ਬਾਹਰੀ ਹਾਰ ਦਾ ਗੁੱਸਾ ਕੱਢਣ ਲਈ ਲੋਕਤੰਤਰ ਦੇ ਮੰਦਰ ਨੂੰ ਮੰਚ ਨਾ ਬਣਾਇਆ ਜਾਵੇ: ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਨਵੀਂ ਦਿੱਲੀ, 4 ਦਸੰਬਰ (ਡੇਲੀ ਪੋਸਟ ਪੰਜਾਬੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਵਿਰੋਧੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਸੰਸਦ ਦੇ ਸਰਦ ਰੁੱਤ ਇਜਲਾਸ ਵਿਚ ਉਹ ਵਿਧਾਨ ਸਭਾ ਚੋਣਾਂ ਵਿਚ ਮਿਲੀ ਹਾਰ ‘ਤੇ ਅਪਣਾ ਗੁੱਸਾ ਨਾ ਜ਼ਾਹਰ ਕਰਨ ਸਗੋਂ ਇਸ ਤੋਂ ਸਬਕ ਲੈ ਕੇ ਨਕਾਰਾਤਮਕਤਾ ਨੂੰ ਪਿੱਛੇ ਛੱਡ ਸਕਾਰਾਤਮਕ ਰਵੱਈਏ ਨਾਲ ਅੱਗੇ ਵਧਣ।
ਇਜਲਾਸ ਦੇ ਪਹਿਲੇ ਦਿਨ ਮੀਡੀਆ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਜੇਕਰ ਵਿਰੋਧੀ ਪਾਰਟੀਆਂ ‘ਵਿਰੋਧ ਦੀ ਖਾਤਰ ਵਿਰੋਧ’ ਦਾ ਤਰੀਕਾ ਛੱਡ ਕੇ ਦੇਸ਼ ਦੇ ਹਿੱਤ ਵਿਚ ਹਾਂ-ਪੱਖੀ ਗੱਲਾਂ ਦਾ ਸਮਰਥਨ ਕਰਨ ਤਾਂ ਦੇਸ਼ ਦੇ ਮਨ ਵਿਚ ਉਨ੍ਹਾਂ ਪ੍ਰਤੀ ਅੱਜ ਜੋ ਨਫ਼ਰਤ ਹੈ, ਉਹ ਸਕਦਾ ਹੈ ਕਿ ਉਹ ਮੁਹੱਬਤ ਵਿਚ ਬਦਲ ਜਾਵੇ।
ਚਾਰ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੂੰ ‘ਬਹੁਤ ਉਤਸ਼ਾਹਜਨਕ’ ਦੱਸਦੇ ਹੋਏ ਉਨ੍ਹਾਂ ਕਿਹਾ, ‘ਦੇਸ਼ ਨੇ ਨਕਾਰਾਤਮਕਤਾ ਨੂੰ ਨਕਾਰ ਦਿਤਾ ਹੈ। ਸੈਸ਼ਨ ਦੀ ਸ਼ੁਰੂਆਤ ਵਿਚ ਅਸੀਂ ਅਪਣੇ ਵਿਰੋਧੀ ਸਾਥੀਆਂ ਨਾਲ ਚਰਚਾ ਕੀਤੀ। ਸਾਡੀ ਟੀਮ ਉਨ੍ਹਾਂ ਨਾਲ ਚਰਚਾ ਕਰਦੀ ਹੈ। ਅਸੀਂ ਹਮੇਸ਼ਾ ਸਾਰਿਆਂ ਦੇ ਸਹਿਯੋਗ ਲਈ ਅਰਦਾਸ ਕਰਦੇ ਹਾਂ। ਇਸ ਵਾਰ ਵੀ ਇਸ ਤਰ੍ਹਾਂ ਦੀਆਂ ਸਾਰੀਆਂ ਪ੍ਰਕਿਰਿਆਵਾਂ ਕੀਤੀਆਂ ਗਈਆਂ ਹਨ।”
ਮੋਦੀ ਨੇ ਕਿਹਾ, ”ਮੈਂ ਹਮੇਸ਼ਾ ਅਪਣੇ ਸਾਰੇ ਸੰਸਦ ਮੈਂਬਰਾਂ ਨੂੰ ਜਨਤਕ ਤੌਰ ‘ਤੇ ਅਪੀਲ ਕਰਦਾ ਹਾਂ ਕਿ ਲੋਕਤੰਤਰ ਦਾ ਇਹ ਮੰਦਰ ਲੋਕਾਂ ਦੀਆਂ ਉਮੀਦਾਂ ਅਤੇ ਵਿਕਸਿਤ ਭਾਰਤ ਦੇ ਨਵੇਂ ਰਸਤੇ ਨੂੰ ਮਜ਼ਬੂਤ ਕਰਨ ਲਈ ਬਹੁਤ ਮਹੱਤਵਪੂਰਨ ਪਲੇਟਫਾਰਮ ਹੈ। ਮੈਂ ਸਾਰੇ ਸੰਸਦ ਮੈਂਬਰਾਂ ਨੂੰ ਬੇਨਤੀ ਕਰ ਰਿਹਾ ਹਾਂ ਕਿ ਉਹ ਵੱਧ ਤੋਂ ਵੱਧ ਤਿਆਰੀ ਨਾਲ ਆਉਣ ਅਤੇ ਸਦਨ ਵਿਚ ਜੋ ਵੀ ਬਿੱਲ ਰੱਖੇ ਜਾਂਦੇ ਹਨ, ਉਸ ‘ਤੇ ਡੂੰਘਾਈ ਨਾਲ ਚਰਚਾ ਕਰਨ।”
ਉਨ੍ਹਾਂ ਕਿਹਾ ਕਿ ਜਦੋਂ ਕੋਈ ਸੰਸਦ ਮੈਂਬਰ ਸੁਝਾਅ ਦਿੰਦਾ ਹੈ ਤਾਂ ਉਸ ਵਿਚ ਜ਼ਮੀਨੀ ਤਜ਼ਰਬੇ ਦਾ ਸ਼ਾਨਦਾਰ ਤੱਤ ਹੁੰਦਾ ਹੈ। ਪਰ ਜਦੋਂ ਕੋਈ ਚਰਚਾ ਨਹੀਂ ਹੁੰਦੀ ਤਾਂ ਦੇਸ਼ ਦਾ ਨੁਕਸਾਨ ਹੁੰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, ”ਜੇਕਰ ਮੈਂ ਮੌਜੂਦਾ ਚੋਣ ਨਤੀਜਿਆਂ ਦੇ ਆਧਾਰ ‘ਤੇ ਕਹਾਂ ਤਾਂ ਵਿਰੋਧੀ ਧਿਰ ‘ਚ ਬੈਠੇ ਮੇਰੇ ਦੋਸਤਾਂ ਲਈ ਇਹ ਸੁਨਹਿਰੀ ਮੌਕਾ ਹੈ। ਇਸ ਸੈਸ਼ਨ ਵਿਚ ਹਾਰ ਦਾ ਗੁੱਸਾ ਕੱਢਣ ਦੀ ਯੋਜਨਾ ਬਣਾਉਣ ਦੀ ਬਜਾਏ ਜੇਕਰ ਅਸੀਂ ਇਸ ਹਾਰ ਤੋਂ ਸਬਕ ਸਿੱਖ ਕੇ ਪਿਛਲੇ 9 ਸਾਲਾਂ ਤੋਂ ਚੱਲੀ ਆ ਰਹੀ ਨਾਕਾਰਾਤਮਕਤਾ ਦੇ ਰੁਝਾਨ ਨੂੰ ਛੱਡ ਕੇ ਇਸ ਸੈਸ਼ਨ ਵਿਚ ਸਕਾਰਾਤਮਕਤਾ ਨਾਲ ਅੱਗੇ ਵਧੀਏ ਤਾਂ ਸਾਰਿਆਂ ਦਾ ਭਵਿੱਖ ਉਜਵਲ ਹੈ”।
ਪ੍ਰਧਾਨ ਮੰਤਰੀ ਨੇ ਵਿਰੋਧੀ ਪਾਰਟੀਆਂ ਨੂੰ ਸੰਸਦ ਦੇ ਸੈਸ਼ਨ ਵਿਚ ਸਹਿਯੋਗ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਦੇਸ਼ ਨੂੰ ਸਕਾਰਾਤਮਕਤਾ ਦਾ ਸੰਦੇਸ਼ ਦੇਣ ਵਿਚ ਹੀ ਉਨ੍ਹਾਂ ਦੀ ਭਲਾਈ ਹੈ। ਉਨ੍ਹਾਂ ਕਿਹਾ, ”ਜੇਕਰ ਤੁਹਾਡੀ ਤਸਵੀਰ ਨਫ਼ਰਤ ਅਤੇ ਨਕਾਰਾਤਮਕਤਾ ਵਾਲੀ ਬਣ ਜਾਂਦੀ ਹੈ ਤਾਂ ਇਹ ਲੋਕਤੰਤਰ ਲਈ ਚੰਗਾ ਨਹੀਂ ਹੈ। ਲੋਕਤੰਤਰ ਵਿਚ ਵਿਰੋਧੀ ਧਿਰ ਵੀ ਮਹੱਤਵਪੂਰਨ ਅਤੇ ਕੀਮਤੀ ਹੈ। ਉਹ ਵੀ ਮਜ਼ਬੂਤ ਹੋਣਾ ਚਾਹੀਦਾ ਹੈ”।