Monday, April 27, 2026
Google search engine
HomeUncategorizedਪੰਜਾਬ ਵਿੱਚ ਮਈ ਮਹੀਨੇ ਤੱਕ ਦੂਰ ਹੋਵੇਗਾ ਬਿਜਲੀ ਸੰਕਟ, 10 ਮਈ ਤੱਕ...

ਪੰਜਾਬ ਵਿੱਚ ਮਈ ਮਹੀਨੇ ਤੱਕ ਦੂਰ ਹੋਵੇਗਾ ਬਿਜਲੀ ਸੰਕਟ, 10 ਮਈ ਤੱਕ ਸਾਰੇ ਹਾਈਡਲ ਪਲਾਂਟ ਮੁੜ ਹੋਣਗੇ ਚਾਲੂ

18 ਅਪ੍ਰੈਲ ਤੋਂ ਬਿਜਲੀ ਦੀ ਮੰਗ ਵਿੱਚ ਅਚਾਨਕ ਵਾਧਾ ਦਰਜ ਕੀਤਾ ਗਿਆ, ਜਿਸ ਨੇ ਅਧਿਕਾਰੀਆਂ ਨੂੰ ਹੈਰਾਨ ਕਰ ਦਿੱਤਾ, ਕਿਉਂਕਿ ਆਮ ਤੌਰ ‘ਤੇ ਇਹ ਮੰਗ ਮਈ ਦੇ ਅਖੀਰ ਜਾਂ ਜੂਨ ਦੀ ਸ਼ੁਰੂਆਤ ਵਿੱਚ ਵਧਦੀ ਹੈ।

ਚੰਡੀਗੜ੍ਹ- ਪੰਜਾਬ ਵਿੱਚ ਮਈ ਦੀ ਸ਼ੁਰੂਆਤ ਨਾਲ ਹੀ ਬਿਜਲੀ ਸੰਕਟ ਕਾਫ਼ੀ ਹੱਦ ਤੱਕ ਖਤਮ ਹੋਣ ਦੀ ਸੰਭਾਵਨਾ ਹੈ। ਸੂਬੇ ਦੇ ਬਿਜਲੀ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਬਿਜਲੀ ਦੀ ਘਾਟ 1 ਮਈ ਤੱਕ ਵੱਡੇ ਪੱਧਰ ‘ਤੇ ਕਾਬੂ ਵਿੱਚ ਆ ਜਾਵੇਗੀ, ਜਦਕਿ 10 ਮਈ ਤੱਕ ਪੰਜਾਬ ਦੇ ਸਾਰੇ ਹਾਈਡਲ ਪਲਾਂਟ ਮੁੜ ਚਾਲੂ ਕਰ ਦਿੱਤੇ ਜਾਣਗੇ, ਜਿਸ ਨਾਲ ਸਪਲਾਈ ਵਿੱਚ ਹੋਰ ਸੁਧਾਰ ਆਵੇਗਾ।

ਪ੍ਰੈਸ ਕਾਨਫਰੰਸ ਦੌਰਾਨ ਅਰੋੜਾ ਨੇ ਦੱਸਿਆ ਕਿ ਹੜ੍ਹਾਂ ਕਾਰਨ ਹੋਏ ਨੁਕਸਾਨ ਕਰਕੇ ਕਈ ਹਾਈਡਲ ਪਲਾਂਟ ਬੰਦ ਹੋ ਗਏ ਸਨ, ਪਰ ਹੁਣ 10 ਮਈ ਤੋਂ ਇਹ ਸਾਰੇ ਪਲਾਂਟ ਦੁਬਾਰਾ ਚੱਲਣ ਲੱਗਣਗੇ। ਉਨ੍ਹਾਂ ਨੇ ਕਿਹਾ ਕਿ 18 ਅਪ੍ਰੈਲ ਤੋਂ ਬਿਜਲੀ ਦੀ ਮੰਗ ਵਿੱਚ ਅਚਾਨਕ ਵਾਧਾ ਦਰਜ ਕੀਤਾ ਗਿਆ, ਜਿਸ ਨੇ ਅਧਿਕਾਰੀਆਂ ਨੂੰ ਹੈਰਾਨ ਕਰ ਦਿੱਤਾ, ਕਿਉਂਕਿ ਆਮ ਤੌਰ ‘ਤੇ ਇਹ ਮੰਗ ਮਈ ਦੇ ਅਖੀਰ ਜਾਂ ਜੂਨ ਦੀ ਸ਼ੁਰੂਆਤ ਵਿੱਚ ਵਧਦੀ ਹੈ।

ਮੰਤਰੀ ਨੇ ਕਿਹਾ ਕਿ ਮੰਗ ਵਿੱਚ ਇਹ ਤੇਜ਼ ਵਾਧਾ ਸਿਰਫ਼ ਪੰਜਾਬ ਤੱਕ ਸੀਮਿਤ ਨਹੀਂ, ਸਗੋਂ ਪੂਰੇ ਉੱਤਰੀ ਭਾਰਤ ਵਿੱਚ ਪੈ ਰਹੀ ਤਿੱਖੀ ਗਰਮੀ ਕਾਰਨ ਦੇਖਣ ਨੂੰ ਮਿਲਿਆ। ਉਨ੍ਹਾਂ ਨੇ ਕਿਹਾ ਕਿ ਅਸੀਂ ਸੀਜ਼ਨ ਦੇ ਅਖੀਰ ਵਿੱਚ ਵੱਧ ਮੰਗ ਲਈ ਤਿਆਰੀ ਕੀਤੀ ਸੀ, ਪਰ ਇਸ ਵਾਰ ਮੰਗ ਪਹਿਲਾਂ ਹੀ ਵਧ ਗਈ। ਚੁਣੌਤੀਆਂ ਦੇ ਬਾਵਜੂਦ ਸਰਕਾਰ ਹਾਲਾਤ ਨੂੰ ਸੰਭਾਲਣ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ, ਜਿਸ ਵਿੱਚ ਹੋਰ ਰਾਜਾਂ ਅਤੇ ਨਿੱਜੀ ਸਪਲਾਇਰਾਂ ਤੋਂ ਬਿਜਲੀ ਪ੍ਰਾਪਤ ਕਰਨਾ ਵੀ ਸ਼ਾਮਲ ਹੈ।

ਮੰਤਰੀ ਅਰੋੜਾ ਨੇ ਕਿਹਾ ਕਿ ਰਾਤ ਦੇ ਸਮੇਂ, ਖ਼ਾਸ ਕਰਕੇ ਸ਼ਾਮ 6 ਵਜੇ ਤੋਂ ਬਾਅਦ, ਕੁਝ ਸਮੱਸਿਆ ਆਉਂਦੀ ਹੈ, ਜਦਕਿ ਦਿਨ ਦੇ ਵੇਲੇ ਸਪਲਾਈ ਕਾਫ਼ੀ ਹੱਦ ਤੱਕ ਸਥਿਰ ਰਹਿੰਦੀ ਹੈ। ਉਨ੍ਹਾਂ ਨੇ ਦੱਸਿਆ ਕਿ ਉਦਯੋਗਾਂ ਨੂੰ ਸ਼ਾਮ 6 ਵਜੇ ਤੋਂ ਅਗਲੇ ਦਿਨ ਸਵੇਰੇ 6 ਵਜੇ ਤੱਕ ਖੁੱਲ੍ਹੇ ਬਜ਼ਾਰ ਤੋਂ ਬਿਜਲੀ ਖਰੀਦਣ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਦੇ ਨਾਲ ਦੂਜੇ ਸੂਬਿਆਂ ਨਾਲ ਪਾਵਰ ਬੈਂਕਿੰਗ ਸੈਟਲਮੈਂਟ ਹੇਠ ਲੋੜੀਂਦੀ ਬਿਜਲੀ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਵੱਖਰੇ ਤੌਰ ‘ਤੇ 1500 ਮੈਗਾਵਾਟ ਬਿਜਲੀ ਖਰੀਦਣ ਦੀ ਪ੍ਰਕਿਰਿਆ ਵੀ ਜਾਰੀ ਹੈ। ਨਾਲ ਹੀ ਗਰਿੱਡ ਅਪਗ੍ਰੇਡੇਸ਼ਨ ‘ਤੇ ਹੁਣ ਤੱਕ ਕਰੀਬ 6 ਹਜ਼ਾਰ ਕਰੋੜ ਰੁਪਏ ਖ਼ਰਚ ਕੀਤੇ ਜਾ ਚੁੱਕੇ ਹਨ।

ਮੰਤਰੀ ਨੇ ਦੱਸਿਆ ਕਿ ਪੰਜਾਬ ਆਰਟੀਐਮ ਰਾਹੀਂ ਵੀ ਬਿਜਲੀ ਹਾਸਲ ਕਰ ਰਿਹਾ ਹੈ, ਹਾਲਾਂਕਿ ਇਸ ਮਾਧਿਅਮ ਰਾਹੀਂ ਕੁੱਲ ਲੋੜ ਦਾ ਸਿਰਫ਼ ਥੋੜ੍ਹਾ ਹਿੱਸਾ ਹੀ ਮਿਲ ਰਿਹਾ ਹੈ। ਰਾਜ ਨੇ ਟਾਟਾ ਵਰਗੀਆਂ ਕੰਪਨੀਆਂ ਤੋਂ ਬੈਕਅੱਪ ਬਿਜਲੀ ਦੀ ਵੀ ਵਿਵਸਥਾ ਕੀਤੀ ਹੈ। ਹਾਲਾਤ ਵਿੱਚ ਹੁਣ ਸੁਧਾਰ ਆ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਸਾਲ ਦੇ ਮੁਕਾਬਲੇ ਅਨਪਲਾਨਡ ਸ਼ਾਰਟੇਜ਼ ਵਿੱਚ ਲਗਭਗ 70 ਫੀਸਦੀ ਕਮੀ ਆਈ ਹੈ। ਅਸੀਂ ਸਪਲਾਈ ਨੂੰ ਸਥਿਰ ਬਣਾਉਣ ਲਈ ਲਗਾਤਾਰ ਕੰਮ ਕਰ ਰਹੇ ਹਾਂ। ਮੁਕੇਰੀਆਂ ਪਲਾਂਟ ਦੇ ਮੁੜ ਚਾਲੂ ਹੋਣ ਅਤੇ ਵਾਧੂ ਬਿਜਲੀ ਪ੍ਰਬੰਧਾਂ ਨਾਲ ਸਰਕਾਰ ਨੂੰ ਯਕੀਨ ਹੈ ਕਿ ਆਉਣ ਵਾਲੇ ਹਫ਼ਤਿਆਂ ਵਿੱਚ ਪੰਜਾਬ ਵਿੱਚ ਬਿਜਲੀ ਦੀ ਸਥਿਤੀ ਆਮ ਹੋ ਜਾਵੇਗੀ।

-(ਟੀਵੀ 9 ਪੰਜਾਬੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments