ਪੰਜਾਬ ‘ਚ ਠੰਢ ਨੇ ਕੱਢੇ ਵੱਟ, ਮੌਸਮ ਵਿਭਾਗ ਵੱਲੋਂ 18 ਜ਼ਿਲ੍ਹਿਆਂ ਲਈ 24 ਦਸੰਬਰ ਤੱਕ ਯੈਲੋ ਅਲਰਟ ਜਾਰੀ
ਚੰਡੀਗੜ੍ਹ, 21 ਦਸੰਬਰ (ਡੇਲੀ ਪੋਸਟ ਪੰਜਾਬੀ)- ਪੰਜਾਬ ਵਿਚ ਦਿਨੋ-ਦਿਨ ਠੰਡ ਵਧਦੀ ਜਾ ਰਹੀ ਹੈ। ਠੰਡ ਦੇ ਨਾਲ-ਨਾਲ ਸੰਘਣੀ ਧੁੰਦ ਕਾਰਨ ਵੀ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੁੱਧਵਾਰ ਨੂੰ ਪਟਿਆਲਾ ਤੇ ਲੁਧਿਆਣਾ ਵਿੱਚ ਤਾਪਮਾਨ ਆਮ ਨਾਲੋਂ ਹੇਠਾਂ ਰਿਹਾ। ਲੁਧਿਆਣਾ ਦਾ ਦਿਨ ਦਾ ਤਾਪਮਾਨ ਆਮ ਨਾਲੋਂ 1.0 ਡਿਗਰੀ ਘੱਟ ਤੇ ਰਾਤ ਦਾ ਤਾਪਮਾਨ ਆਮ ਨਾਲੋਂ 1.4 ਡਿਗਰੀ ਘੱਟ ਦਰਜ ਕੀਤਾ ਗਿਆ, ਜਦਕਿ ਪਟਿਆਲਾ ਦਾ ਘੱਟੋ-ਘੱਟ ਤਾਪਮਾਨ ਆਮ ਨਾਲੋਂ 1.7 ਡਿਗਰੀ ਘੱਟ ਸੀ।
ਮੌਸਮ ਵਿਭਾਗ ਵੱਲੋਂ ਪੰਜਾਬ ਦੇ 18 ਜ਼ਿਲ੍ਹਿਆਂ ਲਈ 21 ਤੋਂ 24 ਦਸੰਬਰ ਤੱਕ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤਹਿਤ ਇਨ੍ਹਾਂ ਜ਼ਿਲ੍ਹਿਆਂ ਵਿੱਚ ਸਵੇਰ ਤੇ ਸ਼ਾਮ ਨੂੰ ਸੰਘਣੀ ਧੁੰਦ ਛਾਈ ਰਹੇਗੀ। ਵਿਭਾਗ ਮੁਤਾਬਕ ਰਾਤ ਦੇ ਤਾਪਮਾਨ ਵਿੱਚ ਦੋ ਤੋਂ ਤਿੰਨ ਡਿਗਰੀ ਦੀ ਗਿਰਾਵਟ ਆ ਸਕਦੀ ਹੈ। 23 ਦਸੰਬਰ ਨੂੰ ਮਾਝਾ ਤੇ ਦੁਆਬਾ ਖੇਤਰ ਦੇ ਜ਼ਿਲ੍ਹਿਆਂ ਵਿੱਚ ਕੁਝ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਾਰਸ਼ ਦੀ ਭਵਿੱਖਬਾਣੀ ਕੀਤੀ ਹੈ।
ਮੌਸਮ ਵਿਭਾਗ ਮੁਤਾਬਕ ਬੁੱਧਵਾਰ ਨੂੰ ਪੰਜਾਬ ਦੇ ਘੱਟੋ-ਘੱਟ ਤਾਪਮਾਨ ‘ਚ 0.3 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਫਤਿਹਗੜ੍ਹ ਸਾਹਿਬ ਦਾ ਸਭ ਤੋਂ ਘੱਟ ਤਾਪਮਾਨ 3.7 ਡਿਗਰੀ ਰਿਹਾ। ਇਸ ਤੋਂ ਇਲਾਵਾ ਅੰਮ੍ਰਿਤਸਰ ‘ਚ ਰਾਤ ਦਾ ਤਾਪਮਾਨ 4.3 ਡਿਗਰੀ, ਲੁਧਿਆਣਾ ‘ਚ 5.1 ਡਿਗਰੀ, ਪਟਿਆਲਾ ‘ਚ 5.4 ਡਿਗਰੀ, ਪਠਾਨਕੋਟ ‘ਚ 5.9 ਡਿਗਰੀ, ਬਠਿੰਡਾ ‘ਚ 6.0 ਡਿਗਰੀ, ਫਰੀਦਕੋਟ ‘ਚ 5.6 ਡਿਗਰੀ, ਗੁਰਦਾਸਪੁਰ ‘ਚ 5.0 ਡਿਗਰੀ, ਐਸਬੀਐਸ ਨਗਰ ‘ਚ 6.0 ਡਿਗਰੀ ਤੇ ਬਰਨਾਲਾ ‘ਚ 7.3 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।