ਪੰਜਾਬ ’ਚ ਪਰਾਲੀ ਸਾੜਨ ਦੇ ਮਾਮਲੇ ਵਧੇ, ਦੋ ਦਿਨਾਂ ’ਚ 36 ਨਵੇਂ ਕੇਸ; ਤਰਨਤਾਰਨ ਸਭ ਤੋਂ ਅੱਗੇ
ਮਾਝੇ ਦੇ ਜ਼ਿਲ੍ਹਿਆਂ ’ਚ ਸਭ ਤੋਂ ਵੱਧ ਘਟਨਾਵਾਂ, ਸੂਬੇ ’ਚ ਸਰਗਰਮ ਮਾਮਲੇ 404 ਹੋਏ; ਲਾਪਰਵਾਹੀ ਦੇ ਦੋਸ਼ ਹੇਠ 152 ਅਧਿਕਾਰੀਆਂ ਨੂੰ ਨੋਟਿਸ

ਪਟਿਆਲਾ: ਪੰਜਾਬ ਵਿੱਚ ਝੋਨੇ ਦੀ ਵਾਢੀ ਤੇਜ਼ ਹੋਣ ਦੇ ਨਾਲ ਹੀ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਵੀ ਵਾਧਾ ਦਰਜ ਕੀਤਾ ਜਾ ਰਿਹਾ ਹੈ। ਦੁਸਹਿਰੇ ਵਾਲੇ ਦਿਨ ਸੂਬੇ ਵਿੱਚ ਪਰਾਲੀ ਨੂੰ ਅੱਗ ਲਾਉਣ ਦੇ 36 ਨਵੇਂ ਮਾਮਲੇ ਸਾਹਮਣੇ ਆਏ। ਇਸ ਨਾਲ ਸਰਗਰਮ ਕੇਸਾਂ ਦੀ ਗਿਣਤੀ 368 ਤੋਂ ਵਧ ਕੇ 404 ਹੋ ਗਈ ਹੈ। ਤਾਜ਼ਾ ਅੰਕੜਿਆਂ ਮੁਤਾਬਕ ਮਾਝਾ ਖੇਤਰ ਵਿੱਚ ਪਰਾਲੀ ਸਾੜਨ ਦੀ ਸਮੱਸਿਆ ਵਧੇਰੇ ਗੰਭੀਰ ਬਣੀ ਹੋਈ ਹੈ।
ਝੋਨੇ ਦੀ ਕਟਾਈ ਦਾ ਰਕਬਾ ਸੂਬੇ ਵਿੱਚ 18.40 ਫ਼ੀਸਦੀ ਤੱਕ ਪਹੁੰਚ ਗਿਆ ਹੈ। ਜ਼ਿਲ੍ਹਾ ਪੱਧਰੀ ਅੰਕੜਿਆਂ ਅਨੁਸਾਰ ਤਰਨਤਾਰਨ ਵਿੱਚ ਸਭ ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ। ਇੱਥੇ ਕੇਸਾਂ ਦੀ ਗਿਣਤੀ 180 ਤੋਂ ਵਧ ਕੇ 198 ਹੋ ਗਈ ਹੈ। ਅੰਮ੍ਰਿਤਸਰ ਵਿੱਚ ਮਾਮਲੇ 115 ਤੋਂ ਵਧ ਕੇ 117 ਅਤੇ ਗੁਰਦਾਸਪੁਰ ਵਿੱਚ 17 ਤੋਂ ਵਧ ਕੇ 23 ਹੋ ਗਏ ਹਨ। ਇਸ ਦੇ ਉਲਟ ਬਠਿੰਡਾ, ਮਾਨਸਾ, ਪਠਾਨਕੋਟ, ਰੂਪਨਗਰ ਅਤੇ ਮਾਲੇਰਕੋਟਲਾ ਵਿੱਚ ਹਾਲੇ ਤੱਕ ਪਰਾਲੀ ਸਾੜਨ ਦਾ ਕੋਈ ਮਾਮਲਾ ਦਰਜ ਨਹੀਂ ਹੋਇਆ।
ਜਾਂਚ ਅਤੇ ਕਾਨੂੰਨੀ ਕਾਰਵਾਈ ਵਿੱਚ ਵੀ ਵਾਧਾ
ਪਰਾਲੀ ਸਾੜਨ ਦੀਆਂ ਘਟਨਾਵਾਂ ਦੀ ਜਾਂਚ ਦਾ ਅੰਕੜਾ ਵੀ ਵਧਿਆ ਹੈ। ਅਧਿਕਾਰੀਆਂ ਵੱਲੋਂ ਖੇਤਾਂ ਵਿੱਚ ਜਾ ਕੇ ਕੀਤੀਆਂ ਜਾਂਚਾਂ ਦੀ ਗਿਣਤੀ 330 ਤੋਂ ਵਧ ਕੇ 358 ਹੋ ਗਈ ਹੈ, ਜਦਕਿ ਮੌਕੇ ’ਤੇ ਅੱਗ ਲੱਗਣ ਦੀ ਪੁਸ਼ਟੀ ਵਾਲੇ ਮਾਮਲੇ 136 ਤੋਂ ਵਧ ਕੇ 151 ਤੱਕ ਪਹੁੰਚ ਗਏ ਹਨ।
ਕਾਨੂੰਨੀ ਕਾਰਵਾਈ ਤਹਿਤ ਭਾਰਤੀ ਨਿਆਂ ਸੰਹਿਤਾ ਦੀ ਧਾਰਾ 223 ਅਧੀਨ ਦਰਜ ਐੱਫਆਈਆਰਜ਼ ਦੀ ਗਿਣਤੀ ਵੀ 27 ਤੋਂ ਵਧ ਕੇ 39 ਹੋ ਗਈ ਹੈ। ਤਰਨਤਾਰਨ ਵਿੱਚ ਹੀ ਐੱਫਆਈਆਰਜ਼ ਦਾ ਅੰਕੜਾ 15 ਤੋਂ ਵਧ ਕੇ 25 ਹੋ ਗਿਆ ਹੈ।
ਇਸੇ ਤਰ੍ਹਾਂ ਕਿਸਾਨਾਂ ਦੇ ਮਾਲ ਰਿਕਾਰਡ ਵਿੱਚ ਲਾਲ ਐਂਟਰੀਆਂ ਦੀ ਗਿਣਤੀ 103 ਤੋਂ ਵਧ ਕੇ 106 ਹੋ ਗਈ ਹੈ। ਵਾਤਾਵਰਨ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲਿਆਂ ਵਿੱਚ ਮੁਆਵਜ਼ਾ ਲਗਾਉਣ ਸਬੰਧੀ ਕਾਰਵਾਈ ਵੀ ਤੇਜ਼ ਹੋਈ ਹੈ। ਅਜਿਹੇ ਮਾਮਲੇ 126 ਤੋਂ ਵਧ ਕੇ 142 ਹੋ ਗਏ ਹਨ।
152 ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ
ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਵਿੱਚ ਕਥਿਤ ਲਾਪਰਵਾਹੀ ਵਰਤਣ ਵਾਲੇ ਅਧਿਕਾਰੀਆਂ ਖ਼ਿਲਾਫ਼ ਵੀ ਕਾਰਵਾਈ ਕੀਤੀ ਗਈ ਹੈ। ਰਿਪੋਰਟ ਮੁਤਾਬਕ ਵੱਖ-ਵੱਖ ਜ਼ਿਲ੍ਹਿਆਂ ਦੇ 152 ਨੋਡਲ ਅਤੇ ਨਿਗਰਾਨੀ ਅਧਿਕਾਰੀਆਂ ਨੂੰ ਚੇਤਾਵਨੀ ਜਾਂ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ।
ਇਨ੍ਹਾਂ ਵਿੱਚ ਅੰਮ੍ਰਿਤਸਰ ਦੇ 90, ਤਰਨਤਾਰਨ ਦੇ 56, ਫ਼ਿਰੋਜ਼ਪੁਰ ਦੇ 4 ਅਤੇ ਗੁਰਦਾਸਪੁਰ ਦੇ 2 ਅਧਿਕਾਰੀ ਸ਼ਾਮਲ ਹਨ। ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਪਰਾਲੀ ਨੂੰ ਅੱਗ ਲਾਉਣ ਦੀ ਬਜਾਏ ਇਸ ਦੇ ਸੁਚੱਜੇ ਪ੍ਰਬੰਧਨ ਦੇ ਬਦਲ ਅਪਣਾਉਣ, ਤਾਂ ਜੋ ਵਾਤਾਵਰਨ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕੇ ਅਤੇ ਕਾਨੂੰਨੀ ਕਾਰਵਾਈ ਦੀ ਨੌਬਤ ਨਾ ਆਵੇ।
ਅੰਮ੍ਰਿਤਸਰ ਵਿੱਚ ਵਾਢੀ ਸਭ ਤੋਂ ਤੇਜ਼, ਮੋਗਾ ਸਭ ਤੋਂ ਪਿੱਛੇ
ਸੂਬੇ ਵਿੱਚ ਝੋਨੇ ਦੀ ਵਾਢੀ ਲਈ ਨਿਰਧਾਰਤ ਕੁੱਲ 34.56 ਲੱਖ ਹੈਕਟੇਅਰ ਰਕਬੇ ਵਿੱਚੋਂ ਹੁਣ ਤੱਕ 18.40 ਫ਼ੀਸਦੀ ਰਕਬੇ ਦੀ ਕਟਾਈ ਹੋ ਚੁੱਕੀ ਹੈ। ਜ਼ਿਲ੍ਹਿਆਂ ਦੇ ਅੰਕੜਿਆਂ ਵਿੱਚ ਵਾਢੀ ਦੀ ਰਫ਼ਤਾਰ ਕਾਫ਼ੀ ਵੱਖਰੀ ਦਿਖਾਈ ਦੇ ਰਹੀ ਹੈ।
ਅੰਮ੍ਰਿਤਸਰ ਵਿੱਚ ਸਭ ਤੋਂ ਵੱਧ 65.13 ਫ਼ੀਸਦੀ ਵਾਢੀ ਮੁਕੰਮਲ ਹੋ ਚੁੱਕੀ ਹੈ। ਤਰਨਤਾਰਨ ਵਿੱਚ 39.56 ਫ਼ੀਸਦੀ, ਗੁਰਦਾਸਪੁਰ ਵਿੱਚ 37.43 ਫ਼ੀਸਦੀ, ਰੂਪਨਗਰ ਵਿੱਚ 36.76 ਫ਼ੀਸਦੀ ਅਤੇ ਕਪੂਰਥਲਾ ਵਿੱਚ 33.54 ਫ਼ੀਸਦੀ ਰਕਬੇ ਦੀ ਕਟਾਈ ਹੋਈ ਹੈ।
ਦੂਜੇ ਪਾਸੇ, ਮੋਗਾ ਵਿੱਚ ਵਾਢੀ ਦੀ ਰਫ਼ਤਾਰ ਸਭ ਤੋਂ ਘੱਟ ਰਹੀ ਹੈ, ਜਿੱਥੇ ਹੁਣ ਤੱਕ ਸਿਰਫ਼ 1.69 ਫ਼ੀਸਦੀ ਰਕਬੇ ਵਿੱਚ ਕਟਾਈ ਹੋਈ ਹੈ। ਬਰਨਾਲਾ ਵਿੱਚ ਇਹ ਅੰਕੜਾ 2.37 ਫ਼ੀਸਦੀ, ਸੰਗਰੂਰ ਵਿੱਚ 3.95 ਫ਼ੀਸਦੀ, ਮਾਲੇਰਕੋਟਲਾ ਵਿੱਚ 5.08 ਫ਼ੀਸਦੀ ਅਤੇ ਸ੍ਰੀ ਮੁਕਤਸਰ ਸਾਹਿਬ ਵਿੱਚ ਲਗਭਗ 6 ਫ਼ੀਸਦੀ ਹੈ।
ਵਾਢੀ ਦਾ ਕੰਮ ਅੱਗੇ ਵਧਣ ਦੇ ਨਾਲ ਪ੍ਰਸ਼ਾਸਨ ਲਈ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣਾ ਵੱਡੀ ਚੁਣੌਤੀ ਬਣਿਆ ਹੋਇਆ ਹੈ। ਆਉਣ ਵਾਲੇ ਦਿਨਾਂ ਵਿੱਚ ਕਿਸਾਨਾਂ ਨੂੰ ਜਾਗਰੂਕ ਕਰਨ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ’ਤੇ ਹੋਰ ਜ਼ੋਰ ਦਿੱਤੇ ਜਾਣ ਦੀ ਲੋੜ ਹੈ।
-(ਪੰਜਾਬੀ ਜਾਗਰਣ)
ਨੋਟ– ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


