ਆਮ ਆਦਮੀ ਪਾਰਟੀ ‘ਚ ਕਲੇਸ਼ ਵਧਿਆ: ਰਾਘਵ ਚੱਢਾ ਨੇ ਵੀਡੀਓ ਜਾਰੀ ਕਰਕੇ AAP ਦੇ ਦੋਸ਼ਾਂ ‘ਤੇ ਕੀਤਾ ਪਲਟਵਾਰ
ਰਾਜ ਸਭਾ ਦੇ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ, ਸੰਸਦ ਮੈਂਬਰ ਰਾਘਵ ਚੱਢਾ ਨੇ ਜਵਾਬ ਵਿੱਚ ਇੱਕ ਦੂਜਾ ਵੀਡੀਓ ਜਾਰੀ ਕੀਤਾ।

ਚੰਡੀਗੜ੍ਹ- ਰਾਜ ਸਭਾ ਦੇ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ, ਸੰਸਦ ਮੈਂਬਰ ਰਾਘਵ ਚੱਢਾ ਨੇ ਜਵਾਬ ਵਿੱਚ ਇੱਕ ਦੂਜਾ ਵੀਡੀਓ ਜਾਰੀ ਕੀਤਾ। ਚੱਢਾ ਨੇ ਕਿਹਾ, “ਕੱਲ੍ਹ ਤੋਂ, ਮੇਰੇ ਵਿਰੁੱਧ ਇੱਕ ਯੋਜਨਾਬੱਧ ਮੁਹਿੰਮ ਚੱਲ ਰਹੀ ਹੈ। ਇੱਕ ਹੀ ਭਾਸ਼ਾ, ਇੱਕ ਹੀ ਸ਼ਬਦ ਅਤੇ ਇੱਕੋ ਜਿਹੇ ਦੋਸ਼ ਲਗਾਏ ਜਾ ਰਹੇ ਹਨ। ਇਹ ਕੋਈ ਸੰਜੋਗ ਨਹੀਂ ਹੈ, ਸਗੋਂ ਇੱਕ ਤਾਲਮੇਲ ਵਾਲਾ ਹਮਲਾ ਹੈ।”
ਰਾਘਵ ਚੱਢਾ ਨੇ ਪਾਰਟੀ ਦੇ ਦੋਸ਼ਾਂ ਦਾ ਦਿੱਤਾ ਜਵਾਬ
ਉਨ੍ਹਾਂ ਵੱਲੋਂ ਵੀਡੀਓ ਬਿਆਨ ਜਾਰੀ ਕਰਦਿਆਂ ਪਾਰਟੀ ਵੱਲੋਂ ਲਾਏ ਗਏ ਤਿੰਨ ਮੁੱਖ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ, ਜਿਨ੍ਹਾਂ ਦੇ ਆਧਾਰ ’ਤੇ ਉਨ੍ਹਾਂ ਨੂੰ ਰਾਜ ਸਭਾ ਵਿੱਚ ਪਾਰਟੀ ਦੇ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾਇਆ ਗਿਆ ਸੀ। ਚੱਢਾ ਨੇ ਚੁਣੌਤੀ ਦਿੰਦਿਆਂ ਕਿਹਾ ਕਿ ਪਾਰਟੀ ਇੱਕ ਵੀ ਦੋਸ਼ ਸਾਬਤ ਕਰਕੇ ਦਿਖਾਵੇ। ਰਾਘਵ ਚੱਢਾ ਨੇ ਪਾਰਟੀ ਦੇ ਦੋਸ਼ਾਂ ਦਾ ਦਿੱਤਾ ਜਵਾਬ ਦਿੰਦਿਆਂ ਕਿਹਾ ਕਿ ਉਹ ਵਿਰੋਧੀ ਧਿਰ ਦੇ ਵਾਕਆਊਟ ਦਾ ਸਮਰਥਨ ਨਹੀਂ ਕਰਦੇ, ਚੱਢਾ ਨੇ ਕਿਹਾ ਕਿ ਰਾਜ ਸਭਾ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਸਕਦੇ ਹਨ ਜੋ ਸੱਚਾਈ ਬਿਆਨ ਕਰ ਦੇਣਗੇ। ਮੁੱਖ ਚੋਣ ਕਮਿਸ਼ਨਰ (CEC) ਵਿਰੁੱਧ ਮਹਾਂਦੋਸ਼ ਦੇ ਮਤੇ ’ਤੇ ਦਸਤਖ਼ਤ ਨਾ ਕਰਨ ਦੇ ਦੋਸ਼ ’ਤੇ ਉਨ੍ਹਾਂ ਕਿਹਾ ਕਿ ‘ਆਪ’ ਦੇ 10 ਵਿੱਚੋਂ 6 ਸੰਸਦ ਮੈਂਬਰਾਂ ਨੇ ਦਸਤਖਤ ਨਹੀਂ ਕੀਤੇ ਸਨ ਕਿਉਂਕਿ ਮਤੇ ਲਈ ਸਿਰਫ਼ 50 ਮੈਂਬਰਾਂ ਦੇ ਦਸਤਖਤ ਹੀ ਕਾਫ਼ੀ ਸਨ। ਉਨ੍ਹਾਂ ਕਿਹਾ ਕਿ ਕਿਸੇ ਵੀ ਆਗੂ ਨੇ ਉਨ੍ਹਾਂ ਕੋਲ ਇਸ ਲਈ ਪਹੁੰਚ ਨਹੀਂ ਕੀਤੀ ਸੀ।
ਸਰਕਾਰ ਅਤੇ ਪ੍ਰਧਾਨ ਮੰਤਰੀ ਤੋਂ ਡਰਨ ਦੇ ਦੋਸ਼ ’ਤੇ ਚੱਢਾ ਨੇ ਕਿਹਾ ਕਿ ਉਨ੍ਹਾਂ ਨੇ ਪਿਛਲੇ ਚਾਰ ਸਾਲਾਂ ਵਿੱਚ ਪੰਜਾਬ ਦੇ ਪਾਣੀਆਂ, ਦਿੱਲੀ ਦੇ ਪ੍ਰਦੂਸ਼ਣ ਅਤੇ ਟੈਕਸਾਂ ਵਰਗੇ ਅਹਿਮ ਮੁੱਦੇ ਜ਼ੋਰ-ਸ਼ੋਰ ਨਾਲ ਚੁੱਕੇ ਹਨ।
ਚੱਢਾ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਉਹ ਸੰਸਦ ਵਿੱਚ ਟੈਕਸ ਦਾਤਾਵਾਂ ਦੇ ਮੁੱਦੇ ਚੁੱਕਣ ਅਤੇ ਆਪਣਾ ਪ੍ਰਭਾਵ ਛੱਡਣ ਲਈ ਗਏ ਹਨ, ਨਾ ਕਿ ‘ਮਾਇਕ ਤੋੜਨ ਅਤੇ ਸ਼ੋਰ ਮਚਾਉਣ’ ਲਈ। ਉਨ੍ਹਾਂ ‘ਆਪ’ ਨੂੰ ਚਿਤਾਵਨੀ ਦਿੱਤੀ ਕਿ ਉਹ ਆਪਣੇ ਖਿਲਾਫ ਫੈਲਾਏ ਜਾ ਰਹੇ ਝੂਠ ਦਾ ਪਰਦਾਫਾਸ਼ ਕਰਨਾ ਜਾਰੀ ਰੱਖਣਗੇ। ਇਸ ਬਿਆਨ ਨੇ ਪਾਰਟੀ ਦੇ ਅੰਦਰੂਨੀ ਕਲੇਸ਼ ਨੂੰ ਹੁਣ ਜਨਤਕ ਤੌਰ ’ਤੇ ਸਿਖਰਾਂ ’ਤੇ ਪਹੁੰਚਾ ਦਿੱਤਾ ਹੈ।
–(ਏਬੀਪੀ ਸਾਂਝਾ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


