ਮੁਅੱਤਲ AIG ਮਾਲਵਿੰਦਰ ਦੀਆਂ ਵਧੀਆਂ ਮੁਸ਼ਕਿਲਾਂ, ਇਕ ਹੋਰ ਮਾਮਲਾ ਹੋਇਆ ਦਰਜ
ਮੋਹਾਲੀ, 31 ਜਨਵਰੀ (ਰੋਜਾਨਾ ਸਪੋਕਸਮੈਨ)- ਮੁਹਾਲੀ ਪੁਲਿਸ ਵਲੋਂ ਪੰਜਾਬ ਪੁਲਿਸ ਦੇ ਚਰਚਿਤ ਅਧਿਕਾਰੀ (ਮੁਅੱਤਲ ਏ.ਆਈ.ਜੀ ਮਾਲਵਿੰਦਰ ਸਿੰਘ ਸਿੱਧੂ) ਨੂੰ ਸਰਕਾਰੀ ਅਧਿਕਾਰੀਆਂ ਤੋਂ ਰਿਸ਼ਵਤ ਲੈਣ ਲਈ ਬਲੈਕਮੇਲ ਕਰਨ ਦੇ ਮਾਮਲੇ ਵਿਚ ਨਾਮਜ਼ਦ ਕਰ ਕੇ ਉਸ ਸਮੇਤ ਤਿੰਨ ਵਿਰੁਧ ਧਾਰਾ-384, 120ਬੀ, ਕੁਰੱਪਸ਼ਨ ਐਕਟ 7 ਅਤੇ 12 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਥਾਣਾ ਫ਼ੇਜ਼-8 ਦੀ ਪੁਲਿਸ ਵਲੋਂ ਦਰਜ ਕੀਤੇ ਇਸ ਨਵੇਂ ਮਾਮਲੇ ’ਚ ਮਾਲਵਿੰਦਰ ਸਿੰਘ ਸਿੱਧੂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਗ੍ਰਿਫ਼ਤਾਰ ਕਰਨ ਉਪਰੰਤ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਥੇ ਉਸ ਨੂੰ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿਤਾ ਗਿਆ।
ਜਾਣਕਾਰੀ ਅਨੁਸਾਰ ਪੁਲਿਸ ਵਲੋਂ ਏ.ਆਈ. ਜੀ ਮਾਲਵਿੰਦਰ ਸਿੰਘ ਕੋਲੋਂ (ਵਿਜੀਲੈਂਸ ਦਫ਼ਤਰ ਵਿਚ ਹੋਏ ਹੰਗਾਮੇ ਮੌਕੇ) ਇਕ ਰਿਕਾਰਡਰ ਹਾਸਲ ਕੀਤਾ ਗਿਆ ਸੀ ਜਿਸ ਨੂੰ ਜਾਂਚ ਲਈ ਫ਼ਰੈਂਸਿਕ ਸਾਇੰਸ ਲੈਬਾਰਟਰੀ ਵਿਖੇ ਭੇਜਿਆ ਗਿਆ ਸੀ। ਇਸ ਸਬੰਧੀ ਮੁਹਾਲੀ ਪੁਲਿਸ ਮਾਲਵਿੰਦਰ ਸਿੰਘ ਸਿੱਧੂ ਦੀ ਆਵਾਜ਼ ਦੀ ਸੈਂਪਲਿੰਗ ਵੀ ਕਰਵਾਉਣ ਜਾ ਰਹੀ ਹੈ।