ਅਮਰੀਕੀ ਅਦਾਲਤ ‘ਚ ਨਿਖਿਲ ਗੁਪਤਾ ਨੇ ਖੁਦ ਨੂੰ ਦੱਸਿਆ ਬੇਕਸੂਰ, ਪੰਨੂ ਦੇ ਕਤਲ ਦੀ ਸਾਜਿਸ਼ ਰਚਣ ਦੇ ਲੱਗੇ ਹਨ ਇਲਜ਼ਾਮ
ਨਿਊਯਾਰਕ, 18 ਜੂਨ (ਪੀਟੀਸੀ ਨਿਊਜ)- ਅਮਰੀਕਾ ‘ਚ ਸਿੱਖਸ ਫਾਰ ਜਸਟਿਸ ਗੁਰਪਤਵੰਤ ਪੰਨੂ ਦੀ ਹੱਤਿਆ ਦੀ ਅਸਫਲ ਸਾਜ਼ਿਸ਼ ‘ਚ ਸ਼ਾਮਲ ਹੋਣ ਦੇ ਦੋਸ਼ੀ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੇ ਸੋਮਵਾਰ ਨੂੰ ਅਮਰੀਕੀ ਅਦਾਲਤ ‘ਚ ਖੁਦ ਨੂੰ ਬੇਕਸੂਰ ਦੱਸਿਆ ਹੈ। 52 ਸਾਲਾ ਨਿਖਿਲ ਗੁਪਤਾ ਨੂੰ ਸ਼ੁੱਕਰਵਾਰ ਨੂੰ ਚੈੱਕ ਗਣਰਾਜ ਤੋਂ ਅਮਰੀਕਾ ਹਵਾਲੇ ਕਰ ਦਿੱਤਾ ਗਿਆ।
ਦੱਸ ਦਈਏ ਕਿ ਨਿਖਿਲ ‘ਤੇ ਨਿਊਯਾਰਕ ‘ਚ ਗੁਰਪਤਵੰਤ ਪੰਨੂ ਦੇ ਕਤਲ ਦੀ ਸਾਜ਼ਿਸ਼ ‘ਚ ਸ਼ਾਮਲ ਹੋਣ ਦਾ ਇਲਜ਼ਾਮ ਹੈ ਅਤੇ ਅਮਰੀਕੀ ਸਰਕਾਰ ਦੇ ਇਸ਼ਾਰੇ ‘ਤੇ ਉਸ ਨੂੰ ਪਿਛਲੇ ਸਾਲ ਚੈੱਕ ਗਣਰਾਜ ‘ਚ ਗ੍ਰਿਫਤਾਰ ਕੀਤਾ ਗਿਆ ਸੀ। ਪੰਨੂ ਦੇ ਕੋਲ ਅਮਰੀਕਾ ਅਤੇ ਕੈਨੇਡਾ ਦੀ ਦੋਹਰੀ ਨਾਗਰਿਕਤਾ ਹੈ।
ਨਿਖਿਲ ਗੁਪਤਾ ਨੇ ਅਮਰੀਕਾ ਹਵਾਲੇ ਕੀਤੇ ਜਾਣ ਦੇ ਖਿਲਾਫ ਪਿਛਲੇ ਮਹੀਨੇ ਚੈੱਕ ਸੰਵਿਧਾਨਕ ਅਦਾਲਤ ‘ਚ ਪਟੀਸ਼ਨ ਦਾਇਰ ਕੀਤੀ ਸੀ। ਜਿਸ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਸੀ। ਅਮਰੀਕੀ ਸੰਘੀ ਵਕੀਲਾਂ ਨੇ ਇਲਜ਼ਾਮ ਲਗਾਇਆ ਹੈ ਕਿ ਗੁਪਤਾ ਇੱਕ ਬੇਨਾਮ ਭਾਰਤੀ ਸਰਕਾਰੀ ਅਧਿਕਾਰੀ ਦੇ ਨਿਰਦੇਸ਼ਾਂ ‘ਤੇ ਕੰਮ ਕਰ ਰਿਹਾ ਸੀ, ਹਾਲਾਂਕਿ, ਭਾਰਤ ਨੇ ਅਜਿਹੇ ਮਾਮਲੇ ਵਿੱਚ ਕਿਸੇ ਵੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ ਅਤੇ ਦੋਸ਼ਾਂ ਦੀ ਉੱਚ ਪੱਧਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਲੱਗੇ ਹਨ ਇਲਜ਼ਾਮ
ਸੰਘੀ ਵਕੀਲਾਂ ਨੇ ਦੋਸ਼ ਲਾਇਆ ਕਿ ਗੁਪਤਾ ਨੇ ਪੰਨੂ ਦੀ ਹੱਤਿਆ ਕਰਨ ਲਈ ਇੱਕ ਹਿੱਟਮੈਨ ਨੂੰ ਕਿਰਾਏ ‘ਤੇ ਲਿਆ ਅਤੇ ਉਸਨੂੰ 15,000 ਡਾਲਰ ਦਾ ਐਡਵਾਂਸ ਅਦਾ ਕੀਤਾ ਹੋਇਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਭਾਰਤ ਸਰਕਾਰ ਦਾ ਇੱਕ ਅਣਪਛਾਤਾ ਅਧਿਕਾਰੀ ਇਸ ਵਿੱਚ ਸ਼ਾਮਲ ਸੀ। ਗੁਪਤਾ ਦੀ ਹਵਾਲਗੀ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਨ ਦੀ ਸਾਲਾਨਾ ਆਈਸੀਈਟੀ ਗੱਲਬਾਤ ਲਈ ਨਵੀਂ ਦਿੱਲੀ ਫੇਰੀ ਤੋਂ ਪਹਿਲਾਂ ਹੋਈ ਹੈ। ਸੁਲੀਵਾਨ ਵੱਲੋਂ ਆਪਣੇ ਭਾਰਤੀ ਹਮਰੁਤਬਾ ਅਜੀਤ ਡੋਭਾਲ ਕੋਲ ਇਹ ਮੁੱਦਾ ਉਠਾਉਣ ਦੀ ਉਮੀਦ ਹੈ। ਭਾਰਤ ਨੇ ਅਜਿਹੇ ਮਾਮਲਿਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ ਅਤੇ ਦੋਸ਼ਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਗੁਪਤਾ ਨੇ ਆਪਣੇ ਵਕੀਲ ਰਾਹੀਂ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਹੈ ਕਿ ਉਨ੍ਹਾਂ ‘ਤੇ ‘ਅਨਉਚਿਤ ਦੋਸ਼’ ਲਾਏ ਗਏ ਹਨ।
ਕੌਣ ਹੈ ਨਿਖਿਲ ਗੁਪਤਾ?
ਅਮਰੀਕੀ ਨਿਆਂ ਵਿਭਾਗ ਦੀ ਪ੍ਰੈਸ ਰਿਲੀਜ਼ ਅਨੁਸਾਰ ਨਿਖਿਲ ਗੁਪਤਾ ਭਾਰਤੀ ਨਾਗਰਿਕ ਹੈ, ਜਿਸ ਨੂੰ ਚੈੱਕ ਗਣਰਾਜ ਦੀ ਸਰਕਾਰ ਨੇ 30 ਜੂਨ ਨੂੰ ਗ੍ਰਿਫਤਾਰ ਕੀਤਾ ਸੀ। ਅਮਰੀਕੀ ਨਿਆਂ ਵਿਭਾਗ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਦੇ ਇੱਕ ਅਧਿਕਾਰੀ, ਜਿਸ ਦਾ ਨਾਂ ਨਹੀਂ ਦੱਸਿਆ ਗਿਆ ਹੈ, ਨਿਖਿਲ ਗੁਪਤਾ ਅਤੇ ਹੋਰ ਉਸ ਸਰਕਾਰੀ ਅਧਿਕਾਰੀ ਦੇ ਸੰਪਰਕ ਵਿੱਚ ਸਨ।
ਭਾਰਤ ਨੇ ਮੀਡੀਆ ਰਿਪੋਰਟਾਂ ਨੂੰ ਕੀਤਾ ਸੀ ਰੱਦ
ਪਿਛਲੇ ਮਹੀਨੇ ਵਾਸ਼ਿੰਗਟਨ ਪੋਸਟ ਨੇ ਬੇਨਾਮ ਸਰੋਤਾਂ ਦਾ ਹਵਾਲਾ ਦਿੰਦੇ ਹੋਏ, ਪੰਨੂ ਨੂੰ ਮਾਰਨ ਦੀ ਕਥਿਤ ਸਾਜ਼ਿਸ਼ ਦੇ ਸਬੰਧ ਵਿੱਚ ਰਿਸਰਚ ਐਂਡ ਐਨਾਲੀਸਿਸ ਵਿੰਗ (ਆਰਐਂਡਏਡਬਲਯੂ) ਦੇ ਇੱਕ ਅਧਿਕਾਰੀ ਦਾ ਨਾਮ ਲਿਆ ਸੀ। ਰਾਅ ਅਫਸਰ ਵਿਕਰਮ ਯਾਦਵ ਨੇ ਪੰਨੂ ਨੂੰ ਮਾਰਨ ਲਈ ਹਿੱਟ ਟੀਮ ਬਣਾਈ ਸੀ। ਇਸ ਰਿਪੋਰਟ ਨੂੰ ਭਾਰਤ ਨੇ ਰੱਦ ਕਰ ਦਿੱਤਾ ਸੀ।