ਭੰਗੜੇ ਦੌਰਾਨ ਸਟੇਜ ‘ਤੇ ਪੱਗ ਲਾਹ ਕੇ ਰੱਖਣ ਵਾਲੇ ਨੌਜਵਾਨ ਨੇ ਗੁਰੂ ਸਾਹਿਬ ਅੱਗੇ ਮੰਗੀ ਮੁਆਫ਼ੀ
ਅੰਮ੍ਰਿਤਸਰ, 12 ਅਪ੍ਰੈਲ (ਜਗਬਾਣੀ) ਭੰਗੜਾ ਮੁਕਾਬਲੇ ਦੌਰਾਨ ਪੱਗ ਉਤਾਰ ਕੇ ਸਟੇਜ ‘ਤੇ ਰੱਖਣ ਵਾਲੇ ਨੌਜਵਾਨ ਨੇ ਮੁਆਫ਼ੀ ਮੰਗ ਲਈ ਹੈ। ਉਕਤ ਨੌਜਵਾਨ ਨਰੈਣ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋਇਆ ਅਤੇ ਆਪਣੀ ਭੁੱਲ ਬਖਸ਼ਾਈ। ਨੌਜਵਾਨ ਦਾ ਕਹਿਣਾ ਹੈ ਕਿ ਉਸ ਦਾ ਸਾਰਾ ਪਰਿਵਾਰ ਅੰਮ੍ਰਿਤਧਾਰੀ ਹੈ ਅਤੇ ਉਹ ਕਦੇ ਵੀ ਪੱਗ ਦੀ ਬੇਅਦਬੀ ਕਰਨ ਬਾਰੇ ਨਹੀਂ ਸੋਚ ਸਕਦਾ ਹੈ। ਇਹ ਜੋ ਵੀ ਹੋਇਆ ਅਨਜਾਣੇ ਵਿਚ ਹੋਇਆ ਹੈ। ਲਿਹਾਜ਼ਾ ਹੁਣ ਨੌਜਵਾਨ ਨੇ ਗੁਰੂ ਸਾਹਿਬ ਅੱਗੇ ਨਤਮਸਤਕ ਹੋ ਕੇ ਆਪਣੀ ਭੁਲ ਦੀ ਮੁਆਫ਼ੀ ਮੰਗੀ ਹੈ।
ਦੱਸਣਯੋਗ ਹੈ ਕਿ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਇੱਕ ਨੌਜਵਾਨ ਦੀ ਭੰਗੜੇ ਪੇਸ਼ਕਾਰੀ ਮੌਕੇ ਪੱਗ ਢਿੱਲੀ ਹੋ ਜਾਂਦੀ ਹੈ ਅਤੇ ਉਹ ਪੱਗ ਸਿਰ ਤੋਂ ਉਤਾਰ ਕੇ ਹੇਠਾਂ ਸਟੇਜ ਉਤੇ ਰੱਖ ਦਿੰਦਾ ਹੈ ਅਤੇ ਫਿਰ ਖੁੱਲ੍ਹੇ ਵਾਲਾਂ ਵਿਚ ਹੀ ਆਪਣੀ ਪੇਸ਼ਕਾਰੀ ਕਰਨ ਲੱਗ ਜਾਂਦਾ ਹੈ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ। ਹਾਲਾਂਕਿ ਇਸ ਵੀਡੀਓ ‘ਤੇ ਲੋਕਾਂ ਦਾ ਆਖਣਾ ਹੈ ਕਿ ਇਹ ਜੋ ਵੀ ਹੋਇਆ ਗਲਤ ਹੈ ਜੇਕਰ ਪੱਗ ਆਪ ਲੱਥ ਜਾਂਦੀ ਤਾਂ ਵ੍ਖ ਗੱਲ ਸੀ ਪਰ ਉਸ ਨੂੰ ਇੰਝ ਨਹੀਂ ਸੀ ਕਰਨਾ ਚਾਹੀਦਾ। ਇਸ ਸਭ ਦਰਮਿਆਨ ਪੱਗ ਉਤਾਰਣ ਵਾਲੇ ਨੌਜਵਾਨ ਨੇ ਗੁਰੂ ਸਾਹਿਬ ਅੱਗੇ ਨਤਮਸਤਕ ਹੋ ਕੇ ਮੁਆਫੀ ਮੰਗ ਲਈ ਹੈ।