ਸਾਉਣੀ ਦੌਰਾਨ ਨਰਮੇ ਤੇ ਗੁਲਾਬੀ ਸੁੰਡੀ ਦੀ ਰੋਕਥਾਮ ਸਬੰਧੀ ਮੁਹਿੰਮ ਸ਼ੁਰੂ
ਫਰੀਦਕੋਟ, 5 ਮਾਰਚ (ਗੁਰਮੀਤ ਸਿੰਘ ਬਰਾੜ) – ਸਕੱਤਰ ਖੇਤੀਬਾੜੀ ਪੰਜਾਬ ਸ. ਦਿਲਰਾਜ ਸਿੰਘ ਅਤੇ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਡਾ. ਗੁਰਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਮੁੱਖ ਖੇਤੀਬਾੜੀ ਅਫ਼ਸਰ, ਫ਼ਰੀਦਕੋਟ ਡਾ. ਕਰਨਜੀਤ ਸਿੰਘ ਦੀ ਰਹਿਨੁਮਾਈ ਹੇਠ ਪਿਛਲੇ ਸਾਲ ਨਰਮਾ-ਪੱਟੀ ਵਾਲੇ ਜ਼ਿਲ੍ਹਿਆਂ ਵਿੱਚ ਹੋਈ ਗੁਲਾਬੀ ਸੁੰਡੀ ਕਾਰਨ ਤਬਾਹੀ ਦੇ ਮੱਦੇਨਜ਼ਰ ਨਰਮੇ ਦੇ ਅਗਾਮੀ ਸੀਜ਼ਨ ਦੌਰਾਨ ਗੁਲਾਬੀ ਸੁੰਡੀ ਦੀ ਸੁਚੱਜੀ ਰੋਕਥਾਮ ਅਤੇ ਅਗਾਊਂ-ਪ੍ਰਬੰਧਾਂ ਤਹਿਤ ਖੇਤੀਬਾਡ਼ੀ ਅਤੇ ਕਿਸਾਨ ਭਲਾਈ ਵਿਭਾਗ, ਬਲਾਕ ਫਰੀਦਕੋਟ ਵੱਲੋਂ ਜੰਗੀ ਪੱਧਰ ਤੇ ਤਿਆਰੀਆਂ ਵਿੱਢੀਆਂ ਹੋਈਆਂ ਹਨ। ਇਨ੍ਹਾਂ ਤਿਆਰੀਆਂ ਤਹਿਤ ਬਲਾਕ ਫ਼ਰੀਦਕੋਟ ਦੇ ਬਲਾਕ ਖੇਤੀਬਾਡ਼ੀ ਅਫਸਰ ਡਾ. ਰਾਮ ਸਿੰਘ ਗਿੱਲ, ਡਾ. ਯਾਦਵਿੰਦਰ ਸਿੰਘ ਏ.ਡੀ.ਓ. ਅਤੇ ਸੁਖਦੀਪ ਸਿੰਘ ਖੇਤੀਬਾੜੀ ਉੱਪ ਨਿਰੀਖਕ ਵੱਲੋਂ ਮਚਾਕੀ ਕਲਾਂ ਸਰਕਲ ਦੇ ਨਰਮਾ ਬੀਜਣ ਵਾਲੇ ਪਿੰਡ ਚੇਤ ਸਿੰਘ ਵਾਲਾ, ਸ਼ੇਰ ਸਿੰਘ ਵਾਲਾ ਅਤੇ ਢਾਬ ਸ਼ੇਰ ਸਿੰਘ ਵਾਲਾ ਦਾ ਦੌਰਾ ਕੀਤਾ ਗਿਆ ਅਤੇ ਕਿਸਾਨਾਂ ਨੂੰ ਇਸ ਗੱਲ ਪ੍ਰਤੀ ਜਾਗਰੂਕ ਕੀਤਾ ਗਿਆ ਕਿ ਆਉਣ ਵਾਲੇ ਨਰਮੇ ਦੇ ਸੀਜ਼ਨ ਵਿੱਚ ਗੁਲਾਬੀ ਸੁੰਡੀ ਦੇ ਸੰਭਾਵਿਤ ਖ਼ਤਰੇ ਤੋਂ ਕਿਵੇਂ ਬਚਣਾ ਹੈ ਅਤੇ ਉਸ ਦੀ ਰੋਕਥਾਮ ਕਿਵੇਂ ਕਰਨੀ ਹੈ। ਇਸ ਮੌਕੇ ਡਾ.ਯਾਦਵਿੰਦਰ ਸਿੰਘ ਨੇ ਕਿਸਾਨਾਂ ਦੇ ਸਮੂਹ ਨੂੰ ਨਰਮੇ ਦੀਆਂ ਛਟੀਆਂ ਦੇ ਢੇਰਾਂ ਵਿੱਚੋਂ ਅੱਧ-ਖਿੜੇ ਟੀਂਡਿਆਂ ਨੂੰ ਖੋਲ੍ਹ ਕੇ ਵੜੇਵਿਆਂ ਵਿਚ ਮੌਜੂਦ ਗੁਲਾਬੀ ਸੁੰਡੀ ਦੇ ਲਾਰਵਿਆਂ ਨੂੰ ਦਿਖਾਇਆ। ਖੇਤੀਬਾਡ਼ੀ ਮਾਹਿਰਾਂ ਨੇ ਦੱਸਿਆ ਕਿ ਇਸ ਸਮੇਂ ਕਿਸਾਨ ਵੀਰਾਂ ਨੂੰ ਬਹੁਤ ਹੀ ਸੁਚੇਤ ਰਹਿਣ ਦੀ ਲੋੜ ਹੈ। ਇਸ ਵਕਤ ਜੋ ਖੇਤਾਂ ਨੇੜੇ ਨਰਮੇ ਦੀਆਂ ਛਟੀਆਂ ਦੇ ਢੇਰ ਪਏ ਹਨ, ਉਨ੍ਹਾਂ ਵਿੱਚ ਪਏ ਟੀਂਡਿਆਂ ਵਿੱਚ ਗੁਲਾਬੀ ਸੁੰਡੀ ਅਜੇ ਵੀ ਜਿਉਂਦੀ ਹੈ, ਜਿਸ ਤੋਂ ਆਉਣ ਵਾਲੇ ਨਰਮੇ ਨੂੰ ਗੁਲਾਬੀ ਸੁੰਡੀ ਦੇ ਹਮਲੇ ਦਾ ਬਹੁਤ ਜ਼ਿਆਦਾ ਖਤਰਾ ਹੈ। ਇਸ ਕਰਕੇ ਉਨ੍ਹਾਂ ਟੀਂਡਿਆਂ ਨੂੰ ਛਟੀਆਂ ਨਾਲੋਂ ਝਾੜ ਕੇ ਨਸ਼ਟ ਕਰਨਾ ਬਹੁਤ ਜ਼ਰੂਰੀ ਹੈ। ਮੌਕੇ ਤੇ ਮੌਜੂਦ ਕਿਸਾਨਾਂ ਨੂੰ ਵਿਸਥਾਰ ਨਾਲ ਦੱਸਿਆ ਗਿਆ ਕਿ ਕਿਸ ਤਰ੍ਹਾਂ ਇਕ ਮਾਦਾ-ਸੁੰਡੀ ਇਕ ਸੀਜ਼ਨ ਵਿੱਚ ਆਪਣੇ ਜੀਵਨ ਚੱਕਰ ਵਿੱਚ ਲੱਖਾਂ ਦੀ ਗਿਣਤੀ ਵਿੱਚ ਵਾਧਾ ਕਰ ਸਕਦੀ ਹੈ ਅਤੇ ਨਰਮੇ ਦੀ ਫਸਲ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਸਕਦੀ ਹੈ। ਨਰਮੇ ਦੇ ਢੇਰਾਂ ਦੀ ਰਹਿੰਦ-ਖੂੰਹਦ ਨੂੰ ਮਾਰਚ ਮਹੀਨੇ ਦੇ ਅੰਤ ਤੱਕ ਖਤਮ ਕਰਨਾ ਜ਼ਰੂਰੀ ਹੈ ਤਾਂ ਜੋ ਆਉਣ ਵਾਲੀ ਨਰਮੇ ਦੀ ਫ਼ਸਲ ਤੋਂ ਚੰਗਾ ਝਾੜ ਲਿਆ ਜਾ ਸਕੇ। ਗੁਲਾਬੀ ਸੁੰਡੀ ਦੇ ਲਾਰਵੇ ਨੂੰ ਖਤਮ ਕਰਨ ਲਈ ਚਲਾਈ ਇਸ ਮੁਹਿੰਮ ਦੌਰਾਨ ਕਿਸਾਨਾਂ ਦੇ ਕੈਂਪ ਲਗਾਏ ਜਾ ਰਹੇ ਹਨ ਅਤੇ ਨੁੱਕੜ-ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਪੰਚਾਇਤਾਂ ਅਤੇ ਕਿਸਾਨ ਯੂਨੀਅਨਾਂ ਦੇ ਅਹੁਦੇਦਾਰਾਂ ਨਾਲ ਰਾਬਤਾ ਕਾਇਮ ਕਰਕੇ ਅਤੇ ਗੁਰਦੁਆਰਾ ਸਾਹਿਬ ਤੋਂ ਅਨਾਊਂਸਮੈਂਟਾਂ ਕਰਵਾ ਕੇ ਗੁਲਾਬੀ ਸੁੰਡੀ ਤੋਂ ਆਉਣ ਵਾਲੇ ਨਰਮੇ ਦੀ ਫਸਲ ਨੂੰ ਬਚਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ।
ਸਾਉਣੀ ਦੌਰਾਨ ਨਰਮੇ ਤੇ ਗੁਲਾਬੀ ਸੁੰਡੀ ਦੀ ਰੋਕਥਾਮ ਸਬੰਧੀ ਮੁਹਿੰਮ ਸ਼ੁਰੂ
previous post