ਗੁਰਸਿੱਖ ਪਰਿਵਾਰ ਨਾਲ ਵਾਪਰਿਆ ਭਾਣਾ, ਸੜਕ ਹਾ.ਦਸੇ ‘ਚ ਪੂਰਾ ਟੱਬਰ ਹੋਇਆ ਤਬਾਹ
ਤਰਨਤਾਰਨ, 22 ਮਈ (ਡੇਲੀ ਪੋਸਟ ਪੰਜਾਬੀ)- ਤਰਨਤਾਰਨ ਦੇ ਹਰੀਕੇ ਭਿੱਖੀਵਿੰਡ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਦੇਰ ਸ਼ਾਮ ਹਰੀਕੇ ਭਿੱਖੀਵਿੰਡ ਰੋਡ ‘ਤੇ ਇੱਕ ਕਾਰ ਦੀ ਅਣਪਛਾਤੇ ਵਾਹਨ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿੱਚ ਕਾਰ ਸਵਾਰ ਪਤੀ-ਪਤਨੀ ਤੇ ਉਨ੍ਹਾਂ ਦੇ ਨੌਜਵਾਨ ਪੁੱਤ ਦੀ ਮੌਤ ਹੋ ਗਈ ਹੈ, ਜਦਕਿ ਉਨ੍ਹਾਂ ਦਾ ਭਾਣਜਾ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਹੈ। ਇਹ ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਇਸ ਵਿੱਚ ਕਾਰ ਦੇ ਪਰਖੱਚੇ ਉੱਡ ਗਏ।
ਇਸ ਘਟਨਾ ਦਾ ਪਤਾ ਲੱਗਦਿਆਂ ਹੀ ਮੌਕੇ ‘ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਨੇ ਦੇਹਾਂ ਨੂੰ ਸਿਵਲ ਹਸਪਤਾਲ ਪੱਟੀ ਭੇਜ ਦਿੱਤਾ ਤੇ ਜ਼ਖਮੀ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ। ਮਿਲੀ ਜਾਣਕਾਰੀ ਅਨੁਸਾਰ ਕਾਰ ਸਵਾਰ ਨੇੜਲੇ ਪਿੰਡ ਠਾਕਰਪੁਰਾ ਦੇ ਰਹਿਣ ਵਾਲੇ ਸਨ। ਕਾਰ ਸਵਾਰ ਨਿਸ਼ਾਨ ਸਿੰਘ ਆਪਣੀ ਪਤਨੀ ਰਜਵੰਤ ਕੌਰ, ਆਪਣੇ ਬੇਟੇ ਨਵਦੀਪ ਸਿੰਘ ਅਤੇ ਭਾਣਜੇ ਜਗਜੀਤ ਸਿੰਘ ਸਣੇ ਸੰਗਰੂਰ ਤੋ ਠੱਕਰਪੁਰਾ ਆ ਰਹੇ ਸਨ ਕਿ ਪਿੰਡ ਬੂਹ ਹਵੇਲੀਆਂ ਦੇ ਮੋੜ ‘ਤੇ ਅਣਪਛਾਤੇ ਵਾਹਨ ਨਾਲ ਟੱਕਰ ਹੋ ਗਈ। ਜਿਸ ਵਿੱਚ ਨਿਸ਼ਾਨ ਸਿੰਘ ,ਪਤਨੀ ਰਜਵੰਤ ਕੌਰ, ਬੇਟਾ ਨਵਦੀਪ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਜਦ ਕਿ ਗੰਭੀਰ ਜਖਮੀ ਜਗਜੀਤ ਸਿੰਘ ਨੂੰ ਸੜਕ ਸੁਰੱਖਿਆ ਫੋਰਸ ਨੇ ਹਸਪਤਾਲ ਭੇਜ ਦਿੱਤਾ ।
ਦੱਸ ਦਈਏ ਕਿ ਨੌਜਵਾਨ ਨਵਦੀਪ ਸਿੰਘ ਦਾ ਕੈਨੇਡਾ ਦਾ ਵੀਜ਼ਾ ਆਇਆ ਸੀ ਤੇ ਉਸ ਨੇ ਕੁਝ ਦਿਨਾਂ ਤੱਕ ਕੈਨੇਡਾ ਜਾਣਾ ਸੀ। ਪੂਰਾ ਪਰਿਵਾਰ ਪੁੱਤ ਦੇ ਕੈਨੇਡਾ ਦਾ ਵੀਜ਼ਾ ਆਉਣ ਦੀ ਖੁਸ਼ੀ ਵਿਚ ਰਿਸ਼ਤੇਦਾਰਾਂ ਨੂੰ ਮਿਲਣ ਗਿਆ ਸੀ ਤੇ ਵਾਪਸ ਘਰ ਆਉਂਦੇ ਸਮੇਂ ਉਹਨਾਂ ਨਾਲ ਭਿਆਨਕ ਸੜਕ ਹਾਦਸਾ ਵਾਪਰ ਗਿਆ।