ਪੰਜਾਬ ਦੇ 13% ਸਕੂਲਾਂ ‘ਚ ਸਿਰਫ਼ 1 ਮਾਸਟਰ, ਰਿਪੋਰਟ ‘ਚ ਹੋਰ ਵੀ ਵੱਡੇ ਖੁਲਾਸੇ, ਮਹਿਲਾ ਟੀਚਰਾਂ ਦਾ ਕੀ ਹੈ ਯੋਗਦਾਨ
ਚੰਡੀਗੜ੍ਹ, 24 ਜਨਵਰੀ (ਏਬੀਪੀ ਸਾਂਝਾ)- ਦੇਸ਼ ਵਿੱਚ ਸਕੂਲਾਂ ਦਾ ਪੱਧਰ ਕਿਸ ਤਰ੍ਹਾਂ ਹੈ ਇਸ ਨੂੰ ਲੈ ਕੇ ਇੱਕ ਰਿਪੋਰਟ ‘ਚ ਖੁਲਾਸਾ ਹੋਇਆ ਹੈ। ਇਹ ਰਿਪੋਰਟ ਵਿੱਚ ਪੰਜਾਬ ਦੇ ਸਕੂਲਾਂ ਦਾ ਜਿਕਰ ਕੀਤਾ ਗਿਆ ਹੈ। ਟਾਟਾ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਿਜ਼ ਦੇ ਸੈਂਟਰ ਆਫ਼ ਐਕਸੀਲੈਂਸ ਵੱਲੋਂ ਇਹ ਰਿਪੋਰਟ ਤਿਆਰ ਕੀਤੀ ਗਈ ਹੈ।
ਸਰਵੇਖਣ ਵਿੱਚ 422 ਸਕੂਲਾਂ, 3615 ਅਧਿਆਪਕਾਂ, 422 ਮੁੱਖ ਅਧਿਆਪਕ, 68 ਸਿੱਖਿਆ ਸੰਸਥਾਵਾਂ ਅਤੇ ਬੀ.ਐੱਡ ਦੀ ਪੜ੍ਹਾਈ ਕਰ ਰਹੇ 1481 ਵਿਦਿਆਰਥੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਉਹਨਾ ਦੇ ਆਧਾਰ ‘ਤੇ ਇਹ ਰਿਪੋਰਟ ਜਾਰੀ ਹੋਈ ਹੈ।
ਇਸ ਵਿੱਚ ਦੱਸਿਆ ਗਿਆ ਹੈ ਕਿ ਪੰਜਾਬ ਵਿੱਚ 29 ਵਿਦਿਆਰਥੀਆਂ ਨੂੰ ਪੜ੍ਹਾਉਣ ਲਈ 1 ਅਧਿਆਪਕ ਉਪਲਬਧ ਹੈ। ਇਸ ਦੇ ਨਾਲ ਹੀ 13 ਫ਼ੀਸਦੀ ਪੰਜਾਬ ਦੇ ਸਰਕਾਰੀ ਸਕੂਲ ਅਜਿਹੇ ਹਨ ਜਿੱਥੇ ਸਿਰਫ਼ ਇੱਕ ਅਧਿਆਪਕ ਹੀ ਸਕੂਲ ਚਲਾ ਰਿਹਾ ਹੈ। ਜੇਕਰ ਦੂਜੇ ਰਾਜਾਂ ‘ਤੇ ਨਜ਼ਰ ਮਾਰੀਏ ਤਾਂ ਚੰਡੀਗੜ੍ਹ ਅਤੇ ਦਿੱਲੀ ‘ਚ ਸਿੰਗਲ ਟੀਚਰ ਵਾਲਾ ਇੱਕ ਵੀ ਸਰਕਾਰੀ ਸਕੂਲ ਨਹੀਂ ਹੈ।
ਬਿਹਾਰ ਵਿੱਚ ਵੀ ਸਿਰਫ਼ 7 ਫ਼ੀਸਦੀ ਅਤੇ ਹਰਿਆਣਾ ਵਿੱਚ ਸਿਰਫ਼ 5.6 ਫ਼ੀਸਦੀ ਅਜਿਹੇ ਸਕੂਲ ਹਨ, ਜਿੱਥੇ ਇੱਕ ਅਧਿਆਪਕ ਹੀ ਵਿਦਿਆਰਥੀਆਂ ਨੂੰ ਪੜ੍ਹਾ ਰਿਹਾ ਹੈ। ਇਸ ਤੋਂ ਇਲਾਵਾ 89 ਫੀਸਦੀ ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਕੋਲ ਪੜ੍ਹਾਉਣ ਲਈ ਲੋੜੀਂਦੀ ਯੋਗਤਾ ਨਹੀਂ ਹੈ।
ਟਾਟਾ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਿਜ਼ ਦੇ ਸੈਂਟਰ ਆਫ਼ ਐਕਸੀਲੈਂਸ ਦੁਆਰਾ ਜਾਰੀ ਕੀਤੀ ਗਈ ਸਟੇਟ ਆਫ਼ ਟੀਚਰਜ਼, ਟੀਚਿੰਗ ਐਂਡ ਟੀਚਰ ਐਜੂਕੇਸ਼ਨ ਇਨ ਇੰਡੀਆ -2023 ਰਿਪੋਰਟ ਵਿੱਚ ਇਹ ਖੁਲਾਸਾ ਹੋਇਆ ਹੈ। ਸਰਵੇਖਣ ਕੀਤੇ ਗਏ ਅੱਠ ਸੂਬਿਆਂ ਵਿੱਚ ਪੰਜਾਬ ਤੋਂ ਇਲਾਵਾ ਅਸਾਮ, ਬਿਹਾਰ, ਛੱਤੀਸਗੜ੍ਹ, ਕਰਨਾਟਕ, ਮਹਾਰਾਸ਼ਟਰ, ਮਿਜ਼ੋਰਮ ਅਤੇ ਤੇਲੰਗਾਨਾ ਵੀ ਸ਼ਾਮਲ ਹਨ।
ਪੰਜਾਬ ਵਿੱਚ 75 ਫੀਸਦੀ ਔਰਤਾਂ ਟੀਚਿੰਗ ਦਾ ਕੰਮ ਕਰ ਰਹੀਆਂ ਹਨ। ਭਾਵੇਂ ਟੀਚਿੰਗ ਵਿੱਚ ਔਰਤਾਂ ਦਾ ਅਨੁਪਾਤ ਜ਼ਿਆਦਾ ਹੈ ਪਰ ਜੇਕਰ ਸਕੂਲ ਮੁਖੀ ਵਜੋਂ ਜ਼ਿੰਮੇਵਾਰੀ ਨੂੰ ਦੇਖੀਏ ਤਾਂ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਸਿਰਫ਼ 33 ਫ਼ੀਸਦੀ ਸਕੂਲ ਮੁਖੀ ਔਰਤਾਂ ਹਨ।
ਜਦੋਂ ਕਿ ਪ੍ਰਾਈਵੇਟ ਸਕੂਲਾਂ ਵਿੱਚ 46 ਫੀਸਦੀ ਮੁਖੀ ਔਰਤਾਂ ਹਨ। ਏਡਿਡ ਸਕੂਲਾਂ ਵਿੱਚ 80 ਫੀਸਦੀ ਪ੍ਰਿੰਸੀਪਲ ਔਰਤਾਂ ਹਨ। ਏਡਿਡ ਟੀਚਿੰਗ ਵਿੱਚ 95 ਫੀਸਦੀ ਮਹਿਲਾ ਅਧਿਆਪਕ ਹਨ, ਇਸ ਤੋਂ ਇਲਾਵਾ ਸਰਕਾਰੀ ਸਕੂਲਾਂ ਵਿੱਚ 71 ਫੀਸਦ, ਪ੍ਰਾਈਵੇਟ ਸਕੂਲਾਂ ਵਿੱਚ 89 ਫੀਸਦੀ ਅਤੇ ਪੇਂਡੂ ਖੇਤਰਾਂ ਅਧੀਨ ਅਉਂਦੇ ਸਕੂਲਾਂ 80 ਫੀਸਦੀ ਔਰਤਾਂ ਪੜ੍ਹਾ ਰਹੀਆਂ ਹਨ।
ਦੇਸ਼ ਵਿੱਚ ਗਣਿਤ ਪੜ੍ਹਾਉਣ ਵਾਲੇ ਅਧਿਆਪਕਾਂ ਵਿੱਚੋਂ 41 ਫ਼ੀਸਦੀ ਅਜਿਹੇ ਹਨ ਜਿਨ੍ਹਾਂ ਨੇ ਗ੍ਰੈਜੂਏਸ਼ਨ ਵਿੱਚ ਗਣਿਤ ਨਹੀਂ ਪੜ੍ਹਿਆ ਹੈ। ਅੱਠ ਸੂਬਿਆਂ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ, ਗਣਿਤ ਦੇ 35 ਤੋਂ 41 ਫੀਸਦ ਅਧਿਆਪਕਾਂ ਨੇ ਗ੍ਰੈਜੂਏਸ਼ਨ ਗਣਿਤ ਵਿਸ਼ੇ ਵਿੱਚ ਨਹੀਂ ਕੀਤੀ।
ਸਰਵੇ ਵਿੱਚ ਪਾਇਆ ਗਿਆ ਕਿ ਅਧਿਆਪਕ ਭਰਤੀ ਵਿੱਚ ਵੱਖ-ਵੱਖ ਵਿਸ਼ਿਆਂ ਦੇ ਅਧਿਆਪਕਾਂ ਦੀ ਲੋੜ ਹੁੰਦੀ ਹੈ ਜਿਸ ਵਿੱਚ ਗਣਿਤ ਲਈ 35 ਫੀਸਦੀ ਮਾਸਟਰਾਂ ਦੀ ਜ਼ਰੂਰਤ ਹੈ। ਇਸ ਤੋਂ ਬਾਅਦ ਅੰਗਰੇਜ਼ੀ ਲਈ 31 ਫੀਸਦੀ ਅਧਿਆਪਕ ਅਤੇ ਖੇਤਰੀ ਭਾਸ਼ਾਵਾਂ ਪੜ੍ਹਾਉਣ ਲਈ 30 ਫੀਸਦੀ ਯੋਗ ਅਧਿਆਪਕਾਂ ਦੀ ਲੋੜ ਹੈ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਾਰੇ ਸੂਬਿਆਂ ਵਿੱਚ ਪ੍ਰਾਇਮਰੀ ਜਮਾਤਾਂ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਵਿੱਚੋਂ ਸਿਰਫ਼ 46 ਫ਼ੀਸਦੀ ਅਧਿਆਪਕਾਂ ਕੋਲ ਢੁਕਵੀਂ ਯੋਗਤਾ ਪਾਈ ਗਈ ਹੈ। ਰਿਪੋਰਟ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਸਰੀਰਕ ਸਿੱਖਿਆ, ਸੰਗੀਤ ਅਤੇ ਕਲਾ ਵਰਗੇ ਵਿਸ਼ਿਆਂ ਲਈ ਅਧਿਆਪਕਾਂ ਦੀ ਭਾਰੀ ਘਾਟ ਹੈ। ਸਰਕਾਰੀ ਸਕੂਲਾਂ ਵਿੱਚ 36 ਫੀਸਦ ਅਤੇ ਪ੍ਰਾਈਵੇਟ ਸਕੂਲਾਂ ਵਿੱਚ 65 ਫੀਸਦ ਸਰੀਰਕ ਸਿੱਖਿਆ ਅਧਿਆਪਕਾਂ ਦੀ ਜ਼ਰੂਰਤ ਹੈ।