ਕੁਦਰਤੀ ਸੋਮੇ ਪਾਣੀ ਦੀ ਪੂਰੀ ਸੰਜਮ ਨਾਲ ਵਰਤੋਂ ਕਰਨੀ ਚਾਹੀਦੀ ਹੈ- ਹਰਬੀਰ ਸਿੰਘ
ਕੇਂਦਰੀ ਭੂਮੀਜਲ ਬੋਰਡ ਦੀ ਮੀਟਿੰਗ ਹੋਈ
ਫਰੀਦਕੋਟ, 16 ਮਾਰਚ (ਗੁਰਮੀਤ ਸਿੰਘ ਬਰਾੜ) ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ,ਬਚਾਉਣ ਲਈ ਇਕ ਵਿਸ਼ੇਸ਼ ਮੀਟਿੰਗ ਡਿਪਟੀ ਕਮਿਸ਼ਨਰ ਸ. ਹਰਬੀਰ ਸਿੰਘ ਦੀ ਪ੍ਰਧਾਨਗੀ ਹੇਠ ਸਥਾਨਕ ਅਸ਼ੋਕਾ ਚੱਕਰ ਮੀਟਿੰਗ ਹਾਲ ਵਿੱਚ ਹੋਈ। ਜਿਸ ਵਿੱਚ ਕੇਂਦਰੀ ਭੂਮੀਜਲ ਬੋਰਡ, ਉੱਤਰੀ ਪੱਛਮੀ ਖੇਤਰ ਚੰਡੀਗੜ੍ਹ ਤੋਂ ਆਏ ਅਧਿਕਾਰੀ ਨੇ ਵਿਸ਼ੇਸ਼ ਪ੍ਰਸਤੂਤੀਕਰਨ ਅਤੇ ਮੈਪਿੰਗ ਰਾਹੀਂ ਧਰਤੀ ਹੇਠਲੇ ਪਾਣੀ ਦੇ ਪੱਧਰ ਦੇ ਡੂੰਘਾ ਹੋਣ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਇਸ ਮੌਕੇ ਕੇਂਦਰੀ ਭੂਮੀਜਲ ਬੋਰਡ, ਉੱਤਰੀ ਪੱਛਮੀ ਖੇਤਰ ਚੰਡੀਗੜ੍ਹ ਤੋਂ ਆਏ ਅਧਿਕਾਰੀ ਨੇ ਦੱਸਿਆ ਕਿ ਧਰਤੀ ਹੇਠਲੇ ਪਾਣੀ ਦੀ ਸਹੀ ਵਰਤੋਂ ਨਾ ਕਰਨ ਕਾਰਨ ਪਿਛਲੇ ਸਾਲਾਂ ਵਿੱਚ ਪਾਣੀ ਦਾ ਪੱਧਰ ਹੇਠਾਂ ਡਿੱਗਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਵਿਭਾਗ ਵੱਲੋਂ ਲਗਾਤਾਰ ਖੋਜ ਕੀਤੀ ਗਈ ਹੈ ਕਿ ਫਰੀਦਕੋਟ ਜਿਲੇ ਦੇ ਤਿੰਨੇ ਬਲਾਕਾਂ ਵਿੱਚ ਪਾਣੀ ਦਾ ਪੱਧਰ ਗਿਰ ਰਿਹਾ ਹੈ ਅਤੇ ਇਨ੍ਹਾਂ ਨੂੰ ਖਤਰੇ ਵਾਲੇ ਜੋਨ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪਾਣੀ ਦੇ ਹੇਠਲੇ ਪੱਧਰ ਨੂੰ ਉੱਚਾ ਕਰਨ ਲਈ ਨਾ ਵਰਤੋਂਯੋਗ ਪਾਣੀ ਅਤੇ ਵਰਤੋਯੋਗ ਪਾਣੀ ਨੂੰ ਮਿਲਾ ਕੇ ਇਸ ਦੀ ਵਰਤੋਂ ਖੇਤੀਬਾੜੀ ਵਿੱਚ ਕੀਤੀ ਜਾਵੇ । ਉਨ੍ਹਾਂ ਕਿਹਾ ਕਿ ਇਹ ਪਾਣੀ ਫਸਲਾਂ ਲਈ ਨੁਕਸਾਨਦੇਹ ਨਹੀਂ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਸ. ਹਰਬੀਰ ਸਿੰਘ ਨੇ ਚਿੰਤਾ ਦਾ ਪ੍ਰਗਟਾਵਾ ਕਰਦਿਆ ਕਿਹਾ ਕਿ ਸਾਨੂੰ ਸਾਰਿਆਂ ਨੂੰ ਪਾਣੀ ਦੀ ਪੂਰੀ ਸੰਜਮ ਨਾਲ ਵਰਤੋਂ ਕਰਨੀ ਚਾਹੀਦੀ ਹੈ ਕਿਉਕਿ ਪਾਣੀ ਕੁਦਰਤੀ ਸੋਮਾ ਹੈ ਤੇ ਇਸ ਦਾ ਕੋਈ ਵੀ ਹੋਰ ਬਦਲ ਨਹੀਂ ਹੈ। ਉਨ੍ਹਾ ਕਿਹਾ ਕਿ ਸਾਨੂੰ ਸਾਰਿਆਂ ਨੂੰ ਪਾਣੀ ਦੀ ਦੁਰਵਰਤੋਂ ਨੂੰ ਰੋਕਣ ਦੇ ਨਾਲ ਨਾਲ ਧਰਤੀ ਹੇਠਲੇ ਪਾਣੀ ਨੂੰ ਵਧਾਉਣ ਲਈ ਵੀ ਉਪਰਾਲੇ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਪਾਣੀ ਨਾਲ ਹੀ ਮਨੁੱਖੀ ਜਿੰਦਗੀ ਦੀ ਹੋਂਦ ਹੈ। ਉਨ੍ਹਾਂ ਕਿਹਾ ਕਿ ਜਿਲ੍ਹਾ ਪ੍ਰਸ਼ਾਸਨ ਵੱਲੋਂ ਛੱਪੜਾਂ ਦੀ ਸਫਾਈ ਅਤੇ ਪੌਦੇ ਲਗਾਉਣ ਤੋਂ ਇਲਾਵਾ ਬਰਸਾਤੀ ਪਾਣੀ ਨੂੰ ਜ਼ਮੀਨ ਵਿਚ ਰਿਚਾਰਜ ਕਰਨ ਅਤੇ ਪਾਣੀ ਦੀ ਸੰਭਾਲ ਦੇ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਯੂ.ਡੀ. ਸ. ਪਰਮਦੀਪ ਸਿੰਘ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਪ੍ਰੀਤ ਮਹਿੰਦਰ ਸਿੰਘ ਸਹੋਤਾ, ਡੀ.ਡੀ.ਪੀ.ਓ. ਸ. ਬਲਜੀਤ ਸਿੰਘ ਕੈਂਥ, ਮੁੱਖ ਖੇਤੀਬਾੜੀ ਅਫਸਰ ਡਾ. ਕਿਰਨਜੀਤ ਸਿੰਘ, ਐਕਸੀਅਨ ਸੀਵਰੇਜ ਬੋਰਡ ਪਾਰੁਲ ਗੋਇਲ, ਕਾਰਜ ਸਾਧਕ ਅਫਸਰ ਸ੍ਰੀ ਅਮ੍ਰਿੰਤ ਲਾਲ, ਐਕਸੀਅਨ ਨਗਰ ਕੌਸਲ ਸ੍ਰੀ ਰਾਕੇਸ਼ ਕੰਬੋਜ, ਬੀ.ਡੀ.ਪੀ.ਓ ਸ੍ਰੀ ਅਭਿਨਵ ਗੋਇਲ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।