Image default
ਤਾਜਾ ਖਬਰਾਂ

ਧੜਿਆਂ ਚ ਵੰਡੀ ਕਾਂਗਰਸ ਨੂੰ ਇਕਜੁੱਟ ਕਰਨਾ ਨਵ ਨਿਯੁਕਤ ਕਾਂਗਰਸ ਪ੍ਰਧਾਨ ਲਈ ਵੱਡੀ ਚੁਣੌਤੀ

ਧੜਿਆਂ ਚ ਵੰਡੀ ਕਾਂਗਰਸ ਨੂੰ ਇਕਜੁੱਟ ਕਰਨਾ ਨਵ ਨਿਯੁਕਤ ਕਾਂਗਰਸ ਪ੍ਰਧਾਨ ਲਈ ਵੱਡੀ ਚੁਣੌਤੀ
ਏ ਐਸ ਖੰਨਾ
ਖੰਨਾ, 12 ਅਪਰੈਲ :- ਕਾਂਗਰਸ ਆਲਾਕਮਾਨ ਵੱਲੋਂ ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਮਗਰੋਂ ਡਿੱਕ ਡੋਲੇ ਖਾ ਰਹੀ ਕਾਂਗਰਸ ਨੂੰ ਇਕਜੁੱਟ ਕਰ ਕੇ ਠੁੰਮ੍ਹਣਾ ਦੇਣ ਲਈ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਥਾਪਿਆ ਗਿਆ ਹੈ।ਰਾਜਾ ਵੜਿੰਗ ਇਸ ਤੋਂ ਪਹਿਲਾਂ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਰਹਿਣ ਤੋਂ ਇਲਾਵਾ ਸ: ਚਰਨਜੀਤ ਸਿੰਘ ਚੰਨੀ (ਸਾਬਕਾ ਮੁੱਖ ਮੰਤਰੀ ਪੰਜਾਬ) ਦੀ ਵਜ਼ਾਰਤ ਵਿੱਚ ਟਰਾਂਸਪੋਰਟ ਮੰਤਰੀ ਵੀ ਰਹਿ ਚੁੱਕੇ ਹਨ ।ਨੌਜਵਾਨ ਚਿਹਰਾ ਹਨ ਤੇ ਤੀਜੀ ਵਾਰੀ ਵਿਧਾਨ ਸਭਾ ਵਿੱਚ ਪੁੱਜੇ ਹਨ। ਉਨ੍ਹਾਂ ਨੇ ਆਪਣਾ ਸਿਆਸੀ ਕੈਰੀਅਰ ਬਲਾਕ ਕਾਂਗਰਸ ਦੀ ਪ੍ਰਧਾਨਗੀ ਤੋਂ ਸ਼ੁਰੂ ਕੀਤਾ ਸੀ ।ਉਹ ਸ੍ਰੀ ਰਾਹੁਲ ਗਾਂਧੀ ਦੇ ਅੱਤ ਨਜ਼ਦੀਕੀਆਂ ਵਿਚੋਂ ਇਕ ਮੰਨੇ ਜਾਂਦੇ ਹਨ । ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਰਹਿਣ ਕਰਕੇ ਉਨ੍ਹਾਂ ਕੋਲ ਸੰਗਠਨ ਨੂੰ ਮਜ਼ਬੂਤ ਕਰਨ ਦਾ ਤਜਰਬਾ ਹੈ ।ਇਸ ਤੋਂ ਇਲਾਵਾ ਮੰਤਰੀ ਰਹਿਣ ਕਰਕੇ ਉਨਾ ਚ ਵੱਖ ਵੱਖ ਮਸਲਿਆਂ ਨੂੰ ਨਜਿੱਠਣ ਦੀ ਸਮਰੱਥਾ ਵੀ ਹੈ ।ਭਾਂਵੇਂ ਰਾਜਾ ਵੜਿੰਗ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਉੱਤੇ ਕਾਂਗਰਸ ਦੇ ਵੱਖ ਵੱਖ ਲੀਡਰਾਂ ਵੱਲੋਂ ਉਨ੍ਹਾਂ ਨੂੰ ਪ੍ਰਧਾਨ ਬਣਨ ਉੱਤੇ ਮੁਬਾਰਕਬਾਦ ਦਿੰਦਿਆਂ ਪਾਰਟੀ ਹਾਈਕਮਾਂਡ ਦੇ ਫ਼ੈਸਲੇ ਦਾ ਸਵਾਗਤ ਕੀਤਾ ਗਿਆ ਹੈ ।ਪਰ ਇਸ ਸਭ ਕਾਸੇ ਦੇ ਵਿਚਾਲੇ ਸੁਆਲ ਇਹ ਪੈਦਾ ਹੁੰਦਾ ਹੈ ਕਿ ਕੀ ਖੱਖੜੀਆਂ ਵਾਂਗ ਖਿੰਡ ਚੁੱਕੀ ਪੰਜਾਬ ਕਾਂਗਰਸ ਨੂੰ ਰਾਜਾ ਵੜਿੰਗ ਇਕਮੁੱਠ ਕਰਕੇ ਮਜ਼ਬੂਤ ਧਿਰ ਵਜੋਂ ਉੱਭਾਰ ਸਕਣਗੇ?ਕਿਉਂਕਿ ਉਨ੍ਹਾਂ ਅੱਗੇ ਸਭ ਤੋਂ ਪਹਿਲੀ ਤੇ ਵੱਡੀ ਚੁਨੌਤੀ ਸੰਗਠਨ ਨੂੰ ਮਜ਼ਬੂਤ ਕਰਨ ਦੀ ਹੈ। ਵੱਖ ਵੱਖ ਧੜਿਆਂ ਵਿੱਚ ਵੰਡੀ ਕਾਂਗਰਸ ਅਤੇ ਖਾਸ ਕਰਕੇ ਮਾਝਾ ਬ੍ਰਿਗੇਡ ਨੂੰ ਸੰਤੁਸ਼ਟ ਕਰਕੇ ਨਾਲ ਤੋਰਨਾ ਉਨ੍ਹਾਂ ਲਈ ਇਕ ਪਰਖ ਦੀ ਘੜੀ ਹੋਵੇਗੀ ।ਕਿਉਂਕਿ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਲਾਂਭੇ ਕਰਨ ਮਗਰੋਂ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਏ ਜਾਣ ਤੇ ਸੂਬੇ ਅੰਦਰ ਕਾਂਗਰਸ ਕਈ ਧੜਿਆਂ ਵਿੱਚ ਵੰਡੀ ਹੋਈ ਹੈ।ਜਿਸ ਨੂੰ ਇਕਜੁੱਟ ਕਰਕੇ ਸੰਗਠਨਾਤਮਕ ਢਾਂਚੇ ਦਾ ਰੂਪ ਦੇਣਾ ਨਵੇਂ ਪ੍ਰਧਾਨ ਲਈ ਪਹਿਲੀ ਚਣੌਤੀ ਹੈ।ਦੂਸਰੀ ਵੱਡੀ ਚੁਣੌਤੀ ਪੰਜਾਬ ਅੰਦਰ ਬਦਲਾਅ ਨੂੰ ਲੈ ਕੇ ਆਮ ਆਦਮੀ ਪਾਰਟੀ ਨੂੰ 92 ਸੀਟਾਂ ਮਿਲਣ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਇਕ ਮਜ਼ਬੂਤ ਸਰਕਾਰ ਹੋਂਦ ਵਿੱਚ ਹੈ।ਜਿਸ ਨੂੰ ਵਿਧਾਨ ਸਭਾ ਦੇ ਬਾਹਰੋਂ ਘੇਰਨ ਲਈ ਇਕ ਮਜ਼ਬੂਤ ਸੰਗਠਨਾਤਮਕ ਢਾਂਚੇ ਵਾਲੀ ਪਾਰਟੀ ਦੀ ਲੋਡ਼ ਹੈ। ਜੇਕਰ ਰਾਜਾ ਵੜਿੰਗ ਸਾਰੇ ਪਾਰਟੀ ਲੀਡਰਾਂ ਨੂੰ ਇਕਮੁੱਠ ਕਰਕੇ ਨਾਲ ਤੋਰਨ ਵਿੱਚ ਕਾਮਯਾਬ ਹੋ ਜਾਂਦੇ ਹਨ ਤਾਂ ਨਵੰਬਰ ਦਸੰਬਰ ਚ ਆਉਣ ਵਾਲੀਆਂ ਕਾਰਪੋਰੇਸ਼ਨ ਇਲੈਕਸ਼ਨਾਂ ਦੌਰਾਨ ਕਾਂਗਰਸ ਤੋ ਚੰਗੀ ਕਾਰਗੁਜ਼ਾਰੀ ਦੀ ਉਮੀਦ ਰੱਖ ਸਕਦੀ ਹੈ।ਇਸ ਤੋਂ ਇਲਾਵਾ 2024 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾ ਵੀ ਨਵ ਨਿਯੁਕਤ ਪ੍ਰਧਾਨ ਲਈ ਪਰਖ ਦਾ ਸਮਾਂ ਹੋਣਗੀਆਂ । ਕਿਉਂਕਿ ਪੰਜਾਬ ਅੰਦਰ ਲੋਕ ਸਭਾ ਦੀਆਂ 13 ਸੀਟਾਂ ਹਨ।ਇਸ ਵਕਤ ਕਾਂਗਰਸ ਦਾ 8 ਸੀਟਾਂ ਉੱਤੇ ਕਬਜ਼ਾ ਹੈ ।
ਨੌਜਵਾਨ ਤੇ ਤਜਰਬੇਕਾਰ ਚਿਹਰਾ ਹੋਣ ਸਦਕਾ ਨਵ ਨਿਯੁਕਤ ਪ੍ਰਧਾਨ ਰਾਜਾ ਵੜਿੰਗ ਟਕਸਾਲੀ ਤੇ ਨਵੀਂ ਪਨੀਰੀ ਨੂੰ ਸਾਂਝੇ ਰੂਪ ਚ ਇਕਮੁੱਠ ਕਰ ਸਕਦੇ ਹਨ । 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਹੋਈ ਨਿਰਾਸ਼ਾਜਨਕ ਹਾਰ ਮਗਰੋਂ ਵਰਕਰਾਂ ਵਿਚ ਪਾਈ ਜਾ ਰਹੀ ਨਿਰਾਸ਼ਤਾ ਨੂੰ ਦੂਰ ਕਰਦੇ ਹੋਏ ਇਕ ਮਜ਼ਬੂਤ ਢਾਂਚਾ ਕਾਇਮ ਕਰ ਸਕਦੇ ਹਨ ।ਜਿਸ ਲਈ ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਮਿਹਨਤ ਕਰਨੀ ਪਵੇਗੀ ।ਰੁੱਸਿਆਂ ਨੂੰ ਮਨਾਉਣਾ ਪਵੇਗਾ ।ਨੌਜਵਾਨਾਂ ਨੂੰ ਉਤਸ਼ਾਹਤ ਕਰਕੇ ਨਾਲ ਤੋਰਨਾ ਪਵੇਗਾ। ਹਾਰ ਤੋਂ ਨਿਰਾਸ਼ ਹੋਏ ਪਾਰਟੀ ਵਰਕਰਾਂ ਚ ਦਮ ਭਰਨਾ ਪਵੇਗਾ ।ਸੱਤਾਧਾਰੀ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਲੋਕਾਂ ਨਾਲ ਚੋਣਾਂ ਵਿੱਚ ਕੀਤੇ ਵਾਅਦਿਆਂ ਨੂੰ ਲਾਗੂ ਕਰਵਾਉਣ ਲਈ ਪੂਰੀ ਪਲਾਨਿੰਗ ਤੇ ਇਕਮੁੱਠਤਾ ਨਾਲ ਸੰਘਰਸ਼ ਅਰੰਭਣਾ ਪਵੇਗਾ ।ਇਸ ਲਈ ਸਭ ਤੋਂ ਪਹਿਲਾਂ ਨਵੇਂ ਪ੍ਰਧਾਨ ਨੂੰ ਪਾਰਟੀ ਦੇ ਢਾਂਚੇ ਨੂੰ ਮਜਬੂਤ ਦੀ ਜ਼ਰੂਰਤ ਹੈ। ਹਾਲਾਂਕਿ ਪਾਰਟੀ ਵਿੱਚ ਅਨੁਸ਼ਾਸਨ ਬਣਾਈ ਰੱਖਣ ਲਈ ਪਾਰਟੀ ਆਲਾ ਕਮਾਨ ਵੱਲੋਂ ਸਾਬਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੂੰ ਪਾਰਟੀ ਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ। ਜਦਕਿ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ । ਦੱਸਣਯੋਗ ਹੈ ਕਿ ਸੁਰਜੀਤ ਸਿੰਘ ਧੀਮਾਨ ਵੱਲੋਂ ਨਵ ਨਿਯੁਕਤ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਰੁੱਧ ਖੁੱਲ੍ਹੇਆਮ ਮੀਡੀਆ ਵਿੱਚ ਬਿਆਨਬਾਜ਼ੀ ਕੀਤੀ ਗਈ ਸੀ ।
10 ਮਾਰਚ ਨੂੰ ਰਾਜ ਭਾਗ ਸੰਭਾਲਣ ਵਾਲੀ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਨੂੰ ਚੈੱਕ ਕਰਨ ਲਈ ਹਾਲੇ ਉਸ ਨੂੰ 5-6 ਮਹੀਨੇ ਦਾ ਸਮਾਂ ਦੇਣਾ ਪਵੇਗਾ। ਇਸ ਵਕਫੇ਼ ਦੌਰਾਨ ਨਵ ਨਿਯੁਕਤ ਕਾਂਗਰਸ ਪ੍ਰਧਾਨ ਦਿਨ ਰਾਤ ਇੱਕ ਕਰਕੇ ਪੰਜਾਬ ਅੰਦਰ ਕਾਂਗਰਸ ਨੂੰ ਮਜ਼ਬੂਤ ਕਰ ਸਕਦੇ ਹਨ।
ਪੰਜਾਬ ਵਿਧਾਨ ਸਭਾ ਵਿੱਚ ਕਾਂਗਰਸ ਦੇ 18 ਵਿਧਾਇਕ ਹਨ । ਕਾਂਗਰਸ ਹਾਈ ਕਮਾਂਡ ਵੱਲੋਂ ਸ: ਪ੍ਰਤਾਪ ਸਿੰਘ ਬਾਜਵਾ ਨੂੰ ਵਿਧਾਨ ਸਭਾ ਚ ਵਿਰੋਧੀ ਧਿਰ ਦਾ ਨੇਤਾ ਥਾਪਿਆ ਗਿਆ ਹੈ। ਉਹ ਵੀ ਇਕ ਤਜਰਬੇਕਾਰ ਆਗੂ ਹਨ।ਜੋ ਚਾਰ ਵਾਰ ਵਿਧਾਇਕ ਚੁਣੇ ਜਾਣ ਤੋਂ ਇਲਾਵਾ ਇੱਕ ਵਾਰੀ ਲੋਕ ਸਭਾ ਤੇ ਇਕ ਵਾਰੀ ਰਾਜ ਸਭਾ ਮੈਂਬਰ ਰਹਿਣ ਤੋਂ ਇਲਾਵਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ ।ਉਨ੍ਹਾਂ ਕੋਲ ਵਿਧਾਨ ਸਭਾ ,ਲੋਕ ਸਭਾ,ਰਾਜ ਸਭਾ ਦੇ ਅੰਦਰ ਦੇ ਤਜਰਬੇ ਤੋਂ ਇਲਾਵਾ ਬਾਹਰਲਾ ਸ੍ਰੀ ਖਾਸਾ ਅਨੁਭਵ ਹੈ । ਇਸ ਵਾਸਤੇ ਉਹ ਵਿਧਾਨ ਸਭਾ ਦੇ ਅੰਦਰ ਸੱਤਾਧਾਰੀ ਪਾਰਟੀ ਨੂੰ ਵੱਖ ਵੱਖ ਮੁੱਦਿਆਂ ਉੱਤੇ ਚੰਗੀ ਤਰ੍ਹਾਂ ਘੇਰਨ ਦੀ ਸਮਰੱਥਾ ਰੱਖਦੇ ਹਨ। ਵਿਧਾਨ ਸਭਾ ਦੇ ਆਉਣ ਵਾਲੇ ਸੈਸ਼ਨ ਦੌਰਾਨ ਬੇਅਦਬੀ ਕਾਂਡ, ਰੇਤਾ ਮਾਫੀਆ (ਮਾਈਨਿੰਗ ),300 ਯੂਨਿਟ ਫ੍ਰੀ ਬਿਜਲੀ,1000 /-ਰੁਪਏ ਪ੍ਰਤੀ ਮਹੀਨਾ ਔਰਤਾਂ ਦੇ ਖਾਤੇ ਚ ਪਾਉਣ ਆਦਿ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚੰਗੀ ਤਰਾਂ ਘੇਰਿਆ ਜਾ ਸਕਦਾ ਹੈ।ਜਿਸ ਲਈ ਇਕ ਚੰਗੀ ਰਣਨੀਤੀ ਦੀ ਜ਼ਰੂਰਤ ਹੈ।ਇੱਥੇ ਇਹ ਗੱਲ ਵੀ ਬੜੀ ਮਾਅਨੇ ਰੱਖਦੀ ਹੈ ਕਿ ਸੱਤਾਧਾਰੀ ਪਾਰਟੀ ਨੂੰ ਵਿਧਾਨ ਸਭਾ ਦੇ ਅੰਦਰ ਤੇ ਬਾਹਰ ਘੇਰਨ ਦੇ ਲਈ ਕਾਂਗਰਸ ਦੇ ਨਵ ਨਿਯੁਕਤ ਪ੍ਰਧਾਨ ਤੇ ਵਿਰੋਧੀ ਧਿਰ ਦੇ ਨੇਤਾ ਦਾ ਇਕਜੁੱਟ ਹੋ ਕੇ ਚੱਲਣਾ ਬੇਹੱਦ ਅਹਿਮੀਅਤ ਰੱਖਦਾ ਹੈ ।ਇਸ ਤਰ੍ਹਾਂ ਜੇਕਰ ਕਾਂਗਰਸ ਪਾਰਟੀ ਪੰਜਾਬ ਵਿਧਾਨ ਸਭਾ ਦੇ ਅੰਦਰ ਤੇ ਬਾਹਰ ਲੋਕਾਂ ਦੇ ਮੁੱਖ ਮੁੱਦਿਆਂ ਨੂੰ ਉਠਾ ਕੇ ਸੱਤਾਧਾਰੀ ਪਾਰਟੀ ਨੂੰ ਘੇਰਨ ਵਿੱਚ ਕਾਮਯਾਬ ਹੁੰਦੀ ਹੈ ਤਾਂ ਹੀ ਪੰਜਾਬ ਦੇ ਲੋਕਾਂ ਅਤੇ ਪੰਜਾਬ ਕਾਂਗਰਸ ਦਾ ਆਉਣ ਵਾਲਾ ਸਿਆਸੀ ਭਵਿੱਖ ਚੰਗਾ ਹੋਣ ਦੀ ਉਮੀਦ ਕੀਤੀ ਜਾ ਸਕਦੀ ਹੈ।
ਫਾਈਲ ਫੋਟੋ ਅਮਰਿੰਦਰ ਸਿੰਘ ਰਾਜਾ ਵੜਿੰਗ (ਪ੍ਰਧਾਨ ਪੰਜਾਬ ਕਾਂਗਰਸ )

Related posts

ਬੀੜ ਨੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦੇ ਗ੍ਰਹਿ ਵਿਖੇ ਚਲਾਈ ਪੰਛੀ ਬਚਾਓ ਫ਼ਰਜ਼ ਨਿਭਾਓ ਮੁਹਿੰਮ

punjabdiary

ਮਹੀਨੇ ਦੇ ਪਹਿਲੇ ਦਿਨ ਮਹਿੰਗਾਈ ਦਾ ਲੱਗਿਆ ਝਟਕਾ, ਐਲਪੀਜੀ ਸਿਲੰਡਰ ਹੋਰ ਹੋਇਆ ਮਹਿੰਗਾ

Balwinder hali

ਸਾਈਂ ਮੀਆਂਮੀਰ ਇੰਟਰਨੈਸ਼ਨਲ ਫਾਊਂਡੇਸ਼ਨ ਦੇ ਸੰਸਥਾਪਕ ਬਰਾੜ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ

punjabdiary

Leave a Comment