ਹਨੀ ਸਿੰਘ ਤੇ ਤਰੁਣ ਚੁੱਘ ਦੀ ਮੁਲਾਕਾਤ ‘ਤੇ ਵਿਵਾਦ, ਜਸਬੀਰ ਜੱਸੀ ਨੇ ਚੁੱਕੇ ਤਿੱਖੇ ਸਵਾਲ
ਜੱਸੀ ਨੇ ਕਿਹਾ ਕਿ ਜਿਸ ਵਿਅਕਤੀ ਨੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਵੱਲ ਧੱਕਿਆ, ਉਸੇ ਨੂੰ ਹੁਣ ਨਸ਼ਾ ਮੁਕਤ ਪੰਜਾਬ ਦਾ ਚਿਹਰਾ ਬਣਾਇਆ ਜਾ ਰਿਹਾ ਹੈ, ਜੋ ਦੁਖਦਾਈ ਗੱਲ ਹੈ।

ਚੰਡੀਗੜ੍ਹ
ਰੈਪਰ ਯੋ ਯੋ ਹਨੀ ਸਿੰਘ ਦੀ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨਾਲ ਹੋਈ ਮੁਲਾਕਾਤ ਹੁਣ ਚਰਚਾ ਦਾ ਕੇਂਦਰ ਬਣ ਗਈ ਹੈ। ਦੋਵਾਂ ਦੀ ਇਹ ਮੁਲਾਕਾਤ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨ ਨੂੰ ਲੈ ਕੇ ਦੱਸੀ ਜਾ ਰਹੀ ਹੈ। ਇੱਕ ਵੀਡੀਓ ਵਿੱਚ ਹਨੀ ਸਿੰਘ ਅਤੇ ਤਰੁਣ ਚੁੱਘ ਨੌਜਵਾਨਾਂ ਨੂੰ ਦੁੱਧ, ਦਹੀਂ, ਲੱਸੀ ਅਤੇ ਘਿਓ ਵਰਗੀਆਂ ਪੌਸ਼ਟਿਕ ਚੀਜ਼ਾਂ ਵਰਤਣ ਦੀ ਸਲਾਹ ਦਿੰਦੇ ਨਜ਼ਰ ਆ ਰਹੇ ਹਨ। ਪਰ ਇਹ ਮੁਹਿੰਮ ਹੁਣ ਵਿਰੋਧ ਅਤੇ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ।
ਹਨੀ ਸਿੰਘ ਪਹਿਲਾਂ ਖੁਦ ਕਈ ਵਾਰ ਮੰਨ ਚੁੱਕੇ ਹਨ ਕਿ ਉਹ ਨਸ਼ਿਆਂ ਦੀ ਲਤ ਨਾਲ ਜੂਝਦੇ ਰਹੇ ਹਨ। ਅਜਿਹੇ ਵਿੱਚ ਉਨ੍ਹਾਂ ਦਾ ਨਸ਼ਾ ਮੁਕਤੀ ਸੰਦੇਸ਼ ਨਾਲ ਜੁੜਨਾ ਕਈ ਲੋਕਾਂ ਨੂੰ ਰਾਸ ਨਹੀਂ ਆ ਰਿਹਾ।
“ਦੁੱਧ ਦੀ ਰਾਖੀ ‘ਤੇ ਬਿੱਲਾ ਬਿਠਾ ਰਹੇ ਹੋ”
ਪੰਜਾਬੀ ਗਾਇਕ ਜਸਬੀਰ ਜੱਸੀ ਨੇ ਇਸ ਮਾਮਲੇ ‘ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਹਨੀ ਸਿੰਘ ਅਤੇ ਤਰੁਣ ਚੁੱਘ ਦੋਵਾਂ ‘ਤੇ ਸਵਾਲ ਖੜ੍ਹੇ ਕੀਤੇ ਹਨ। ਜੱਸੀ ਨੇ ਕਿਹਾ ਕਿ ਜਿਸ ਵਿਅਕਤੀ ਨੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਵੱਲ ਧੱਕਿਆ, ਉਸੇ ਨੂੰ ਹੁਣ ਨਸ਼ਾ ਮੁਕਤ ਪੰਜਾਬ ਦਾ ਚਿਹਰਾ ਬਣਾਇਆ ਜਾ ਰਿਹਾ ਹੈ, ਜੋ ਦੁਖਦਾਈ ਗੱਲ ਹੈ।
ਉਨ੍ਹਾਂ ਨੇ ਆਪਣੇ ਸੰਦੇਸ਼ ਵਿੱਚ ਲਿਖਿਆ, “ਪੰਜਾਬ ਨੂੰ ਬਚਾ ਰਹੇ ਹੋ ਜਾਂ ਚਿੜਾ ਰਹੇ ਹੋ? ਦੁੱਧ ਦੀ ਰਾਖੀ ‘ਤੇ ਬਿੱਲਾ ਬਿਠਾ ਰਹੇ ਹੋ।”
ਜੱਸੀ ਨੇ ਕਿਹਾ ਕਿ ਉਹ ਆਮ ਤੌਰ ‘ਤੇ ਰਾਜਨੀਤਿਕ ਮਸਲਿਆਂ ‘ਤੇ ਨਹੀਂ ਬੋਲਦੇ, ਪਰ ਜਦੋਂ ਗੱਲ ਪੰਜਾਬ ਦੀ ਆਉਂਦੀ ਹੈ ਤਾਂ ਉਹ ਚੁੱਪ ਨਹੀਂ ਰਹਿ ਸਕਦੇ। ਉਨ੍ਹਾਂ ਦੇ ਅਨੁਸਾਰ ਪੰਜਾਬ ਸਿਰਫ਼ ਇੱਕ ਸੂਬਾ ਨਹੀਂ, ਸਗੋਂ ਇੱਕ ਜਜ਼ਬਾ ਅਤੇ ਵਿਰਾਸਤ ਹੈ, ਜਿਸ ਨੂੰ ਬਾਹਰਲੇ ਲੋਕ ਅਕਸਰ ਠੀਕ ਤਰੀਕੇ ਨਾਲ ਸਮਝ ਨਹੀਂ ਸਕਦੇ।
#WATCH | Singer Yo Yo Honey Singh (Hirdesh Singh) met with BJP National General Secretary Tarun Chugh.
— ANI (@ANI) May 26, 2026
He said, "Drugs are ruining families and youth in Punjab. Punjab must be saved from this."
BJP's Tarun Chugh said, "Yo Yo Honey Singh is a son of Punjab who has made a name… pic.twitter.com/jBodpy34Tc
ਤਰੁਣ ਚੁੱਘ ਦੀ ਸੋਚ ‘ਤੇ ਵੀ ਚੁੱਕੇ ਸਵਾਲ
ਜਸਬੀਰ ਜੱਸੀ ਨੇ ਤਰੁਣ ਚੁੱਘ ਨਾਲ ਆਪਣੀ ਇੱਕ ਪੁਰਾਣੀ ਮੁਲਾਕਾਤ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਉਸ ਸਮੇਂ ਵੀ ਉਨ੍ਹਾਂ ਨੇ ਚੁੱਘ ਨੂੰ ਕਿਹਾ ਸੀ ਕਿ ਪੰਜਾਬ ਵਿੱਚ ਅਜਿਹੇ ਲੋਕਾਂ ਨੂੰ ਅੱਗੇ ਲਿਆਂਦਾ ਜਾ ਰਿਹਾ ਹੈ, ਜਿਨ੍ਹਾਂ ਨੂੰ ਪੰਜਾਬ ਦੇ ਲੋਕ ਕਦੇ ਵੀ ਦਿਲੋਂ ਸਵੀਕਾਰ ਨਹੀਂ ਕਰਨਗੇ।
ਉਨ੍ਹਾਂ ਕਿਹਾ ਕਿ ਪੰਜਾਬ ਦਾ ਹਿੰਦੂ ਹੋਵੇ ਜਾਂ ਸਿੱਖ, ਦੋਵੇਂ ਪੰਜਾਬ ਦੀ ਮਿੱਟੀ, ਇਤਿਹਾਸ ਅਤੇ ਗੁਰਬਾਣੀ ਨਾਲ ਜੁੜੇ ਹੋਏ ਹਨ। ਜੱਸੀ ਮੁਤਾਬਕ ਪੰਜਾਬ ਦੀ ਸੋਚ ਅਤੇ ਭਾਵਨਾਵਾਂ ਨੂੰ ਸਮਝੇ ਬਿਨਾਂ ਅਜਿਹੇ ਚਿਹਰੇ ਅੱਗੇ ਲਿਆਉਣਾ ਠੀਕ ਨਹੀਂ।
ਜੱਸੀ ਨੇ ਅਖੀਰ ਵਿੱਚ ਕਿਹਾ ਕਿ ਉਨ੍ਹਾਂ ਨੂੰ ਪਤਾ ਹੈ ਕਿ ਇਸ ਬਿਆਨ ਨਾਲ ਉਨ੍ਹਾਂ ਨੂੰ ਨੁਕਸਾਨ ਹੋ ਸਕਦਾ ਹੈ, ਪਰ ਉਹ ਪੰਜਾਬ ਦੇ ਹੱਕ ਵਿੱਚ ਆਵਾਜ਼ ਚੁੱਕਣ ਤੋਂ ਪਿੱਛੇ ਨਹੀਂ ਹਟਣਗੇ। ਉਨ੍ਹਾਂ ਕਿਹਾ, “ਪੰਜਾਬ ਜ਼ਿੰਦਾਬਾਦ ਹੈ ਤੇ ਹਮੇਸ਼ਾਂ ਰਹੇਗਾ।”
-(ਟੀਵੀ 9 ਪੰਜਾਬੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


