ਅੱਤ ਦੀ ਗਰਮੀ ਨੇ 12500 ਮੈਗਾਵਾਟ ਤੱਕ ਪਹੁੰਚਾਈ ਬਿਜਲੀ ਦੀ ਮੰਗ
ਚੰਡੀਗੜ੍ਹ, 18 ਮਈ (ਰੋਜਾਨਾ ਸਪੋਕਸਮੈਨ)- ਪੰਜਾਬ ’ਚ ਪੈ ਰਹੀ ਅੱਤ ਦੀ ਗਰਮੀ ਕਾਰਨ ਜਿਥੇ ਬਿਜਲੀ ਦੀ ਮੰਗ ’ਚ ਲਗਾਤਾਰ ਵਾਧਾ ਹੋ ਰਿਹਾ ਹੈ, ਉਥੇ ਪਾਵਰਕਾਮ ਦੀਆਂ ਮੁਸ਼ਕਲਾਂ ਵਧਣ ਦੀ ਸ਼ੰਕਾ ਜ਼ਾਹਿਰ ਕੀਤੀ ਜਾ ਰਹੀ ਹੈ, ਕਿਉਂਕਿ ਆਉਣ ਵਾਲੇ ਦਿਨਾਂ ’ਚ ਤਾਪਮਾਨ 47 ਡਿਗਰੀ ਤੱਕ ਜਾਣ ਦੀ ਸੰਭਾਵਨਾ ਜ਼ਾਹਿਰ ਕੀਤੀ ਗਈ ਹੈ।
ਅੱਤ ਦੀ ਗਰਮੀ ਕਰਕੇ ਪੰਜਾਬ ’ਚ ਬਿਜਲੀ ਦੀ ਮੰਗ ’ਚ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਹੁਣ ਦੋ ਦਿਨ ’ਚ ਹੀ ਬਿਜਲੀ ਦੀ ਮੰਗ ਕਰੀਬ 12500 ਮੈਗਾਵਾਟ ਤੱਕ ਪੁੱਜ ਗਈ ਹੈ, ਜਿਹੜੀ ਕਿ ਦੋ ਦਿਨ ਪਹਿਲਾਂ ਹੀ 12300 ਮੈਗਾਵਾਟ ਚੱਲ ਰਹੀ ਸੀ। ਖੇਤੀ ਖੇਤਰ ’ਚ ਬਿਜਲੀ ਦੀ ਮੰਗ ਵਧਣ ਤੋਂ ਇਲਾਵਾ ਗਰਮੀ ਵਧਣ ਨਾਲ ਏ. ਸੀ., ਕੂਲਰ, ਪੱਖਿਆਂ ਦੀ ਵਰਤੋਂ ਹੁਣ ਜ਼ਿਆਦਾ ਹੋਣ ਲੱਗ ਪਈ ਹੈ। ਇਸ ਅੱਤ ਦੀ ਗਰਮੀ ਨਾਲ ਜਨਜੀਵਨ ‘ਤੇ ਅਸਰ ਪਿਆ ਹੈ ਉਥੇ ਪਾਵਰਕਾਮ ਕੋਲ ਬਿਜਲੀ ਦੀ ਮੰਗ ਲਗਾਤਾਰ ਵੱਧ ਹੋ ਰਹੀ ਹੈ।
ਪਾਵਰਕਾਮ ਵਲੋਂ ਦੂਜੇ ਰਾਜਾਂ ਤੋਂ ਦਿਨ ਵੇਲੇ ਸਸਤੀ ਬਿਜਲੀ ਦੀ ਖ਼ਰੀਦ ਕਰਕੇ ਉਪਲਬਧ ਕਰਵਾਈ ਜਾ ਰਹੀ ਹੈ। ਜੇਕਰ ਮੌਕੇ ‘ਤੇ ਬਿਜਲੀ ਖ਼ਰੀਦ ਕੀਤੀ ਜਾਂਦੀ ਹੈ ਤਾਂ ਇਸ ਦੀ ਕੀਮਤ ਕਰੀਬ 6 ਰੁਪੇ ਪ੍ਰਤੀ ਯੂਨਿਟ ਹੁੰਦੀ ਹੈ ਜਦ ਕਿ ਜੇਕਰ ਬਿਜਲੀ ਖ਼ਰੀਦ ਲਈ ਪਹਿਲਾਂ ਸਮਝੌਤਾਂ ਕੀਤਾ ਜਾਂਦਾ ਹੈ ਤਾਂ ਇਹ ਸਵਾ ਤਿੰਨ ਰੁਪਏ ਪ੍ਰਤੀ ਯੂਨਿਟ ਤੋਂ ਨੈ ਕੇ ਸਾਢੇ ਤਿੰਨ ਰੁਪਏ ਯੂਨਿਟ ਤੱਕ ਪੈਂਦੀ ਹੈ। ਇੱਕ ਜਾਣਕਾਰੀ ਅਨੁਸਾਰ ਪਾਵਰਕਾਮ ਨੇ ਦਿਨ ਵੇਲੇ 140 ਲੱਖ ਯੂਨਿਟ ਬਿਜਲੀ ਦੀ ਖਰੀਦ ਕੀਤੀ ਹੈ। ਪਾਵਰਕਾਮ ਨੂੰ ਸਰਕਾਰੀ ਅਤੇ ਗੈਰ ਸਰਕਾਰੀ ਥਰਮਲ ਪਲਾਟਾਂ ਤੋਂ ਇਲਾਵਾ ਦੂਜੇ ਸੋਰਤਾਂ ਤੋਂ ਵੀ ਬਿਜਲੀ ਲੈਦੀ ਪੈ ਰਹੀ ਹੈ।
ਬਿਜਲੀ ਮਾਹਿਰਾਂ ਦਾ ਕਹਿਣਾ ਸੀ ਕਿ ਝੋਨੇ ਦੇ ਸੀਜ਼ਨ ਚ ਜੇਕਰ ਬਿਜਲੀ ਦੀ ਮੰਗ ਲਗਾਤਾਰ ਬਣੀ ਰਹਿੰਦੀ ਹੈ ਤਾਂ ਬਿਜਲੀ ਦੀ ਜ਼ਿਆਦਾ ਖ਼ਰੀਦ ਕਰਨੀ ਸੰਭਵ ਨਹੀਂ ਹੋਵੇਗੀ ਕਿਉਂਕਿ ਪਾਵਰਕਾਮ ਹਮੇਸ਼ਾ ਹੀ ਮਹਿੰਗੀ ਬਿਜਲੀ ਦੀ ਖ਼ਰੀਦ ਕਰਨ ਤੋਂ ਬਚਦਾ ਰਿਹਾ ਹੈ। ਉਂਝ ਝੋਨੇ ਦੇ ਸੀਜ਼ਨ ’ਚ ਬਿਜਲੀ ਦੀ ਮੰਗ 15500 ਮੈਗਾਵਾਟ ਵੀ ਟੱਪ ਜਾਣ ਦੀ ਸੰਭਾਵਨਾ ਹੈ।
ਲਹਿਰਾ ਮੁਹੱਬਤ ਥਰਮਲ ਪਲਾਂਟ ਦਾ ਦੋ ਸਾਲ ਤੋਂ 210 ਮੈਗਾਵਾਟ ਦਾ ਬਾਇਲਰ ਰਿਸਣ ਕਰਕੇ ਯੂਨਿਟ ਠੀਕ ਨਹੀਂ ਹੋ ਸਕਿਆ। ਇਸ ਅੱਤ ਦੀ ਗਰਮੀ ਪੈਣ ਕਰਕੇ ਪਾਵਰਕਾਮ ਦੇ ਥਰਮਲ ਪਲਾਂਟਾਂ ‘ਤੇ ਪੂਰਾ ਭਾਰ ਪੈ ਗਿਆ ਹੈ। ਜੇਕਰ ਇਹ ਗਰਮੀ ਲਗਾਤਾਰਜਾਰੀ ਰਿਹਹੰਦੀ ਹੈ ਤਾਂ ਬਿਜਲੀ ਦੀ ਵੱਧ ਰਹੀ ਮੰਗ ਨਾਲ ਪਾਵਰਕਾਮ ਲਈ ਪ੍ਰੇਸ਼ਾਨੀ ਖੜ੍ਹੀ ਹੋ ਸਕਦੀ ਹੈ। ਪਾਵਰਕਾਮ ਦੇ ਦਾਅਵੇ ਮੁਤਾਬਕ ਪਾਵਰਕਾਮ ਵਲੋਂ ਕੋਈ ਪੱਕੇ ਬਿਜਲੀ ਕੱਟ ਨਹੀਂ ਲਗਾਏ ਜਾ ਰਹੇ ਪਰ ਕੁਝ ਥਾਵਾਂ ’ਤੇ ਥੋੜ੍ਹੇ ਸਮੇਂ ਦੇ ਅਣ ਐਲਾਨੇ ਬਿਜਲੀ ਦੇ ਕੱਟ ਜ਼ਰੂਰ ਲੱਗ ਰਹੇ ਹਨ। ਇਸ ਗਰਮੀ ’ਚ ਅਣਐਲਾਨੇ ਕੱਟ ਲੱਗਣ ਨਾਲ ਵੀ ਲੋਕਾਂ ਦੀ ਹਾਲਤ ਖ਼ਰਾਬ ਹੋ ਜਾਂਦੀ ਹੈ। ਇੱਕ ਜਾਣਕਾਰੀ ਅਨੁਸਾਰ ਪਿਛਲੇ ਸਾਲ ਦੇ ਮੁਕਾਬਲੇ ਇਸ ਦਾ ਮਈ ਮਹੀਨਾ ਜ਼ਿਆਦਾ ਗਰਮ ਰਿਹਣ ਕਰਕੇ ਬਿਜਲੀ ਦੀ ਜ਼ਿਆਦਾ ਮੰਕ ਦਰਜ ਕੀਤੀ ਗਈ ਹੈ।