ਸ਼ਹੀਦ ਭਗਤ ਸਿੰਘ ਅਤੇ ਵਿਸ਼ਵ ਰੰਗ ਮੰਚ ਨੂੰ ਸਮਰਪਿਤ
ਤਿੰਨ ਰੋਜ਼ਾ ਰਾਜ ਪੱਧਰੀ ਨਾਟ-ਉਤਸਵ 25 ਮਾਰਚ ਤੋਂ 27 ਮਾਰਚ ਤੱਕ
ਸਰਕਾਰੀ ਰਜਿੰਦਰਾ ਕਾਲਜ ਦੇ ਆਡੀਟੋਰੀਅਮ ਵਿਖੇ ਹੋਵੇਗਾ ਨਾਟ ਉਤਸਵ
ਬਠਿੰਡਾ, 24 ਮਾਰਚ (ਅੰਗਰੇਜ ਸਿੰਘ ਵਿੱਕੀ/ਬਲਜੀਤ ਸਿੰਘ ਕੋਟਗੁਰੂ)ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਭਾਸ਼ਾ ਵਿਭਾਗ ਪੰਜਾਬ ਵੱਲੋਂ ਤਿੰਨ ਰੋਜ਼ਾ ਰਾਜ ਪੱਧਰੀ ਨਾਟ-ਉਤਸਵ 25 ਮਾਰਚ ਤੋਂ 27 ਮਾਰਚ 2022 ਤੱਕ ਬਠਿੰਡਾ ਵਿਖੇ ਕਰਵਾਇਆ ਜਾ ਰਿਹਾ ਹੈ।ਇਹ ਜਾਣਕਾਰੀ ਜ਼ਿਲ੍ਹਾ ਭਾਸ਼ਾ ਅਫਸਰ ਸ੍ਰੀ ਕੀਰਤੀ ਕਿਰਪਾਲ ਸਿੰਘ ਨੇ ਇੱਥੇ ਸਾਂਝੀ ਕੀਤੀ। ਉਨ੍ਹਾਂ ਅੱਗੇ ਦੱਸਿਆ ਕਿ ਇੱਥੋਂ ਦੇ ਸਰਕਾਰੀ ਰਜਿੰਦਰਾ ਕਾਲਜ ਦੇ ਆਡੀਟੋਰੀਅਮ ਵਿਖੇ ਕਰਵਾਏ ਜਾ ਰਹੇ ਇਸ ਨਾਟ ਉਤਸਵ ਦੇ ਪਹਿਲੇ ਦਿਨ ਡਾ. ਸਤੀਸ਼ ਵਰਮਾ ਵੱਲੋਂ ਰਚਿਤ ਨਾਟਕ ‘ਲੋਕ ਮਨਾਂ ਦਾ ਰਾਜਾ ਮਹਾਰਾਜਾ ਰਣਜੀਤ ਸਿੰਘ’, ਦੂਸਰੇ ਦਿਨ ਡਾ਼ ਰਵੇਲ ਸਿੰਘ ਵੱਲੋਂ ਰਚਿਤ ਨਾਟਕ ‘ਮਰਜਾਣੀਆਂ’ ਅਤੇ ਆਖ਼ਰੀ ਦਿਨ ਡਾ਼ ਪਾਲੀ ਭੁਪਿੰਦਰ ਵੱਲੋਂ ਰਚਿਤ ਨਾਟਕ ‘ਮੈਂ ਭਗਤ ਸਿੰਘ’ ਖੇਡਿਆ ਜਾਵੇਗਾ। ਉਨ੍ਹਾਂ ਇਸ ਨਾਟ ਉਤਸਵ ਵਿਚ ਦਰਸ਼ਕਾਂ ਨੂੰ ਸ਼ਾਮਿਲ ਹੋਣ ਲਈ ਖੁੱਲਾ ਸੱਦਾ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਇਹ ਬੇਨਤੀ ਕੀਤੀ ਹੈ ਕਿ ਆਡੀਟੋਰੀਅਮ ਵਿੱਚ ਸੀਟਾਂ ਸੀਮਤ ਹੋਣ ਕਰਕੇ ਸਮੇਂ ਸਿਰ ਪਹੁੰਚਿਆ ਜਾਵੇ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਰਾਜ ਪੱਧਰੀ ਸਮਾਗਮ ਵਿੱਚ ਤਿੰਨ ਦਿਨਾਂ ਦੌਰਾਨ ਕੈਬਨਿਟ ਮੰਤਰੀ ਭਾਸ਼ਾਵਾਂ ਸ਼੍ਰੀ ਮੀਤ ਹੇਅਰ , ਬਠਿੰਡਾ ਅਰਬਨ ਤੋਂ ਵਿਧਾਇਕ ਸ਼੍ਰੀ ਜਗਰੂਪ ਸਿੰਘ ਗਿੱਲ ਅਤੇ ਹੋਰ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਪਹੁੰਚਣ ਦੀ ਸੰਭਾਵਨਾ ਹੈ।