ਕਰੋਨਾ ਤੋਂ ਬਚਾਅ ਲਈ ਟੀਕਾਕਰਨ ਮੁਹਿੰਮ ਵਿਚ ਹੋਰ ਤੇਜ਼ੀ ਲਿਆਉਣ ਲਈ ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨਾਲ ਮੀਟਿੰਗ
ਸਕੂਲਾਂ ਵਿੱਚ 12 ਤੋਂ 14 ਸਾਲਾਂ ਦੇ ਵਿਦਿਆਰਥੀਆਂ ਦੀ ਜਲਦ ਕੀਤੀ ਜਾਵੇ ਵੈਕਸੀਨੇਸ਼ਨ
-100 ਪ੍ਰਤੀਸ਼ਤ ਟੀਕਾਕਰਨ ਹੀ ਕਰੋਨਾ ਤੋਂ ਬਚਾਅ ਦਾ ਸਹੀ ਹਥਿਆਰ
ਫ਼ਰੀਦਕੋਟ, 22 ਮਾਰਚ – (ਗਰਮੀਤ ਸਿੰਘ ਬਰਾੜ) ਫ਼ਰੀਦਕੋਟ ਜ਼ਿਲ੍ਹੇ ਵਿੱਚ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ 100 ਪ੍ਰਤੀਸ਼ਤ ਟੀਕਾਕਰਣ ਮੁਕੰਮਲ ਕਰਨ ਤਹਿਤ ਡਿਪਟੀ ਕਮਿਸ਼ਨਰ ਸ. ਹਰਬੀਰ ਸਿੰਘ ਵੱਲੋਂ ਜ਼ਿਲ੍ਹੇ ਦੇ ਸਿਹਤ ਵਿਭਾਗ, ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ ਅਤੇ ਉਨ੍ਹਾਂ ਨੂੰ ਟੀਕਾਕਰਨ ਮੁਹਿੰਮ ਵਿਚ ਹੋਰ ਤੇਜ਼ੀ ਲਿਆਉਣ ਦੇ ਆਦੇਸ਼ ਦਿੱਤੇ ਗਏ । ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ. ਰਾਜਦੀਪ ਸਿੰਘ ਬਰਾੜ, ਵਧੀਕ ਡਿਪਟੀ ਕਮਿਸ਼ਨਰ (ਅਰਬਨ) ਸ. ਪਰਮਦੀਪ ਸਿੰਘ ਵਿਸ਼ੇਸ਼ ਤੌਰ ਤੇ ਹਾਜਰ ਸਨ। ਡਿਪਟੀ ਕਮਿਸ਼ਨਰ ਨੇ ਸਮੂਹ ਅਧਿਕਾਰੀਆਂ ਨੂੰ ਕਿਹਾ ਕਿ ਉਹ ਪਿੰਡ, ਵਾਰਡ ਪੱਧਰ ਤੋਂ ਇਲਾਵਾ ਜ਼ਿਲ੍ਹੇ ਦੇ ਸਮੂਹ ਭੱਠਿਆਂ, ਲੇਬਰ ਕਲੋਨੀਆਂ, ਕਾਰਖ਼ਾਨਿਆਂ, ਉਦਯੋਗਾਂ,ਸਕੂਲਾਂ ਆਦਿ ਵਿੱਚ ਵੱਧ ਤੋਂ ਵੱਧ ਟੀਕਾਕਰਨ ਮੁਹਿੰਮ ਚਲਾਉਣ ਤਾਂ ਜੋ ਜ਼ਿਲ੍ਹੇ ਦਾ ਕੋਈ ਵੀ ਵਸਨੀਕ ਕੋਰੋਨਾ ਦੀ ਰੋਕਥਾਮ ਲਈ ਕੋਰੋਨਾ ਦੀ ਪਹਿਲੀ ਅਤੇ ਦੂਜੀ ਖੁਰਾਕ ਤੋਂ ਵਾਂਝਾ ਨਾ ਰਹੇ। ਉਨ੍ਹਾਂ ਕਿਹਾ ਕਿ ਕੋਰੋਨਾ ਦੀ ਰੋਕਥਾਮ ਲਈ ਸਿਰਫ਼ ਟੀਕਾਕਰਨ ਹੀ ਕਾਰਗਰ ਹਥਿਆਰ ਹੈ ਅਤੇ ਇਸ ਲਈ ਕਰੋਨਾ ਤੋਂ ਬਚਾਅ ਲਈ ਦੋਵੇਂ ਖੁਰਾਕਾਂ ਲਵਾਉਣੀਆਂ ਬਹੁਤ ਜ਼ਰੂਰੀ ਹਨ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਵੱਲੋਂ ਚਲਾਈ ਜਾ ਰਹੀ ਟੀਕਾਕਰਨ ਮੁਹਿੰਮ ਵਿਚ ਵੱਧ ਤੋਂ ਵੱਧ ਯੋਗਦਾਨ ਦੇਣ। ਉਨ੍ਹਾਂ ਪੰਚਾਇਤਾਂ, ਚੁਣੇ ਹੋਏ ਨੁਮਾਇੰਦਿਆਂ, ਸਵੈ ਸੇਵੀ ਧਾਰਮਿਕ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਕਰੋਨਾ ਵੈਕਸੀਨੇਸ਼ਨ ਦਾ ਜ਼ਿਲ੍ਹੇ ਵਿੱਚ 100 ਪ੍ਰਤੀਸ਼ਤ ਟੀਚਾ ਪੂਰਾ ਕਰਨ ਲਈ ਟੀਕਾਕਰਨ ਲਈ ਆਈਆਂ ਟੀਮਾਂ ਨੂੰ ਪੂਰਨ ਸਹਿਯੋਗ ਦੇਣ ਅਤੇ ਪਿੰਡਾਂ, ਸ਼ਹਿਰਾਂ ਵਿੱਚ ਕੋਈ ਵੀ ਨਾਗਰਿਕ ਟੀਕਾਕਰਨ ਤੋਂ ਵਾਂਝਾ ਨਾ ਰਹੇ । ਡਿਪਟੀ ਕਮਿਸ਼ਨਰ ਨੇ ਅਪੀਲ ਕੀਤੀ ਕਿ ਜਿੰਨ੍ਹਾਂ ਨੇ ਪਹਿਲੀ ਡੋਜ਼ ਲਗਵਾ ਲਈ ਸੀ ਅਤੇ ਦੂਜੀ ਡੋਜ਼ ਡਿਊ ਹੈ, ਉਹ ਵੀ ਆਪਣੀ ਦੂਜੀ ਡੋਜ਼ ਤੁਰੰਤ ਲਗਵਾ ਲੈਣ। ਇਸ ਮੌਕੇ ਸਿਵਲ ਸਰਜਨ ਡਾ ਸੰਜੇ ਕਪੂਰ ਨੇ ਇਸ ਮੌਕੇ ਡਿਪਟੀ ਕਮਿਸ਼ਨਰ ਦੇ ਧਿਆਨ ਹਿੱਤ ਲਿਆਂਦਾ ਕਿ ਹੁਣ ਤੱਕ 15 ਤੋਂ 17 ਸਾਲ ਤੱਕ 25326 ਬੱਚਿਆ ਦੀ ਵੈਕਸੀਨੇਸ਼ਨ ਕੀਤੀ ਜਾ ਚੁੱਕੀ ਹੈ ਜਦਕਿ ਕਿ 12 ਤੋਂ 14 ਸਾਲ ਤੱਕ 1962 ਬੱਚਿਆ ਦੀ ਵੈਕਸੀਨੇਸ਼ਨ ਕੀਤੀ ਜਾ ਚੁੱਕੀ ਹੈ ਅਤੇ ਵੈਕਸੀਨੇਸ਼ਨ ਦਾ ਕੰਮ ਲਗਾਤਾਰ ਜਾਰੀ ਹੈ। ਇਸ ਮੌਕੇ ਐਸ.ਡੀ.ਐਮ, ਫਰੀਦਕੋਟ ਮੈਡਮ ਬਲਜੀਤ ਕੌਰ, ਐਸ.ਡੀ.ਐਮ ਕੋਟਕਪੂਰਾ ਸ੍ਰੀ ਵਰਿੰਦਰ ਸਿੰਘ ,ਐਸ.ਐਮ.ਓ ਡਾ. ਚੰਦਰ ਸ਼ੇਖਰ ਕੱਕੜ, ਡਾ. ਪਾਮਿਲ. ਡਾ. ਹਿਮਾਂਸੂ ਗੁਪਤਾ, ਡਾ. ਸੰਜੀਵ ਭੰਡਾਰੀ, ਡਾ. ਪਰਮਜੀਤ ਬਰਾੜ, ਉਪ ਜਿਲਾ ਸਿੱਖਿਆ ਅਫਸਰ ਡਾ. ਜਸਵਿੰਦਰ ਹਾਂਡਾ, ਉਪ ਜਿਲਾ ਸਿੱਖਿਆ ਅਫਸਰ ਸੈਕੰਡਰੀ ਸ੍ਰੀ ਪ੍ਰਦੀਪ ਦਿਉੜਾ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ ।