ਅਕਾਲ ਤਖ਼ਤ ਸਾਹਿਬ ਦਾ ਸਖ਼ਤ ਫ਼ੈਸਲਾ: ‘ਆਪ’ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਪੰਥਕ ਸਜ਼ਾ, ਸੰਗਤ ਨੂੰ ਮਿਲਵਰਤਣ ਤੋਂ ਵਰਜਿਆ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਫ਼ਸੀਲ ਤੋਂ ਆਦੇਸ਼ ਜਾਰੀ ਕਰਦਿਆਂ ਸਿੱਖ ਸੰਗਤ ਨੂੰ ਗਿਆਸਪੁਰਾ ਨਾਲ ਕਿਸੇ ਵੀ ਤਰ੍ਹਾਂ ਦਾ ਸਬੰਧ ਨਾ ਰੱਖਣ ਲਈ ਕਿਹਾ ਹੈ।

ਅੰਮ੍ਰਿਤਸਰ
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਦੌਰਾਨ ਪਾਇਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੇ ਮਾਮਲੇ ’ਤੇ ਵਿਚਾਰ ਕਰਨ ਤੋਂ ਬਾਅਦ ਉਨ੍ਹਾਂ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਫ਼ਸੀਲ ਤੋਂ ਆਦੇਸ਼ ਜਾਰੀ ਕਰਦਿਆਂ ਸਿੱਖ ਸੰਗਤ ਨੂੰ ਗਿਆਸਪੁਰਾ ਨਾਲ ਕਿਸੇ ਵੀ ਤਰ੍ਹਾਂ ਦਾ ਸਬੰਧ ਨਾ ਰੱਖਣ ਲਈ ਕਿਹਾ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵੱਲੋਂ ਜਾਰੀ ਜਾਣਕਾਰੀ ਅਨੁਸਾਰ, 12 ਅਕਤੂਬਰ 2026 ਨੂੰ ਆਮ ਆਦਮੀ ਪਾਰਟੀ ਨਾਲ ਸਬੰਧਤ ਕੁਝ ਵਿਧਾਇਕ ਅਤੇ ਸਿਆਸੀ ਆਗੂ ਸਕੱਤਰੇਤ ਵਿਖੇ ਪਹੁੰਚੇ ਸਨ। ਇਸ ਦੌਰਾਨ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਪਹਿਲਾਂ ਜਥੇਦਾਰ ਅਤੇ ਸਿੱਖ ਸੰਸਥਾਵਾਂ ਬਾਰੇ ਕਥਿਤ ਤੌਰ ’ਤੇ ਅਪਮਾਨਜਨਕ ਸ਼ਬਦਾਵਲੀ ਵਰਤਣ ਕਾਰਨ ਸਕੱਤਰੇਤ ਵਿੱਚ ਦਾਖ਼ਲ ਹੋਣ ਤੋਂ ਰੋਕਿਆ ਗਿਆ ਸੀ। ਇਸ ਬਾਰੇ ਉੱਥੇ ਮੌਜੂਦ ਵਿਧਾਇਕਾਂ ਨੂੰ ਵੀ ਜਾਣੂ ਕਰਵਾਇਆ ਗਿਆ ਸੀ।
ਸਿੱਖ ਸੰਸਥਾਵਾਂ ਬਾਰੇ ਬਿਆਨਾਂ ਨੂੰ ਲੈ ਕੇ ਵਿਵਾਦ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਬਿਆਨ ਮੁਤਾਬਕ, ਇਸ ਤੋਂ ਬਾਅਦ ਮਨਵਿੰਦਰ ਸਿੰਘ ਗਿਆਸਪੁਰਾ ਨੇ ਸ੍ਰੀ ਦਰਬਾਰ ਸਾਹਿਬ ਦੇ ਸੇਵਾਦਾਰਾਂ ’ਤੇ ਜਾਤੀ ਵਿਤਕਰੇ ਦੇ ਦੋਸ਼ ਲਗਾਏ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਬਾਰੇ ਇਤਰਾਜ਼ਯੋਗ ਸ਼ਬਦਾਵਲੀ ਵਰਤੀ। ਬਿਆਨ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਗੱਲਾਂ ਨਾਲ ਦੁਨੀਆ ਭਰ ਦੀ ਸਿੱਖ ਸੰਗਤ ਅਤੇ ਖ਼ਾਲਸਾ ਪੰਥ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।
ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵਫ਼ਦ ਦੇ ਰੂਪ ਵਿੱਚ ਪਹੁੰਚੇ ‘ਆਪ’ ਆਗੂਆਂ ਅਤੇ ਵਿਧਾਇਕਾਂ ਨੇ ਕਥਿਤ ਤੌਰ ’ਤੇ ਮੰਨਿਆ ਕਿ ਉਸ ਦਿਨ ਜਾਤੀ ਵਿਤਕਰੇ ਵਰਗੀ ਕੋਈ ਘਟਨਾ ਨਹੀਂ ਵਾਪਰੀ ਸੀ ਅਤੇ ਗਿਆਸਪੁਰਾ ਨੇ ਜਾਣਬੁੱਝ ਕੇ ਇਸ ਮੁੱਦੇ ਨੂੰ ਉਭਾਰਿਆ ਸੀ।
ਜਾਤ-ਪਾਤ ਵਿਰੋਧੀ ਸਿੱਖ ਸਿਧਾਂਤਾਂ ਦਾ ਦਿੱਤਾ ਹਵਾਲਾ
ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਬਿਆਨ ਵਿੱਚ ਗੁਰਬਾਣੀ ਦੇ ਸਿਧਾਂਤ “ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ॥” ਦਾ ਹਵਾਲਾ ਦਿੰਦਿਆਂ ਕਿਹਾ ਗਿਆ ਕਿ ਸਿੱਖ ਧਰਮ ਜਾਤ-ਪਾਤ, ਊਚ-ਨੀਚ ਅਤੇ ਹਰ ਤਰ੍ਹਾਂ ਦੇ ਵਿਤਕਰੇ ਨੂੰ ਰੱਦ ਕਰਦਾ ਹੈ।
ਬਿਆਨ ਅਨੁਸਾਰ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਾਜਨਾ ਕਰਕੇ ਜਾਤ-ਪਾਤ, ਛੂਤ-ਛਾਤ ਅਤੇ ਨਸਲ ਤੇ ਰੰਗ ਦੇ ਆਧਾਰ ’ਤੇ ਹੁੰਦੇ ਵਿਤਕਰਿਆਂ ਨੂੰ ਖ਼ਤਮ ਕਰਨ ਦਾ ਸੰਦੇਸ਼ ਦਿੱਤਾ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਨੇ ਦੋਸ਼ ਲਾਇਆ ਕਿ ਗਿਆਸਪੁਰਾ ਨੇ ਨਿੱਜੀ ਸਿਆਸੀ ਲਾਹੇ ਲਈ ਜਾਤੀ ਵਿਤਕਰੇ ਦਾ ਬਿਰਤਾਂਤ ਸਿਰਜਿਆ, ਜਿਸ ਨਾਲ ਸਿੱਖ ਸੰਸਥਾਵਾਂ ਅਤੇ ਧਰਮ ਬਾਰੇ ਗ਼ਲਤ ਪ੍ਰਚਾਰ ਨੂੰ ਹੁਲਾਰਾ ਮਿਲਿਆ।
ਇਨ੍ਹਾਂ ਦੋਸ਼ਾਂ ਨੂੰ ਗੰਭੀਰ ਮੰਨਦਿਆਂ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਅਤੇ ਸਿੱਖ ਸੰਗਤ ਨੂੰ ਉਨ੍ਹਾਂ ਨਾਲ ਸਾਂਝ ਨਾ ਰੱਖਣ ਦਾ ਆਦੇਸ਼ ਦਿੱਤਾ ਗਿਆ।
ਪ੍ਰਚਾਰਕ ਜੀਵਨ ਸਿੰਘ ਬਗੀਚੀ ਵਾਲੇ ਦੇ ਕੀਰਤਨ ’ਤੇ ਵੀ ਰੋਕ
ਇਸੇ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪ੍ਰਚਾਰਕ ਜੀਵਨ ਸਿੰਘ ਬਗੀਚੀ ਵਾਲੇ ਦੇ ਪ੍ਰਚਾਰ ਅਤੇ ਕੀਰਤਨ ਕਰਨ ’ਤੇ ਵੀ ਰੋਕ ਲਗਾਈ ਗਈ ਹੈ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਨੁਸਾਰ, ਜੀਵਨ ਸਿੰਘ ਬਗੀਚੀ ਵਾਲੇ ਆਪਣੀ ਮਨਮਰਜ਼ੀ ਨਾਲ ਧਾਰਮਿਕ ਸਿਧਾਂਤਾਂ ਦੀ ਵਿਆਖਿਆ ਕਰਦੇ ਹਨ, ਜਿਸ ਨਾਲ ਸੰਗਤ ਵਿੱਚ ਭੰਬਲਭੂਸਾ ਪੈਦਾ ਹੁੰਦਾ ਹੈ ਅਤੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਇਸ ਕਾਰਨ ਉਨ੍ਹਾਂ ਦੇ ਪ੍ਰਚਾਰ ਅਤੇ ਕੀਰਤਨ ’ਤੇ ਰੋਕ ਲਗਾਉਣ ਦਾ ਫ਼ੈਸਲਾ ਕੀਤਾ ਗਿਆ ਹੈ।
-(ਪੀਟੀਸੀ ਨਿਊਜ)
ਨੋਟ– ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


