ਐਮਬਰੋਜ਼ੀਅਲ ਫੁੱਟਬਾਲ ਅਕੈਡਮੀ ਨੂੰ ਆਲ ਇੰਡੀਆ ਫੁਟਬਾਲ ਫੈਡਰੇਸ਼ਨ ਤੋਂ ਮਾਨਤਾ ਮਿਲੀ
ਜ਼ੀਰਾ 28 ਮਾਰਚ ( ਅੰਗਰੇਜ਼ ਬਰਾੜ )- ਇਲਾਕੇ ਦੀ ਨਾਮਵਾਰ ਵਿੱਦਿਅਕ ਸੰਸਥਾ ਐਮਬਰੋਜ਼ੀਅਲ ਪਬਲਿਕ ਸਕੂਲ ਜ਼ੀਰਾ ਜਿੱਥੇ ਵਿੱਦਿਆ ਦੇ ਖੇਤਰ ਵਿੱਚ ਅੱਗੇ ਵਧ ਰਿਹਾ ਹੈ ਉਥੇ ਖੇਡਾਂ ਦੇ ਖੇਤਰ ਵਿੱਚ ਵੀ ਲਗਾਤਾਰ ਮੱਲਾਂ ਮਾਰ ਰਿਹਾ ਹੈ। ਖੇਡਾਂ ਦੇ ਖੇਤਰ ਵਿਚ ਕੀਤੀਆਂ ਹੋਈਆਂ ਪ੍ਰਾਪਤੀਆਂ ਵਿਚ ਇਕ ਹੋਰ ਪ੍ਰਾਪਤੀ ਉਸ ਵੇਲੇ ਜੁੜ ਗਈ ਜਦੋਂ ਐਮਬਰੋਜ਼ੀਅਲ ਫੁਟਬਾਲ ਅਕੈਡਮੀ ਨੂੰ ਆਲ ਇੰਡੀਆ ਫੁਟਬਾਲ ਫੈਡਰੇਸ਼ਨ ਵੱਲੋਂ ਮਾਨਤਾ ਦੇ ਦਿੱਤੀ ਗਈ। ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਚੇਅਰਮੈਨ ਸਰਦਾਰ ਸਤਨਾਮ ਸਿੰਘ ਬੁੱਟਰ ਨੇ ਦੱਸਿਆ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਯਤਨਸ਼ੀਲ ਸਨ ਕਿ ਫੁੱਟਬਾਲ ਦੇ ਖੇਤਰ ਵਿੱਚ ਇਸ ਇਲਾਕੇ ਦੇ ਬੱਚਿਆਂ ਨੂੰ ਇਕ ਅਜਿਹਾ ਪਲੇਟਫਾਰਮ ਮੁਹੱਈਆ ਕਰਵਾਇਆ ਜਾਵੇ ਜਿੱਥੇ ਉਹ ਆਪਣੀ ਪ੍ਰਤਿਭਾ ਨੂੰ ਨਿਖਾਰ ਸਕਣ ਅਤੇ ਇਸ ਵਿਚ ਉਨ੍ਹਾਂ ਦੇ ਯਤਨ ਉਦੋਂ ਸਫ਼ਲ ਹੋਏ ਜਦੋਂ ਐਮਬਰੋਜ਼ੀਅਲ ਫੁਟਬਾਲ ਅਕੈਡਮੀ ਨੂੰ ਆਲ ਇੰਡੀਆ ਫੁਟਬਾਲ ਫੈਡਰੇਸ਼ਨ ਨੇ ਰਜਿਸਟ੍ਰੇਸ਼ਨ ਨੰਬਰ AIFF/PFA/14626 ਜਾਰੀ ਕਰ ਕੇ ਮਾਨਤਾ ਦੇ ਦਿੱਤੀ। ਇੱਥੇ ਇਹ ਵੀ ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਐਮਬਰੋਜ਼ੀਅਲ ਬਾਕਸਿੰਗ ਅਕੈਡਮੀ ਦੇ ਨਾਮ ਹੇਠ ਗੌਰਮਿੰਟ ਤੋਂ ਮਾਨਤਾ ਪ੍ਰਾਪਤ ਵਿੰਗ ਵੀ ਸਫ਼ਲਤਾਪੂਰਵਕ ਚੱਲ ਰਿਹਾ ਹੈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਤੇਜ ਸਿੰਘ ਠਾਕੁਰ ਨੇ ਸਾਰੇ ਬੱਚਿਆਂ ਉਨ੍ਹਾਂ ਦੇ ਮਾਪਿਆਂ ਤੇ ਸਮੂਹ ਇਲਾਕੇ ਦੇ ਖਿਡਾਰੀਆਂ ਨੂੰ ਵਧਾਈ ਦਿੱਤੀ ਤੇ ਉਮੀਦ ਕੀਤੀ ਕਿ ਐਮਬਰੋਜ਼ੀਅਲ ਫੁਟਬਾਲ ਅਕੈਡਮੀ ਦੇ ਰਾਹੀਂ ਇਸ ਇਲਾਕੇ ਦੇ ਖਿਡਾਰੀ ਆਪਣੇ ਇਲਾਕੇ ਦਾ ਨਾਮ ਰੌਸ਼ਨ ਕਰਨਗੇ।
ਐਮਬਰੋਜੀਅਲ ਪਬਲਿਕ ਸਕੂਲ ਦੇ ਚੇਅਰਮੈਨ ਸਤਨਾਮ ਸਿੰਘ ਬੁੱਟਰ ਨੂੰ ਸਨਮਾਨਤ ਕਰਦੇ ਹੋਏ ਪ੍ਰਬੰਧਕ ( ਫੋਟੋ : ਅੰਗਰੇਜ ਬਰਾੜ )