ਮਹਿੰਗਾਈ ਤੋਂ ਰਾਹਤ, 31 ਰੁਪਏ ਸਸਤਾ ਹੋਇਆ LPG ਸਿਲੰਡਰ, ਜਾਣੋ ਆਪਣੇ ਸ਼ਹਿਰ ਦੇ ਨਵੇਂ ਰੇਟ
ਚੰਡੀਗੜ੍ਹ, 1 ਜੁਲਾਈ (ਡੇਲੀ ਪੋਸਟ ਪੰਜਾਬੀ)- ਜਿੱਥੇ ਜੂਨ ਮਹੀਨੇ ਵਿੱਚ ਕਈ ਚੀਜ਼ਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਜੁਲਾਈ ਮਹੀਨੇ ਦੀ ਸ਼ੁਰੂਆਤ ‘ਚ ਮਹਿੰਗਾਈ ਦੇ ਮੋਰਚੇ ‘ਤੇ ਕੁਝ ਰਾਹਤ ਮਿਲੀ ਹੈ। ਗੈਸ ਸਿਲੰਡਰ ਦੀ ਕੀਮਤ ‘ਚ ਕਮੀ ਦੇਖਣ ਨੂੰ ਮਿਲੀ ਹੈ। ਹਰ ਮਹੀਨੇ ਦੀ ਸ਼ੁਰੂਆਤ ਤੋਂ ਪਹਿਲਾਂ, ਤੇਲ ਮਾਰਕੀਟਿੰਗ ਕੰਪਨੀਆਂ ਦੁਆਰਾ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਸੋਧ ਕੀਤੀ ਜਾਂਦੀ ਹੈ, ਜਿਸ ਤੋਂ ਬਾਅਦ ਕੀਮਤਾਂ ਵਿੱਚ ਬਦਲਾਅ ਹੋ ਸਕਦਾ ਹੈ। ਕਦੇ ਗੈਸ ਸਿਲੰਡਰ ਦੀ ਕੀਮਤ ਵਧ ਜਾਂਦੀ ਹੈ ਅਤੇ ਕਦੇ ਇਸ ਦੀ ਕੀਮਤ ਵੀ ਘੱਟ ਜਾਂਦੀ ਹੈ।
ਦਿੱਲੀ ਵਿੱਚ 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੀ ਕੀਮਤ 1676 ਰੁਪਏ ਤੋਂ ਘੱਟ ਕੇ 1646 ਰੁਪਏ ਹੋ ਗਈ ਹੈ। ਮੁੰਬਈ ‘ਚ 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੀ ਕੀਮਤ 1629 ਰੁਪਏ ਤੋਂ 31 ਰੁਪਏ ਘਟਾ ਕੇ 1598 ਰੁਪਏ ਹੋ ਗਈ ਹੈ। ਕੋਲਕਾਤਾ ‘ਚ ਕਮਰਸ਼ੀਅਲ ਸਿਲੰਡਰ ਦੀ ਕੀਮਤ 31 ਰੁਪਏ ਘਟ ਕੇ 1756 ਰੁਪਏ ਹੋ ਗਈ ਹੈ। ਚੇਨਈ ‘ਚ ਕਮਰਸ਼ੀਅਲ ਸਿਲੰਡਰ ਦੀ ਕੀਮਤ 1840.50 ਰੁਪਏ ਦੀ ਬਜਾਏ 1809.50 ਰੁਪਏ ਹੋ ਗਈ ਹੈ।
ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਸ ਨੂੰ ਆਖਰੀ ਵਾਰ 9 ਮਾਰਚ, 2024 ਨੂੰ ਬਦਲਿਆ ਗਿਆ ਸੀ ਅਤੇ ਦਰ 100 ਰੁਪਏ ਘਟਾ ਦਿੱਤੀ ਗਈ ਸੀ। ਹੁਣ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਦਿੱਲੀ ਵਿੱਚ 803 ਰੁਪਏ, ਕੋਲਕਾਤਾ ਵਿੱਚ 829 ਰੁਪਏ, ਮੁੰਬਈ ਵਿੱਚ 802.50 ਰੁਪਏ ਅਤੇ ਚੇਨਈ ਵਿੱਚ 818.50 ਰੁਪਏ ਹੈ। 1 ਜੂਨ 2023 ਨੂੰ ਦਿੱਲੀ ਵਿੱਚ ਘਰੇਲੂ ਐਲਪੀਜੀ ਸਿਲੰਡਰ ਦੀ ਕੀਮਤ 1103 ਰੁਪਏ ਸੀ। ਕੰਪਨੀਆਂ ਨੇ 30 ਅਗਸਤ 2023 ਨੂੰ ਇਸ ‘ਚ 200 ਰੁਪਏ ਦੀ ਵੱਡੀ ਕਟੌਤੀ ਦਾ ਐਲਾਨ ਕੀਤਾ ਅਤੇ ਫਿਰ ਕੀਮਤ 903 ਰੁਪਏ ‘ਤੇ ਆ ਗਈ। ਇਸ ਤੋਂ ਬਾਅਦ ਫਿਰ 9 ਮਾਰਚ 2024 ਨੂੰ ਕੰਪਨੀਆਂ ਨੇ ਇਸ ਦੀ ਕੀਮਤ 100 ਰੁਪਏ ਘਟਾ ਦਿੱਤੀ ਸੀ