ਅਦਾਰਾ ਪੀਟੀਸੀ ਸੈਕਸ ਸਕੈਂਡਲ ਵਿੱਚ ਸ਼ਾਮਿਲ ਹੋਣ ਕਰਕੇ, ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਬੰਦ ਕਰੇ: ਕੇਂਦਰੀ ਸਿੰਘ ਸਭਾ
ਚੰਡੀਗੜ੍ਹ, 29 ਮਾਰਚ (2022) – ਕੇਂਦਰੀ ਸਿੰਘ ਸਭਾ ਨੇ ਜਥੇਦਾਰ ਅਕਾਲ ਤਖਤ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਹੈ ਕਿ ਪੀਟੀਸੀ ਅਦਾਰੇ ਦਾ ਸੈਕਸ ਸਕੈਂਡਲ ਵਿੱਚ ਸ਼ਾਮਿਲ ਹੋਣ ਕਰਕੇ, ਇਹ ਚੈਨਲ ਦਰਬਾਰ ਸਾਹਿਬ ਤੋਂ ਪਵਿੱਤਰ ਗੁਰਬਾਣੀ ਦੇ ਪ੍ਰਸਾਰਣ ਕਰਨ ਦੇ ਨੈਤਿਕ ਅਧਿਕਾਰ ਖੋਹ ਬੈਠਾ ਹੈ। ਇਸ ਕਰਕੇ ਇਸ ਚੈਨਲ ਦੇ ਨੈਟਵਰਕ ਨੂੰ ਬਾਹਰ ਕੱਢ ਕੇ ਗੁਰਬਾਣੀ ਰੀਲੇਅ ਦੇ ਵੱਖਰੇ ਪ੍ਰਬੰਧ ਕੀਤੇ ਜਾਣ। ਕੇਂਦਰੀ ਸਿੰਘ ਸਭਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਅਵੱਗਿਆ ਤੇ ਤੁਰੰਤ ਨੋਟਿਸ ਲੈਣ ਦੀ ਬੇਨਤੀ ਕੀਤੀ ਹੈ। ਪੁਲਿਸ ਮੁਤਾਬਿਕ ਪੀਟੀਸੀ ਅਦਾਰੇ ਦੇ ਪ੍ਰਬੰਧਕ “ਮਿਸ ਪੰਜਾਬਣ” ਪ੍ਰੋਗਰਾਮ ਰਾਹੀ ਨੌਜਵਾਨ ਕੁੜੀਆਂ ਦੇ ਜਿਨਸੀ ਸ਼ੋਸ਼ਣ ਅਤੇ ਦੇਹ ਵਪਾਰ ਵਿੱਚ ਸ਼ਾਮਿਲ ਪਾਏ ਗਏ ਹਨ। “ਮਿਸ ਪੰਜਾਬਣ” ਮੁਕਾਬਲੇ ਵਿੱਚ ਸ਼ਾਮਿਲ ਹੋਈ ਇੱਕ ਲਾਅ ਦੀ ਵਿਦਿਆਰਥਣ ਜਦੋਂ ਸੈਕਸ ਸਕੈਂਡਲ ਨੂੰ ਨੰਗਾ ਕੀਤਾ ਹੈ। ਉਸਨੇ ਆਪਣੇ ਪਿਤਾ ਨੂੰ ਇਸ ਬਾਰੇ ਸੂਚਨਾ ਦਿੱਤੀ ਫਿਰ ਵੀਂ ਪ੍ਰਬੰਧਕਾਂ ਨੇ ਲੜਕੀ ਨੂੰ ਹੋਟਲ ਵਿੱਚੋਂ ਬਾਹਰ ਨਹੀਂ ਜਾਣ ਦਿੱਤਾ ਨਾ ਹੀ ਉਸਦੇ ਪਿਤਾ ਨੂੰ ਮਿਲਣ ਦਿੱਤਾ। ਪੀੜ੍ਹਤ ਲੜਕੀ ਦੇ ਪਿਤਾ ਨੇ ਹਾਈਕੋਰਟ ਨੂੰ ਪਹੁੰਚ ਕੀਤੀ ਅਤੇ ਕੋਰਟ ਰਾਹੀ ਭੇਜੇ “ਵਰੰਟ ਅਫਸਰ” ਰਾਹੀ ਲੜਕੀ ਦੀ ਪੰਜ ਦਿਨਾਂ ਬਾਅਦ 15 ਮਾਰਚ 2022 ਨੂੰ ਬਰਾਮਦੀ ਕੀਤੀ ਗਈ। ਮੁਹਾਲੀ ਦੇ ਵਿਸ਼ੇਸ਼ ਔਰਤ ਵਿੰਗ ਪੁਲਿਸ ਸਟੇਸ਼ਨ ਵਿਚ ਦਰਜ਼ ਐਫ ਆਈ ਆਰ 0002/17/03/2022 ਮੁਤਾਬਿਕ “ਮਿਸ ਪੰਜਾਬਣ” ਮੁਕਾਬਲੇ ਦੀਆਂ ਚਾਹਵਾਨ ਲੜਕੀਆਂ ਨੂੰ ਮੁਹਾਲੀ ਦੇ ਇਕ ਨਾਮੀ ਹੋਟਲ ਵਿੱਚ ਬੁਲਾਕੇ ਹਫਤਾ ਭਰ ਰੱਖਿਆ ਜਾਂਦਾ। ਮੁਕਾਬਲੇ ਦੀ ਟਰੇਨਿੰਗ ਦੌਰਾਨ ਉਹਨਾਂ ਨਾਲ ਅਸ਼ਲੀਲ ਛੇੜ-ਛਾੜ ਕਰਕੇ ਸ਼ਰੀਰਕ ਸਬੰਧਾਂ ਲਈ ਮਜ਼ਬੂਰ ਕੀਤਾ ਜਾਂਦਾ। ਜਿਹੜੀਆਂ ਲੜਕੀਆਂ ਵਿਰੋਧ ਕਰਦਿਆਂ, ਉਹਨਾਂ ਨੂੰ ਖਾਣ-ਪੀਣ ਦੀ ਚੀਜ਼ਾਂ ਰਾਹੀ ਨਸ਼ੀਲੇ ਪਦਾਰਥ ਦੇਕੇ ਬੇਹੋਸ਼ ਕਰ ਦਿੱਤਾ ਜਾਂਦਾ ਹੈ। ਕਈ ਲੜਕੀਆਂ ਨੂੰ ਅੱਗੇ ਮੋਹਤਵਰ ਬੰਦਿਆਂ ਕੋਲ ਵੀ ਪੇਸ਼ ਕੀਤੀਆਂ ਜਾਦੀਆਂ। ਪੁਲਿਸ ਵੱਲੋਂ ਐਫ ਆਈ ਆਰ ਪੀਟੀਸੀ ਅਦਾਰੇ ਦੇ ਐਮ.ਡੀ ਅਤੇ ਛੇ ਹੋਰ ਅਧਿਕਾਰੀਆਂ ਵਿਰੁੱਧ ਦਰਜ਼ ਹੈ। ਇਸ ਤੋਂ ਇਲਾਵਾ 20 ਤੋਂ 25 ਅਣਪਛਾਤੇ ਦੋਸ਼ੀ ਵੀ ਐਫ ਆਈ ਆਰ ਵਿੱਚ ਸ਼ਾਮਿਲ ਹਨ। ਦਰਬਾਰ ਸਾਹਿਬ ਤੋਂ ਰੋਜ਼ਾਨਾ ਪਵਿੱਤਰ ਗੁਰਬਾਣੀ ਅਤੇ ਹੁਕਮਨਾਮੇ ਦੇ ਪ੍ਰਸਾਰਣ ਉੱਤੇ ਇੱਕ ਸਿਆਸੀ ਪਰਿਵਾਰ ਦੇ ਨਿਜੀ ਚੈਨਲ ਪੀਟੀਸੀ ਨੇ ਪਿਛਲੇ ਦੋ ਦਹਾਕਿਆਂ ਤੋਂ ਏਕਾ ਅਧਿਕਾਰ ਜਮ੍ਹਾ ਰੱਖਿਆ ਹੈ। ਇਸ ਤਰ੍ਹਾਂ ਚੈਨਲ ਨੇ ਟੀ.ਆਰ.ਪੀ ਅਤੇ ਕਾਰਪੋਰੇਟ ਮੁਨਾਫੇ ਨੂੰ ਵਧਾਉਣ ਲਈ ਪਵਿੱਤਰ ਗੁਰਬਾਣੀ ਦਾ ਵਪਾਰੀਕਰਨ ਹੀ ਕਰ ਦਿੱਤਾ ਹੈ। ਸ਼੍ਰੋਮਣੀ ਕਮੇਟੀ ਉੱਤੇ ਕਾਬਜ਼ ਸਿਆਸੀ ਪਰਿਵਾਰ ਦੇ ਇਸ ਚੈਨਲ ਨੇ ਛੋਟੇ ਚੈਨਲਾਂ ਦਾ ਪ੍ਰਸਾਰਣ ਜਾਂ ਤਾਂ ਬੰਦ ਕਰਵਾ ਦਿੱਤਾ ਜਾਂ ਉਹਨਾਂ ਨੂੰ ਆਪਣੇ ਵਿੱਚ ਮਿਲਾ ਲਿਆ। ਸ਼੍ਰੋਮਣੀ ਕਮੇਟੀ ਨੂੰ ਘੱਟ ਤੋਂ ਘੱਟ ਪੈਸੇ ਦੇਕੇ, ਪੀਟੀਸੀ ਚੈਨਲ ਨੇ ਗੁਰਬਾਣੀ ਦਾ ਵਪਾਰੀਕਰਨ ਕਰਕੇ, ਸੱਤ ਕਰੋੜ ਰੁਪਏ ਦੀ ਰਕਮ ਨਾਲ ਸ਼ੁਰੂ ਹੋਏ ਇਸ ਚੈਨਲ ਦੀ ਪੂੰਜੀ ਹੁਣ ਵਧ ਕੇ 700 ਕਰੋੜ ਰੁਪਏ ਤੋਂ ਉਪਰ ਚਲੀ ਗਈ ਹੈ। ਮਨੋਰੰਜ਼ਨ ਇੰਡਸਟਰੀ ਦੇ ਇਸ ਵਪਾਰਕ ਅਦਾਰੇ ਦੇ ਕਈ ਹੋਰ ਛੋਟੇ ਚੈਨਲ ਗੁਰਬਾਣੀ ਪ੍ਰਸਾਰਣ ਤੋਂ ਪਿੱਛੋਂ ਅਸ਼ਲੀਲਤਾ ਪਰੋਸ਼ ਦਿੰਦੇ ਹਨ। ਕੇਂਦਰੀ ਸਿੰਘ ਸਭਾ ਨੇ ਮੰਗ ਕੀਤੀ ਹੈ ਜਦੋਂ ਹਿੰਦੂ ਅਤੇ ਇਸਲਾਮ ਦੇ ਵੱਡੇ ਧਾਰਮਿਕ ਅਦਾਰੇ ਆਪਣੇ ਸ਼ਰਧਾਲੂਆਂ ਲਈ ਮੁਫਤ ਪ੍ਰਸਾਰਣ ਕਰਦੇ ਹਨ ਜਦੋਂ ਸਿੱਖਾਂ ਨੂੰ ਪੀਟੀਸੀ ਚੈਨਲ ਦਾ ਪ੍ਰਸਾਰਣ ਕਰਨ ਲਈ ਕੇਬਲ ਮਾਲਕਾਂ ਨੂੰ ਗੁਰਬਾਣੀ ਪ੍ਰਸਾਰਣ ਤੇ ਹੁਕਮਨਾਮਾ ਦਾ ਸਰਵਨ ਕਰਨ ਲਈ ਪੈਸੇ ਦੇਣੇ ਪੈਂਦੇ ਹਨ। ਇਸ ਸਾਂਝੇ ਬਿਆਨ ਵਿੱਚ ਪ੍ਰੋਫੈਸਰ ਸ਼ਾਮ ਸਿੰਘ (ਪ੍ਰਧਾਨ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ),ਪੱਤਰਕਾਰ ਜਸਪਾਲ ਸਿੰਘ ਸਿੱਧੂ, ਇੰਜ. ਗੁਰਪਾਲ ਸਿੰਘ ਸਿੱਧੂ, ਸੁਰਿੰਦਰ ਸਿੰਘ ਕਿਸ਼ਨਪੁਰਾ, ਗੁਰਪ੍ਰੀਤ ਸਿੰਘ ਪ੍ਰਤੀਨਿਧ ਗਲੋਬਲ ਸਿੱਖ ਕੌਸਲ, ਇੰਜ. ਸੁਰਿੰਦਰ ਸਿੰਘ ਅਤੇ ਨਵਤੇਜ਼ ਸਿੰਘ।
ਜਾਰੀ ਕਰਤਾ:- ਖੁਸ਼ਹਾਲ ਸਿੰਘ ਜਨਰਲ ਸਕੱਤਰ ਕੇੱਦਰੀ ਸ੍ਰੀ ਗੁਰੂ ਸਿੰਘ ਸਭਾ, 93161-07093