Friday, September 18, 2026
Google search engine
Homeਤਾਜ਼ਾ ਖਬਰਅਪਸ਼ਬਦ (ਕੁਬੋਲ) -ਵਿਅਕਤੀਤਵ ਵਿਕਾਸ ਦੇ ਰਾਹ ਦੇ ਕੰਡੇ

ਅਪਸ਼ਬਦ (ਕੁਬੋਲ) -ਵਿਅਕਤੀਤਵ ਵਿਕਾਸ ਦੇ ਰਾਹ ਦੇ ਕੰਡੇ

ਅਪਸ਼ਬਦ (ਕੁਬੋਲ) -ਵਿਅਕਤੀਤਵ ਵਿਕਾਸ ਦੇ ਰਾਹ ਦੇ ਕੰਡੇ

ਸਫ਼ਲਤਾ ਦੀਆਂ ਪੌੜੀਆਂ ਚੜ੍ਹਦਿਆਂ ਸਾਡੀ ਜ਼ੁਬਾਨ ਵੀ ਅਹਿਮ ਭੂਮਿਕਾ ਨਿਭਾਉਂਦੀ ਹੈ।ਸਿਆਣੇ ਕਹਿੰਦੇ ਨੇ “ਜ਼ੁਬਾਨੋਂ ਕੌੜਾ ਬੋਲਣ ਵਾਲੇ ਦਾ ਨਾ ਸ਼ਹਿਦ ਵਿਕਦਾ,ਜ਼ੁਬਾਨੋਂ ਮਿੱਠਾ ਬੋਲਣ ਵਾਲੇ ਦੀਆਂ ਤਾਂ ਵਿਕਣ ਮਿਰਚਾਂ।”ਜ਼ੁਬਾਨ ਤੋਂ ਨਿਕਲੇ ਸ਼ਬਦ ਹਵਾ ਵਿੱਚ ਗੁੰਮ ਨਹੀਂ ਹੁੰਦੇ ਬਲਕਿ ਕਿਸੇ ਦੇ ਹਿਰਦੇ ਵਿੱਚ ਤਾਂ ਇਹ ਫੁੱਲ ਬਣ ਕੇ ਖਿੜਦੇ ਹਨ ਅਤੇ ਕਿਸੇ ਦੇ ਹਿਰਦੇ ਵਿੱਚ ਕੰਡਾ ਬਣ ਕੇ ਉਮਰ ਭਰ ਲਈ ਚੁੱਭਦੇ ਰਹਿੰਦੇ ਹਨ।ਮਨੁੱਖ ਦੀ ਅਸਲ ਪਹਿਚਾਣ ਉਸਦੇ ਚਿਹਰੇ ਦੀ ਸੁੰਦਰਤਾ,ਪਹਿਰਾਵੇ ਦੀ ਚਮਕ ਜਾਂ ਦੌਲਤ ਦੀ ਝਲਕ ਨਾਲ਼ ਨਹੀਂ ਹੁੰਦੀ ਸਗੋਂ ਉਸਦੀ ਸੱਚੀ ਸਖਸ਼ੀਅਤ, ਬੋਲੀ, ਵਤੀਰੇ ਅਤੇ ਵਿਚਾਰਾਂ ਵਿੱਚੋਂ ਪ੍ਰਗਟ ਹੁੰਦੀ ਹੈ।


ਬੋਲੀ ਮਨੁੱਖ ਦੇ ਅੰਦਰਲੇ ਸੰਸਾਰ ਦਾ ਦਰਪਣ ਹੈ।ਇਸ ਲਈ ਅਪਸ਼ਬਦ ਵਿਅਕਤੀਤਵ ਵਿਕਾਸ ਦੇ ਰਾਹ ਵਿੱਚ ਪਏ ਉਹ ਕੰਡੇ ਹਨ, ਜੋ ਦੂਜਿਆਂ ਦੇ ਹਿਰਦੇ ਨੂੰ ਜ਼ਖ਼ਮੀ ਕਰਨ ਦੇ ਨਾਲ਼-ਨਾਲ਼ ਬੋਲਣ ਵਾਲੇ ਦੇ ਆਪਣੇ ਚਰਿੱਤਰ ਨੂੰ ਵੀ ਲਹੂ-ਲੁਹਾਣ ਕਰ ਦਿੰਦੇ ਹਨ।


ਅਪਸ਼ਬਦ ਸਿਰਫ਼ ਗਾਲ੍ਹ-ਗਲੋਚ ਤੱਕ ਹੀ ਸੀਮਤ ਨਹੀਂ ਹਨ ਸਗੋਂ ਕਿਸੇ ਨੂੰ ਮੂਰਖ਼,ਬੇਵਕੂਫ਼,ਨਿਕੰਮਾ,ਬਦਤਮੀਜ਼,ਨਲਾਇਕ,ਬੇਸ਼ਰਮ ਕਹਿਣਾ ਵੀ ਕੁਬੋਲ ਹਨ।ਇਸ ਨਾਲ਼ ਦੂਜਿਆਂ ਦੇ ਆਤਮ-ਸਨਮਾਨ ਨੂੰ ਠੇਸ ਪਹੁੰਚਦੀ ਹੈ ।ਇਸ ਦੇ ਉਲਟ ਸੁਚੱਜੇ ਸ਼ਬਦ ਮਨੁੱਖੀ ਮਰਿਆਦਾ ਦੇ ਪਹਿਰੇਦਾਰ ਹਨ। ਕਿਰਪਾ ਕਰਕੇ,ਧੰਨਵਾਦ,ਮੁਆਫ਼ ਕਰਨਾ,ਸ਼ਾਬਾਸ਼ ਆਦਿ ਸ਼ਬਦ ਛੋਟੇ ਜ਼ਰੂਰ ਹਨ ਪਰ ਇਹਨਾਂ ਵਿੱਚ ਗੁਣਾਂ ਦੀ ਦੁਨੀਆ ਵੱਸਦੀ ਹੈ। ਸੱਚ ਇਹ ਹੈ ਕਿ ਮਨੁੱਖ ਅਕਸਰ ਅਪਸ਼ਬਦਾਂ ਦਾ ਆਦੀ ਇੱਕ ਦਿਨ ਵਿੱਚ ਨਹੀਂ ਬਣਦਾ,ਸ਼ੁਰੂਆਤ ਮਜ਼ਾਕ ਤੋਂ ਹੁੰਦੀ ਹੈ ਫਿਰ ਦੋਸਤਾਂ ਦੀ ਸੰਗਤ,ਘਰ ਦਾ ਵਾਤਾਵਰਨ,ਗੁੱਸਾ, ਨਕਲ, ਆਪਣਾ ਰੋਹਬ ਜਮਾਉਣ ਦੀ ਇੱਛਾ ਅਤੇ ਸੋਸ਼ਲ ਮੀਡੀਆ ਉੱਤੇ ਚੱਲ ਰਹੀ ਅਸੱਭਿਅਕ ਭਾਸ਼ਾ, ਹੌਲ਼ੀ-ਹੌਲ਼ੀ ਉਸਦੀ ਬੋਲੀ ਨੂੰ ਬਦਲ ਦਿੰਦੇ ਹਨ। ਬੁਰੀ ਬੋਲੀ ਪਹਿਲਾਂ ਆਦਤ ਬਣਦੀ ਹੈ,ਫਿਰ ਸੁਭਾਅ ਅਤੇ ਅੰਤ ਵਿੱਚ ਵਿਅਕਤੀਤਵ ਵਿਕਾਸ ਦੀ ਰੁਕਾਵਟ ਬਣ ਜਾਂਦੀ ਹੈ।
ਬਾਬਾ ਬੋਲਨਾ ਕਿਆ ਕਹੀਐ
ਜੈਸੇ ਰਾਮ ਨਾਮ ਰਵਿ ਰਹੀਐ॥

ਕਬੀਰ ਜੀ ਪੁੱਛਦੇ ਹਨ ਕਿ ਮਨੁੱਖ ਨੂੰ ਕਿਹੋ-ਜਿਹੇ ਬਚਨ ਬੋਲਣੇ ਚਾਹੀਦੇ ਹਨ?ਜਿਸ ਦਾ ਉੱਤਰ ਹੈ ਕਿ ਅਜਿਹੇ ਬਚਨ ਬੋਲੋ ਜੋ ਮਨ ਨੂੰ ਪ੍ਰਭੂ ਦੇ ਨਾਲ਼ ਜੋੜ ਦੇਣ। ਚੰਗੇ, ਸੱਚੇ ਅਤੇ ਸਾਰਥਕ ਬੋਲ ਮਨ ਨੂੰ ਉੱਚਾ ਕਰਦੇ ਹਨ। ਚੰਗੇ ਮਨੁੱਖਾਂ ਨਾਲ਼ ਗੱਲ ਕਰਕੇ ਗਿਆਨ ਅਤੇ ਨੇਕੀ ਵੱਧਦੀ ਹੈ, ਪਰ ਮਾੜੀ ਸੰਗਤ ਵਿੱਚ ਬੇਲੋੜੀ ਬਹਿਸ ਜਾਂ ਗੱਲਬਾਤ ਸਾਡੇ ਮਨ ਨੂੰ ਵਿਕਾਰਾਂ ਵੱਲ ਲੈ ਜਾ ਸਕਦੀ ਹੈ। ਅਤੀਤ ਵੱਲ ਨਜ਼ਰ ਮਾਰੀਏ ਤਾਂ ਪੰਜਾਬੀ ਸਮਾਜ ਵਿੱਚ ਵੱਡਿਆਂ ਪ੍ਰਤੀ “ਜੀ” ਲਗਾ ਕੇ ਬੋਲਣਾ,ਅਧਿਆਪਕਾਂ ਅਤੇ ਬਜ਼ੁਰਗਾਂ ਦਾ ਸਤਿਕਾਰ ਕਰਨਾ,ਮਹਿਮਾਨਾਂ ਨੂੰ ਆਦਰ ਦੇਣਾ ਅਤੇ ਅਸਹਿਮਤੀ ਵਿੱਚ ਵੀ ਮਰਿਆਦਾ ਕਾਇਮ ਰੱਖਣੀ ਸਾਡੇ ਸੰਸਾਰ ਦਾ ਅਹਿਮ ਹਿੱਸਾ ਸੀ।


ਅੱਜ ਭਾਸ਼ਾ ਦਾ ਰੂਪ ਤੇਜ਼ੀ ਨਾਲ਼ ਬਦਲ ਰਿਹਾ ਹੈ। ਡਿਜ਼ੀਟਲ ਦੁਨੀਆ,ਛੋਟੇ ਸੁਨੇਹਿਆਂ ਦੀ ਸੰਸਕ੍ਰਿਤੀ,ਮਨੋਰੰਜਕ ਸਮੱਗਰੀ ਅਤੇ ਸੋਸ਼ਲ ਮੀਡੀਆ ਨੇ ਸੰਚਾਰ ਨੂੰ ਤੇਜ਼ ਤਾਂ ਕੀਤਾ ਹੈ ਪਰ ਅਕਸਰ ਹੀ ਇਸ ਤੇਜ਼ੀ ਨੇ ਲਿਹਾਜ਼ ਨੂੰ ਪਿੱਛੇ ਛੱਡ ਦਿੱਤਾ ਹੈ। ਭਾਸ਼ਾ ਦਾ ਬਦਲਣਾ ਕੁਦਰਤੀ ਹੈ, ਪਰ ਸੱਭਿਅਤਾ ਦਾ ਘਟਣਾ ਤਰੱਕੀ ਨਹੀਂ। ਪੰਜਾਬੀ ਭਾਸ਼ਾ ਦਾ ਪ੍ਰਸਿੱਧ ਅਖਾਣ ਵੀ ਹੈ; “ਜ਼ੁਬਾਨ ਕਹਿੰਦੀ ਹੈ ਤੂੰ ਮੈਨੂੰ ਮੂੰਹੋਂ ਕੱਢ,ਮੈਂ ਤੈਨੂੰ ਘਰੋਂ ਕੱਢਦੀ ਹਾਂ।”ਇਸ ਤੋਂ ਸਾਨੂੰ ਚੇਤਾਵਨੀ ਮਿਲ਼ਦੀ ਹੈ ਕਿ ਬਿਨਾਂ ਸੋਚੇ-ਸਮਝੇ ਬੋਲੇ ਗਏ ਮੰਦੇ ਜਾਂ ਹੰਕਾਰੀ ਬੋਲ ਇਨਸਾਨ ਦੇ ਚਰਿੱਤਰ ਨੂੰ ਮਿੱਟੀ ਵਿੱਚ ਮਿਲਾ ਦਿੰਦੇ ਹਨ। ਇਸ ਦਾ ਮਤਲਬ ਹੈ ਕਿ ਮੂਰਖ਼ਤਾ ਵਿੱਚ ਕਹੀ ਇੱਕ ਗੱਲ ਵੀ ਤੁਹਾਡੇ ਰਿਸ਼ਤਿਆਂ ਵਿੱਚ ਅਜਿਹੀ ਵਿਗਾੜ ਪਾ ਸਕਦੀ ਹੈ ਕਿ ਤੁਹਾਨੂੰ ਘਰ ਛੱਡਣ ਤੱਕ ਦੀ ਨੌਬਤ ਵੀ ਆ ਸਕਦੀ ਹੈ। ਵਿਅਕਤੀਤਵ ਵਿਕਾਸ ਦਾ ਅਰਥ ਕੇਵਲ ਆਤਮ -ਵਿਸ਼ਵਾਸ,ਚੰਗਾ ਪਹਿਰਾਵਾ ਜਾਂ ਪ੍ਰਭਾਵਸ਼ਾਲੀ ਬੋਲਚਾਲ ਨਹੀਂ। ਇਸ ਦਾ ਅਸਲ ਅਰਥ ਹੈ-ਕ੍ਰੋਧ ਉੱਤੇ ਕਾਬੂ,ਦੂਜਿਆਂ ਦੇ ਸਨਮਾਨ ਦੀ ਰੱਖਿਆ ਅਤੇ ਆਪਣੇ ਸ਼ਬਦਾਂ ਦੀ ਜ਼ਿੰਮੇਵਾਰੀ। ਜੋ ਮਨੁੱਖ ਅਪਮਾਨ ਦੇ ਜਵਾਬ ਵਿੱਚ ਵੀ ਮਰਿਆਦਾ ਨਹੀਂ ਛੱਡਦਾ,ਉਹੀ ਅਸਲ ਵਿੱਚ ਸ਼ਕਤੀਸ਼ਾਲੀ ਹੈ। ਕਿਸੇ ਨੇ ਬਹੁਤ ਖ਼ੂਬ ਕਿਹਾ ਹੈ-“ਕਿਸੇ ਨੂੰ ਚੁੱਪ ਕਰਵਾ ਦੇਣਾ ਤਾਕਤ ਨਹੀਂ,ਕੌੜਾ ਬੋਲਣ ਦਾ ਮੌਕਾ ਹੋਣ ਦੇ ਬਾਵਜੂਦ ਵੀ ਮਿੱਠਾ ਬੋਲਣਾ ਅਸਲ ਤਾਕਤ ਹੈ।”


ਅੰਤ ਵਿੱਚ ਸਾਨੂੰ ਇਹ ਸਮਝਣਾ ਹੋਵੇਗਾ ਕਿ ਕੁਚੱਜੀ ਬੋਲੀ ਮਨੁੱਖ ਨੂੰ ਭੀੜ ਦਾ ਹਿੱਸਾ ਬਣਾ ਸਕਦੀ ਹੈ, ਪਰ ਸੁਚੱਜੀ ਬੋਲੀ ਉਸਦੀ ਸ਼ਖਸੀਅਤ ਬਣਾ ਦਿੰਦੀ ਹੈ। ਇਸ ਲਈ ਆਪਣੀ ਜ਼ੁਬਾਨ ਨੂੰ ਸਿਰਫ਼ ਅਵਾਜ਼ ਦਾ ਸਾਧਨ ਨਹੀਂ, ਸਗੋਂ ਆਪਣੇ ਚਰਿੱਤਰ ਦਾ ਦਰਪਣ ਸਮਝੀਏ ਕਿਉਂਕਿ ਜੀਵਨ ਦੇ ਰਾਹ ਵਿੱਚ ਕੰਡੇ ਤਾਂ ਹਰ ਥਾਂ ਹਨ,ਮਹਾਨ ਉਹੀ ਹੈ ਜੋ ਆਪਣੀ ਬੋਲੀ ਨਾਲ ਕਿਸੇ ਹੋਰ ਦੇ ਰਾਹ ਵਿੱਚ ਕੰਡੇ ਨਹੀਂ

ਵਿਛਾਉਂਦਾ।ਆਓ! ਜ਼ੁਬਾਨ ਨੂੰ ਜ਼ਹਿਰ ਨਹੀਂ ,ਸਨੇਹ ਦੀ ਸੁਗੰਧ ਬਣਾਈਏ ;ਕਿਉਂਕਿ ਇੱਕ ਸੁੰਦਰ ਸ਼ਬਦ ਵੀ ਸਾਡੀ ਚੰਗੀ ਸਖਸ਼ੀਅਤ ਦੀ ਸਿਰਜਣਾ ਕਰ ਸਕਦਾ ਹੈ ਪਰ ਮੰਦੇ ਬੋਲ ਦੂਜਿਆਂ ਨੂੰ ਜ਼ਖ਼ਮੀ ਕਰਨ ਦੇ ਨਾਲ਼-ਨਾਲ਼ ਸਾਡੇ ਚਰਿੱਤਰ ਨੂੰ ਵੀ ਮਿੱਟੀ ਵਿੱਚ ਰੋਲ ਸਕਦੇ ਹਨ। ਇਹ ਸਾਡੇ ਉੱਪਰ ਨਿਰਭਰ ਕਰਦਾ ਹੈ ਕਿ ਅਸੀਂ ਕੁਚੱਜੀ ਬੋਲੀ ਨੂੰ ਪਹਿਲ ਦੇਣੀ ਹੈ ਕਿ ਸੁਚੱਜੀ ਬੋਲੀ ਨੂੰ । ਸਾਡੀ ਸਖਸ਼ੀਅਤ ਨੂੰ ਉਸਾਰਨ ਲਈ ਚੋਣ ਕਰਨ ਦਾ ਪਹਿਲਾ ਹੱਕ ਸਾਨੂੰ ਪ੍ਰਮਾਤਮਾ ਨੇ ਦਿੱਤਾ ਹੈ। ਯਾਦ ਰੱਖੀਏ, ਦੁਨੀਆ ਬਦਲਣ ਲਈ ਹਮੇਸ਼ਾ ਵੱਡੇ ਕਦਮਾਂ ਦੀ ਲੋੜ ਨਹੀਂ ਹੁੰਦੀ, ਕਈ ਵਾਰ ਛੋਟੇ-ਛੋਟੇ ਕਦਮ ਵੀ ਸਾਨੂੰ ਸਫ਼ਲਤਾ ਵੱਲ ਲੈ ਜਾਂਦੇ ਹਨ ਅਤੇ ਜੇਕਰ ਇਸਦੇ ਨਾਲ਼-ਨਾਲ਼ ਸਾਡੀ ਬੋਲੀ ਵੀ ਸੰਵਰੀ ਹੋਈ ਹੋਵੇ ਤਾਂ ‘ਸੋਨੇ ਤੇ ਸੁਹਾਗੇ’ ਵਾਲਾ ਕੰਮ ਹੋਵੇਗਾ!

ਲੇਖਕ:ਏਕਮਵੀਰ ਕੌਰ ਬਰਾੜ

ਜਮਾਤ:ਨੌਵੀਂ ਈਕੋ

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments