ਸਰਕਾਰੀ ਕਾਲਜ ਆਫ ਐਜੂਕੇਸ਼ਨ ‘ਚ ਕਰਵਾਈ ਗਈ ‘ਫਿਟ ਇੰਡੀਆ ਫ੍ਰੀਡਮ ਰਨ’
ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਫੀਲਡ ਆਊਟਰੀਚ ਬਿਊਰੋ ਵੱਲੋਂ ਕੀਤਾ ਗਿਆ ਆਯੋਜਨ
ਵਿਦਿਆਰਥੀਆਂ ਨੇ ਦੌੜ ਲਾ ਕੇ ਦਿੱਤਾ ਫਿਟਨੈਸ ਦਾ ਸੁਨੇਹਾ, ਲੇਖ ਤੇ ਚਿੱਤਰ ਮੁਕਾਬਲੇ ਵੀ ਕਰਵਾਏ ਗਏ
ਸੋਮਵਾਰ ਨੂੰ ਕਾਲਜ ‘ਚ ਚਲਾਇਆ ਜਾਵੇਗਾ ਜ਼ਿਲ੍ਹਾ ਪੱਧਰੀ ਕੋਵਿਡ ਟੀਕਾਕਰਣ ਅਭਿਆਨ
ਡੀ.ਸੀ. ਹਰਬੀਰ ਸਿੰਘ ਖ਼ਾਸ ਤੌਰ ‘ਤੇ ਕਰਨਗੇ ਸ਼ਿਰਕਤ
ਫਰੀਦਕੋਟ, 12 ਮਾਰਚ (ਗੁਰਮੀਤ ਸਿੰਘ ਬਰਾੜ) ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਫੀਲਡ ਆਊਟਰੀਚ ਬਿਊਰੋ ਵੱਲੋਂ ਸਰਕਾਰੀ ਕਾਲਜ ਆਫ ਐਜੂਕੇਸ਼ਨ ਵਿੱਚ ਹਰ ਘਰ ਦਸਤਕ, ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਤੇ ਸਵੱਛ ਭਾਰਤ ਦੀ ਥੀਮ ‘ਤੇ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਵਿੱਚ ਖਿੱਚ ਦਾ ਕੇਂਦਰ ਰਹੀ ਫਿਟ ਇੰਡੀਆ ਫ੍ਰੀਡਮ ਰਨ ਨੂੰ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਫੀਲਡ ਆਊਟਰੀਚ ਬਿਊਰੋ ਅੰਮ੍ਰਿਤਸਰ ਦੇ ਮੁਖੀ ਗੁਰਮੀਤ ਸਿੰਘ (ਆਈ.ਆਈ.ਐੱਸ.) ਅਤੇ ਪ੍ਰਿੰਸੀਪਲ ਪ੍ਰੋਫੈਸਰ ਕਮਲਦੀਪ ਸਿੰਘ ਨੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਅਧਿਕਾਰੀ ਗੁਰਮੀਤ ਸਿੰਘ ਨੇ ਕਿਹਾ ਕਿ ਦੇਸ਼ ਭਰ ਵਿੱਚ ਕੋਵਿਡ ਜਾਗਰੂਕਤਾ ਅਭਿਆਨ, ਸਵੱਛ ਭਾਰਤ ਮੁਹਿੰਮ ਤੇ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਦੀ ਥੀਮ ਉੱਤੇ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੀਤੇ ਵਰ੍ਹੇ ਮਾਰਚ ਮਹੀਨੇ ਵਿੱਚ ਅਜ਼ਾਦੀ ਦਾ ਅੰਮ੍ਰਿਤ ਮਹੋਤਸਵ ਦੀ ਥੀਮ ਉੱਤੇ ਸ਼ੁਰੂ ਹੋਏ ਪ੍ਰੋਗਰਾਮਾਂ ਦੀ ਲੜੀ 75 ਹਫ਼ਤਿਆਂ ਦਾ ਸਫ਼ਰ ਤੈਅ ਕਰਦੀ ਹੋਈ ਸਮਾਪਤ ਹੋਵੇਗੀ। ਇਸਦੇ ਨਾਲ ਹੀ ਕੋਵਿਡ ਜਾਗਰੂਕਤਾ ਅਭਿਆਨ ਅਤੇ ਸਵੱਛ ਭਾਰਤ ਅਭਿਆਨ ਬਾਰੇ ਮੰਤਰਾਲੇ ਵੱਲੋਂ ਲੋਕਾਂ ਨੂੰ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੌਕੇ ਬੋਲਦਿਆਂ ਕਾਲਜ ਦੇ ਪ੍ਰਿੰਸੀਪਲ ਪ੍ਰੋਫੈਸਰ ਕਮਲਦੀਪ ਸਿੰਘ ਨੇ ਕਿਹਾ ਕਿ ਸਮਾਜ ਨੂੰ ਪ੍ਰੇਰਿਤ ਕਰਨ ਲਈ ਅਜਿਹੇ ਪ੍ਰੋਗਰਾਮਾਂ ਦਾ ਆਯੋਜਨ ਅਕਸਰ ਕੀਤਾ ਜਾਂਦਾ ਹੈ ਤੇ ਮੰਤਰਾਲੇ ਵਲੋਂ ਅਜਿਹੇ ਪ੍ਰੋਗਰਾਮ ਕਰਵਾਉਣਾ ਇਕ ਸ਼ਲਾਘਾਯੋਗ ਉਪਰਾਲਾ ਹੈ। ਇਸ ਦੌਰਾਨ ਚਿੱਤਰ ਤੇ ਲੇਖ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਜੇਤੂ ਵਿਦਿਆਰਥੀਆਂ ਨੂੰ ਭਲਕੇ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਦੱਸ ਦਈਏ ਕਿ ਫਿਟ ਇੰਡੀਆ ਫਰੀਡਮ ਰਨ ਵਿਚ ਕਾਲਜ ਦੇ ਵਿਦਿਰਥੀਆਂ ਤੋਂ ਇਲਾਵਾ ਐਨ.ਐੱਸ.ਐੱਸ. ਤੇ ਐਨ.ਵਾਈ.ਕੇ.ਐੱਸ. ਦੇ ਪ੍ਰਤੀਭਾਗੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਸੋਮਵਾਰ ਨੂੰ ਕਾਲਜ ਵਿੱਚ ਇੱਕ ਜ਼ਿਲਾ ਪੱਧਰੀ ਕੋਵਿਡ ਟੀਕਾਕਰਣ ਅਭਿਆਨ ਚਲਾਇਆ ਜਾਵੇਗਾ। ਇਸ ਪ੍ਰੋਗਰਾਮ ਵਿੱਚ ਜ਼ਿਲੇ ਦੇ ਡਿਪਟੀ ਕਮਿਸ਼ਨਰ ਹਰਬੀਰ ਸਿੰਘ ਖ਼ਾਸ ਤੌਰ ‘ਤੇ ਸ਼ਿਰਕਤ ਕਰਨਗੇ।