ਨਜਾਇਜ਼ ਹਥਿਆਰਾਂ ਸਮੇਤ ਦੋ ਨੌਜਵਾਨ ਗ੍ਰਿਫ਼ਤਾਰ
ਫ਼ਰੀਦਕੋਟ, 9 ਅਪ੍ਰੈਲ – (ਪ੍ਰਸ਼ੋਤਮ ਕੁਮਾਰ) – ਫ਼ਰੀਦਕੋਟ ਪੁਲੀਸ ਨੇ ਗੁਪਤ ਸੂਚਨਾ ਦੇ ਅਧਾਰ ‘ਤੇ ਨਾਕੇਬੰਦੀ ਕਰਕੇ ਫ਼ਰੀਦਕੋਟ ਜਿਲ੍ਹੇ ਦੇ ਦੋ ਨੌਜਵਾਨਾਂ ਨੂੰ ਨਜਾਇਜ਼ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਫਰੀਦਕੋਟ ਪੁਲੀਸ ਨੇ ਰੁਪਿੰਦਰ ਸਿੰਘ ਅਤੇ ਸਰਬਣ ਸਿੰਘ ਨੂੰ ਪਿੰਡ ਰੱਤੀਰੋੜੀ ਨਜ਼ਦੀਕ ਰੋਕ ਕੇ ਉਹਨਾਂ ਦੀ ਤਲਾਸ਼ੀ ਲਈ ਤਾਂ ਦੋਹਾਂ ਨੌਜਵਾਨਾਂ ਕੋਲੋਂ ਇੱਕ-ਇੱਕ 32 ਬੋਰ ਪਿਸਤੌਲ ਅਤੇ ਦੋ-ਦੋ ਜਿੰਦਾ ਕਾਰਤੂਸ ਬਰਾਮਦ ਹੋਏ। ਸਦਰ ਪੁਲੀਸ ਫਰੀਦਕੋਟ ਨੇ ਇਹਨਾਂ ਦੋਹਾਂ ਨੌਜਵਾਨਾਂ ਖਿਲਾਫ਼ ਅਸਲਾ ਐਕਟ ਤਹਿਤ ਪਰਚਾ ਦਰਜ ਕਰ ਲਿਆ ਹੈ। ਜਿਲ੍ਹਾ ਪੁਲੀਸ ਮੁਖੀ ਵਰੁਣ ਸ਼ਰਮਾ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਅੱਜ ਇੱਥੇ ਇਲਾਕਾ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ। ਪੁਲੀਸ ਨੇ ਦਾਅਵਾ ਕੀਤਾ ਕਿ ਗ੍ਰਿਫ਼ਤਾਰ ਕੀਤੇ ਨੌਜਵਾਨਾਂ ਕੋਲੋਂ ਹੋਰ ਵੀ ਅਪਰਾਧਿਕ ਘਟਨਾਵਾਂ ਦੀ ਸੂਹ ਮਿਲਣ ਦੀ ਸੰਭਾਵਨਾ ਹੈ। ਪੁਲੀਸ ਨੇ ਇਹਨਾਂ ਨੌਜਵਾਨਾ ਕੋਲੋਂ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਇਹ ਨੌਜਵਾਨ ਕਿਸੇ ਘਟਨਾ ਨੂੰ ਅੰਜ਼ਾਮ ਦੇਣਾ ਚਾਹੁੰਦੇ ਸਨ, ਉਸ ਤੋਂ ਪਹਿਲਾਂ ਹੀ ਪੁਲਿਸ ਨੇ ਇਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ।