ਨਸ਼ਾ ਮੁਕਤ ਸਮਾਜ ਲਈ ਸਮਾਜ ਦੇ ਹਰ ਵਰਗ ਦਾ ਸਹਿਯੋਗ ਜ਼ਰੂਰੀ :- ਡਾ ਸੰਜੇ ਕਪੂਰ
——————————————–
ਸਮੇਂ ਸਿਰ ਇਲਾਜ ਨਾ ਕਰਵਾਉਣ ਤੇਂ ਮਾਨਸਿਕ ਰੋਗ ਹੋ ਸਕਦਾ ਹੈ ਘਾਤਕ :- ਡਾ ਚੰਦਰ ਸ਼ੇਖਰ
—————————————–
ਮਾਨਸਿਕ ਰੋਗ ਨੂੰ ਨਾ ਛੁਪਾਓ :- ਡਾ ਨੇਹਾ
————————————–
ਫ਼ਰੀਦਕੋਟ, 31 ਮਾਰਚ – ਅੱਜ ਸਿਹਤ ਵਿਭਾਗ ਫ਼ਰੀਦਕੋਟ ਵਲੋਂ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਪਾਰਕ ਵਿੱਖੇ ਮਾਨਸਿਕ ਰੋਗਾਂ ਅਤੇ ਨਸ਼ਿਆਂ ਤੋਂ ਬਚਾਓ ਲਈ ਸਿਹਤ ਵਿਭਾਗ ਵਲੋਂ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਸੰਬਧੀ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸੈਮੀਨਾਰ ਵਿੱਚ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦੇ ਪਿਤਾ ਅੰਗਰੇਜ ਸਿੰਘ ਸੇਖੋਂ ਸ਼ਾਮਲ ਹੋਏ।ਜਾਗਰੂਕਤਾ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਫ਼ਰੀਦਕੋਟ ਡਾ ਸੰਜੇ ਕਪੂਰ ਨੇ ਮਾਨਸਿਕ ਸਿਹਤ ਅਤੇ ਮਾਨਸਿਕ ਰੋਗਾਂ ਅਤੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਮੁਫ਼ਤ ਸੇਵਾਵਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਨਸ਼ਾ ਮੁਕਤ ਸਮਾਜ ਲਈ ਸਮਾਜ ਦੇ ਹਰ ਵਰਗ ਦੇ ਸਹਿਯੋਗ ਦੀ ਲੋੜ ਹੈ। ਸਿਹਤ ਵਿਭਾਗ ਵਲੋਂ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਡਿਪਟੀ ਮੈਡੀਕਲ ਕਮਿਸ਼ਨਰ ਡਾ ਧੀਰਾ ਗੁਪਤਾ ਨੇ ਦੱਸਿਆ ਕਿ ਨਸ਼ਾ ਛੱਡਣ ਦੇ ਇੱਛੁਕ ਮਰੀਜ਼ ਸਿਹਤ ਵਿਭਾਗ ਦੇ ਨਸ਼ਾ ਛੁਡਾਊ ਕੇਂਦਰਾਂ ਵਿੱਖੇ ਆ ਕੇ ਆਪਣਾ ਇਲਾਜ਼ ਕਰਵਾ ਸਕਦੇ ਹਨ। ਇਹ ਇਲਾਜ਼ ਮਾਹਰ ਡਾਕਟਰ ਦੀ ਨਿਗਰਾਨੀ ਹੇਠ ਬਿਲਕੁੱਲ ਮੁੱਫਤ ਕੀਤਾ ਜਾਂਦਾ ਹੈ। ਸੀਨੀਅਰ ਮੈਡੀਕਲ ਅਫ਼ਸਰ ਡਾ ਚੰਦਰ ਸ਼ੇਖਰ ਨੇਂ ਮਾਨਸਿਕ ਰੋਗਾਂ ਬਾਰੇ ਜਾਣਕਾਰੀ ਦਿੰਦੇ ਕਿਹਾ ਕਿ ਮਾਨਸਿਕ ਥਕਾਨ ਸਾਨੂੰ ਮਾਨਸਿਕ ਤੌਰ ਤੇ ਬਿਮਾਰ ਕਰ ਸਕਦੀ ਹੈ।ਜਿਸ ਵੱਲ ਸਾਡਾ ਧਿਆਨ ਨਹੀਂ ਜਾਂਦਾ।ਕਈ ਵਾਰੀ ਪੜ੍ਹਾਈ ਜਾਂ ਕੰਮ ਦੇ ਬੋਝ, ਰਿਸ਼ਤਿਆਂ ਵਿੱਚ ਦਰਾਰ , ਕੈਰੀਅਰ ਨੂੰ ਲੈ ਕੇ ਚਿੰਤਾ ਸਾਨੂੰ ਤਣਾਅ ਤਾਂ ਦਿੰਦੀ ਹੈ ਅਤੇ ਜੇਕਰ ਇਹ ਤਨਾਅ ਲੰਬੇ ਸਮੇਂ ਤੱਕ ਰਹੇ ਤਾਂ ਇਹ ਡਿਪਰੈਸ਼ਨ ਵਿੱਚ ਤਬਦੀਲ ਹੋ ਜਾਂਦਾ ਹੈ। ਕਈ ਵਾਰੀ ਡਿਪ੍ਰੈਸ਼ਨ ਜ਼ਿਆਦਾ ਹੋਣ ਨਾਲ ਵਿਅਕਤੀ ਦੇ ਮਨ ਵਿੱਚ ਆਤਮ ਹੱਤਿਆ ਜਾਂ ਖੁਦਕੁਸ਼ੀ ਤੱਕ ਦੇ ਖਿਆਲ ਆਉਣੇ ਸ਼ੁਰੂ ਹੋ ਜਾਂਦੇ ਹਨ।ਇਸ ਲਈ ਮਾਨਸਿਕ ਰੋਗਾਂ ਪ੍ਰਤੀ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ। ਇਸ ਮੌਕੇ ਮਨੋਰੋਗ ਮਾਹਿਰ ਡਾ ਨੇਹਾ ਵਲੋਂ ਮਾਨਸਿਕ ਰੋਗਾਂ ਅਤੇ ਲੱਛਣਾਂ ਬਾਰੇ ਜਾਣਕਾਰੀ ਦਿੰਦੇਂ ਕਿਹਾ ਕਿ ਬੇਚੈਨੀ, ਨੀਂਦ ਘੱਟ ਜਾਂ ਵੱਧ ਆਉਣਾ, ਸਿਰ ਦਰਦ ਰਹਿਣਾ, ਕੰਨਾਂ ਵਿਚ ਅਵਾਜਾਂ ਪੈਣੀਆਂ, ਦੰਦਲ ਪੈਣਾ, ਯਾਦ ਸ਼ਕਤੀ ਘੱਟਣਾ, ਵਾਰ ਵਾਰ ਹੱਥ ਧੋਣਾ, ਚੀਜ਼ਾਂ ਦੀ ਵਰਤੋਂ ਸਮੇਂ ਵਹਿਮ ਭਰਮ ਰੱਖਣਾ, ਗੁੱਸੇ ਦਾ ਵੱਧਣਾ, ਚਿੜਚੜਾਪਣ, ਗੱਲਾਂ ਭੁੱਲਣੀਆਂ, ਖੁਦਕੁਸ਼ੀ ਦੀ ਕੋਸ਼ਿਸ਼ ਜਾਂ ਧਮਕੀ ਦੇਣਾ ਆਦਿ ਮਾਨਸਿਕ ਰੋਗ ਦੀਆਂ ਨਿਸ਼ਾਨੀਆਂ ਹਨ। ਮਨੋਵਿਗਿਆਨੀ ਖੁਸ਼ਪ੍ਰੀਤ ਕੌਰ ਨੇ ਦੱਸਿਆ ਕਿ ਜੇਕਰ ਅਜਿਹੇ ਮਰੀਜ਼ ਸਮੇਂ ਸਿਰ ਆਪਣਾ ਇਲਾਜ਼ ਕਰਵਾ ਲੈਣ ਤਾਂ ਜਲਦੀ ਠੀਕ ਹੋ ਕੇ ਉਹ ਇੱਕ ਆਮ ਵਿਅਕਤੀ ਵਾਂਗ ਸਿਹਤਮੰਦ ਜਿੰਦਗੀ ਬਤੀਤ ਕਰ ਸਕਦੇ ਹਨ। ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਵਪਾਰ ਮੰਡਲ ਰਵੀ ਬੁੱਗਰਾ ਅਤੇ ਜਿਲ੍ਹਾ ਵਾਈਸ ਪ੍ਰਧਾਨ ਮਹਿਲਾ ਵਿੰਗ ਨੀਤੂ ਨੇ ਸਿਹਤ ਵਿਭਾਗ ਵਲੋਂ ਕੀਤੇ ਉਪਰਾਲੇ ਦਾ ਧੰਨਵਾਦ ਕੀਤਾ। ਇਸ ਮੌਕੇ ਵਿਪਨ ਲਾਂਬਾ, ਅਮਨਦੀਪ ਸਿੰਘ, ਗੁਰਤੇਜ ਖੋਸਾ, ਗੁਰਮੀਤ ਸਿੰਘ, ਟੋਨੀ ਢੀਂਗਰਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਸਿਵਲ ਸਰਜਨ ਡਾ ਸੰਜੇ ਕਪੂਰ ਅਤੇ ਬਾਕੀ ਅਧੀਕਾਰੀਆਂ ਵਲੋਂ ਆਈਆਂ ਹੋਈਆਂ ਸਖਸ਼ੀਅਤਾਂ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ।