼ਿਕ ਨੇ ਦਸਿਆ ਕਿ ਇਸ ਸਾਲ ਵਿਦਿਆਰਥੀਆਂ ਦੀ ਗਿਣਤੀ ਡਿਗਰੀ ਕਾਲਜਾਂ ਵਿਚ ਵਧੀ ਹੈ। ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿਚ ਹੋਰ ਵਧੇਗੀ ਪਰ ਵਿਦਿਆਰਥੀਆਂ ਦੀ ਗਿਣਤੀ ਘਟਣ ਦਾ ਸੱਭ ਤੋਂ ਵੱਡਾ ਕਾਰਨ ਪ੍ਰਾਈਵੇਟ ਯੂਨੀਵਰਸਿਟੀਆਂ ਦਾ ਖੁੱਲ੍ਹਣਾ ਹੈ। ਸੀਨੇਟਰ ਪ੍ਰੋ. ਇੰਦਰਪਾਲ ਸਿੱਧੂ ਦਾ ਕਹਿਣਾ ਹੈ ਕਿ ਨਿੱਜੀ ਯੂਨੀਵਰਸਿਟੀਆਂ ਖੁੱਲ੍ਹ ਰਹੀਆਂ ਹਨ, ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ।