ਲੱਖਾਂ ਰੁ: ਦੀ ਪਰਾਲੀ ਨੂੰ ਲੱਗੀ ਅੱ.ਗ, ਪਾਣੀ ਦੀ ਟੈਂਕੀ ਤੇ ਹੋਰ ਸਾਮਾਨ ਹੋਇਆ ਸ.ੜ ਕੇ ਸੁਆਹ
ਕਪੂਰਥਲਾ, 4 ਦਸੰਬਰ (ਡੇਲੀ ਪੋਸਟ ਪੰਜਾਬੀ)- ਕਪੂਰਥਲਾ ਦੇ ਸੁਲਤਾਨਪੁਰ ਲੋਧੀ ਇਲਾਕੇ ਦੇ ਪਿੰਡ ਜੱਬੋਵਾਲ ‘ਚ ਸੋਮਵਾਰ ਸਵੇਰੇ ਵੱਡੀ ਮਾਤਰਾ ‘ਚ ਇਕੱਠੀ ਹੋਈ ਲੱਖਾਂ ਰੁਪਏ ਦੀ ਪਰਾਲੀ ਨੂੰ ਅਚਾਨਕ ਅੱਗ ਲੱਗ ਗਈ। ਜਿਸ ਵਿੱਚ ਪਰਾਲੀ ਨਾਲ ਭਰੀਆਂ ਦੋ ਟਰਾਲੀਆਂ, ਇੱਕ ਪਾਣੀ ਵਾਲੀ ਟੈਂਕੀ ਅਤੇ ਹੋਰ ਸਾਮਾਨ ਵੀ ਨਸ਼ਟ ਹੋ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਜਿਨ੍ਹਾਂ ਨੇ ਸਖ਼ਤ ਮਿਹਨਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ।
ਪਿੰਡ ਨਸੀਰਪੁਰ ਦੇ ਰਹਿਣ ਵਾਲੇ ਕਿਸਾਨ ਰਣਜੀਤ ਸਿੰਘ ਨੇ ਪਿੰਡ ਜੱਬੋਵਾਲ ਵਿੱਚ ਇੱਕ ਥਾਂ ’ਤੇ ਪਰਾਲੀ ਦਾ ਸਟਾਕ ਰੱਖਿਆ ਹੋਇਆ ਸੀ। ਜਿਸ ਵਿੱਚ 700 ਏਕੜ ਦੇ ਕਰੀਬ ਨਾੜ ਨੂੰ ਗੰਢਾਂ ਵਿੱਚ ਰੱਖਿਆ ਹੋਇਆ ਸੀ। ਉਹ ਪਰਾਲੀ ਵੇਚਣ ਦਾ ਕੰਮ ਕਰਦਾ ਹੈ। ਸੋਮਵਾਰ ਸਵੇਰੇ ਅਚਾਨਕ ਪਰਾਲੀ ਨੂੰ ਅੱਗ ਲੱਗ ਗਈ। ਸੂਚਨਾ ਮਿਲਣ ਤੋਂ ਬਾਅਦ ASI ਲਖਵੀਰ ਸਿੰਘ ਦੀ ਟੀਮ ਅਤੇ ਫਾਇਰ ਬ੍ਰਿਗੇਡ ਨੇ ਅੱਗ ‘ਤੇ ਕਾਬੂ ਪਾਉਣ ਦੇ ਯਤਨ ਕੀਤੇ। ਪਿੰਡ ਵਾਸੀ ਵੀ ਮਦਦ ਲਈ ਅੱਗੇ ਆਏ। ਇਸ ਤੋਂ ਬਾਅਦ ਅੱਗ ਬੁਝਾਈ ਗਈ।
ਰਣਜੀਤ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਦਦ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਇਸ ਅੱਗ ਦੀ ਘਟਨਾ ਵਿੱਚ ਉਨ੍ਹਾਂ ਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋਇਆ ਹੈ। ਉਸ ਨੇ ਕਰਜ਼ਾ ਲੈ ਕੇ 60-65 ਲੱਖ ਰੁਪਏ ਖਰਚ ਕੇ ਕਰੀਬ 700 ਏਕੜ ਜ਼ਮੀਨ ਦੀ ਪਰਾਲੀ ਖਰੀਦ ਕੇ ਗੰਢਾਂ ਵਿੱਚ ਰੱਖਿਆ ਸੀ। ਉਨ੍ਹਾਂ ਪ੍ਰਸ਼ਾਸਨ ਤੋਂ ਆਰਥਿਕ ਮਦਦ ਦੀ ਅਪੀਲ ਕੀਤੀ ਹੈ।