ਰਿਲੀਜ਼ ਤੋਂ ਪਹਿਲਾਂ ਫਸੀ ਪੰਜਾਬੀ ਫਿਲਮ ‘ਦਸਤਾਰ’! ਸਕ੍ਰੀਨਿੰਗ ਮਗਰੋਂ ਵੀ ਸੈਂਸਰ ਸਰਟੀਫਿਕੇਟ ਦੀ ਉਡੀਕ
17 ਜੁਲਾਈ ਨੂੰ ਰਿਲੀਜ਼ ਲਈ ਤੈਅ ਫਿਲਮ ‘ਦਸਤਾਰ’ ਨੂੰ ਸਕ੍ਰੀਨਿੰਗ ਪੂਰੀ ਹੋਣ ਦੇ ਬਾਵਜੂਦ ਅਜੇ ਤੱਕ ਸੈਂਸਰ ਬੋਰਡ ਵੱਲੋਂ ਸਰਟੀਫਿਕੇਟ ਜਾਰੀ ਨਹੀਂ ਕੀਤਾ ਗਿਆ, ਜਿਸ ਕਾਰਨ ਫਿਲਮ ਦੀ ਰਿਲੀਜ਼ ਨੂੰ ਲੈ ਕੇ ਅਣਿਸ਼ਚਿਤਤਾ ਬਣੀ ਹੋਈ ਹੈ।

ਚੰਡੀਗੜ੍ਹ
ਫਿਲਮ ‘ਸਤਲੁਜ’ ਨੂੰ ਲੈ ਕੇ ਪੈਦਾ ਹੋਇਆ ਵਿਵਾਦ ਅਜੇ ਠੰਢਾ ਵੀ ਨਹੀਂ ਪਿਆ ਕਿ ਇੱਕ ਹੋਰ ਪੰਜਾਬੀ ਫਿਲਮ ਚਰਚਾ ਦਾ ਕੇਂਦਰ ਬਣ ਗਈ ਹੈ। 17 ਜੁਲਾਈ ਨੂੰ ਰਿਲੀਜ਼ ਲਈ ਤੈਅ ਫਿਲਮ ‘ਦਸਤਾਰ’ ਨੂੰ ਸਕ੍ਰੀਨਿੰਗ ਪੂਰੀ ਹੋਣ ਦੇ ਬਾਵਜੂਦ ਅਜੇ ਤੱਕ ਸੈਂਸਰ ਬੋਰਡ ਵੱਲੋਂ ਸਰਟੀਫਿਕੇਟ ਜਾਰੀ ਨਹੀਂ ਕੀਤਾ ਗਿਆ, ਜਿਸ ਕਾਰਨ ਫਿਲਮ ਦੀ ਰਿਲੀਜ਼ ਨੂੰ ਲੈ ਕੇ ਅਣਿਸ਼ਚਿਤਤਾ ਬਣੀ ਹੋਈ ਹੈ।
8 ਜੁਲਾਈ ਨੂੰ ਹੋਈ ਸੀ ਸਕ੍ਰੀਨਿੰਗ
ਜਾਣਕਾਰੀ ਅਨੁਸਾਰ, ਫਿਲਮ ਦੀ 8 ਜੁਲਾਈ ਨੂੰ ਦਿੱਲੀ ਵਿੱਚ ਸੈਂਸਰ ਬੋਰਡ ਸਾਹਮਣੇ ਸਕ੍ਰੀਨਿੰਗ ਹੋ ਚੁੱਕੀ ਹੈ। ਆਮ ਤੌਰ ‘ਤੇ ਸਕ੍ਰੀਨਿੰਗ ਤੋਂ ਇੱਕ ਜਾਂ ਦੋ ਦਿਨਾਂ ਅੰਦਰ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਫਿਲਮ ਨੂੰ ਸਰਟੀਫਿਕੇਟ ਮਿਲੇਗਾ, ਕੋਈ ਕੱਟ ਲੱਗੇਗਾ ਜਾਂ ਹੋਰ ਕਾਰਵਾਈ ਹੋਵੇਗੀ। ਇਹ ਜਾਣਕਾਰੀ ਬੋਰਡ ਦੀ ਵੈੱਬਸਾਈਟ ‘ਤੇ ਵੀ ਅਪਡੇਟ ਕਰ ਦਿੱਤੀ ਜਾਂਦੀ ਹੈ, ਪਰ ‘ਦਸਤਾਰ’ ਦੇ ਮਾਮਲੇ ਵਿੱਚ ਅਜੇ ਤੱਕ ਕੋਈ ਅਧਿਕਾਰਤ ਅਪਡੇਟ ਸਾਹਮਣੇ ਨਹੀਂ ਆਈ।
ਫਿਲਮ ਨਾਲ ਜੁੜੇ ਲੋਕਾਂ ਦੀ ਵਧੀ ਚਿੰਤਾ
ਫਿਲਮ ਨਾਲ ਜੁੜੇ ਕੁਝ ਲੋਕਾਂ ਨੇ ਦੱਸਿਆ ਕਿ ਰਿਲੀਜ਼ ਵਿੱਚ ਹੁਣ ਬਹੁਤ ਘੱਟ ਸਮਾਂ ਬਚਿਆ ਹੈ, ਫਿਰ ਵੀ ਨਾ ਤਾਂ ਸਰਟੀਫਿਕੇਟ ਜਾਰੀ ਕੀਤਾ ਗਿਆ ਹੈ ਅਤੇ ਨਾ ਹੀ ਕੋਈ ਸਪੱਸ਼ਟ ਜਵਾਬ ਦਿੱਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬੋਰਡ ਨਾਲ ਵਾਰ-ਵਾਰ ਸੰਪਰਕ ਕਰਨ ਦੇ ਬਾਵਜੂਦ ਵੀ ਕੋਈ ਅਪਡੇਟ ਨਹੀਂ ਮਿਲੀ।
ਤਰਸੇਮ ਜੱਸੜ ਅਤੇ ਯੋਗਰਾਜ ਸਿੰਘ ਮੁੱਖ ਭੂਮਿਕਾਵਾਂ ਵਿੱਚ
ਫਿਲਮ ਵਿੱਚ ਤਰਸੇਮ ਜੱਸੜ ਅਤੇ ਯੋਗਰਾਜ ਸਿੰਘ ਅਹਿਮ ਕਿਰਦਾਰ ਨਿਭਾ ਰਹੇ ਹਨ। ਟ੍ਰੇਲਰ ਵਿੱਚ ਤਰਸੇਮ ਜੱਸੜ ਦਾ ਸੰਵਾਦ—“ਇਹ ਇੱਕ ਸਿੰਘ ਦਾ ਪੁੱਤ ਹੈ, ਦਸਤਾਰ ਸਜਾਵਾਂਗਾ ਵੀ ਤੇ ਦਸਤਾਰ ਲਈ ਲੜਾਂਗਾ ਵੀ”—ਦਰਸ਼ਕਾਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਫਿਲਮ ਦਾ ਨਿਰਦੇਸ਼ਨ ਅਮਰ ਹੁੰਦਲ ਨੇ ਕੀਤਾ ਹੈ, ਜਦਕਿ ਇਸ ਦੇ ਨਿਰਮਾਤਾ ਗੁੰਨਬੀਰ ਸਿੰਘ ਸਿੱਧੂ ਅਤੇ ਮਨਮੋਰਦ ਸਿੰਘ ਸਿੱਧੂ ਹਨ।
ਸਿੱਖੀ ਅਤੇ ਪੰਜਾਬੀ ਇਤਿਹਾਸ ‘ਤੇ ਬਣੀਆਂ ਫਿਲਮਾਂ ‘ਤੇ ਸਵਾਲ
‘ਦਸਤਾਰ’ ਦੇ ਮਾਮਲੇ ਤੋਂ ਬਾਅਦ ਇੱਕ ਵਾਰ ਫਿਰ ਇਹ ਸਵਾਲ ਉੱਠ ਰਿਹਾ ਹੈ ਕਿ ਕੀ ਪੰਜਾਬ, ਪੰਜਾਬੀਅਤ ਅਤੇ ਸਿੱਖੀ ਨਾਲ ਜੁੜੀਆਂ ਫਿਲਮਾਂ ਨੂੰ ਹੀ ਵਧੇਰੇ ਦੇਰੀ ਅਤੇ ਸਖ਼ਤ ਜਾਂਚ ਦਾ ਸਾਹਮਣਾ ਕਰਨਾ ਪੈਂਦਾ ਹੈ? ਇਸ ਤੋਂ ਪਹਿਲਾਂ ‘ਚੜ੍ਹਦੀ ਕਲਾ’ ਅਤੇ ‘ਸਤਲੁਜ’ ਨੂੰ ਵੀ ਸੈਂਸਰ ਸਰਟੀਫਿਕੇਟ ਸਬੰਧੀ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ ਸੀ।
ਸਮੇਂ ਸਿਰ ਤੇ ਨਿਰਪੱਖ ਫੈਸਲੇ ਦੀ ਉਮੀਦ
ਫਿਲਮ ਉਦਯੋਗ ਅਤੇ ਪੰਜਾਬੀ ਦਰਸ਼ਕਾਂ ਦੀ ਮੰਗ ਹੈ ਕਿ ਹਰ ਫਿਲਮ ਨਾਲ ਇੱਕੋ ਜਿਹਾ ਅਤੇ ਨਿਰਪੱਖ ਵਿਵਹਾਰ ਕੀਤਾ ਜਾਵੇ। ਸਮੇਂ ਸਿਰ ਫੈਸਲੇ ਹੋਣ ਤਾਂ ਜੋ ਪੰਜਾਬੀ ਇਤਿਹਾਸ, ਸਭਿਆਚਾਰ ਅਤੇ ਸਿੱਖੀ ਨਾਲ ਜੁੜੀਆਂ ਕਹਾਣੀਆਂ ਬਿਨਾਂ ਬੇਲੋੜੀ ਦੇਰੀ ਦੇ ਦਰਸ਼ਕਾਂ ਤੱਕ ਪਹੁੰਚ ਸਕਣ।
–(ਪੀਟੀਸੀ ਨਿਊਜ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


