ਕੈਨੇਡਾ ਵਿੱਚ ਸੁਨਹਿਰੀ ਭਵਿੱਖ ਬਣਾਉਣ ਗਏ ਪੰਜਾਬੀ ਨੌਜਵਾਨ ਨੇ ਕੀਤੀ ਖੁਦਕੁਸ਼ੀ
(ਪੰਜਾਬ ਡਾਇਰੀ) 26 ਅਪ੍ਰੈਲ – ਪੰਜਾਬ ਵਿੱਚੋਂ ਲਗਾਤਾਰ ਪੰਜਾਬੀ ਨੌਜਵਾਨ ਕੁੜੀਆਂ ਅਤੇ ਮੁੰਡੇ ਪੜ੍ਹਨ ਲਈ ਅਤੇ ਆਪਣਾਂ ਸੁਨਿਹਰਾ ਭਵਿੱਖ ਬਣਾਉਣ ਲਈ ਜਾਂਦੇ ਹਨ। ਪਰ ਉਥੇ ਜਾ ਕੇ ਨੌਜਵਾਨ ਲੜਕੇ ਲੜਕੀਆਂ ਨੂੰ ਬਹੁਤ ਹੀ ਕਠਿਨਾਈਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਤੇ ਕਈ ਵਾਰ ਗਲਤ ਕਦਮ ਚੁੱਕ ਲੈਂਦੇ ਤੇ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ। ਇਸੇ ਵਿਚਾਲੇ ਕੈਨੇਡਾ ਤੋਂ ਮੰਦਭਾਗੀ ਖ਼ਬਰ ਆਈ ਹੈ , ਜਿੱਥੇ ਇੱਕ ਪੰਜਾਬੀ ਨੌਜਵਾਨ ਨੇ ਖ਼ੁਦਕੁਸ਼ੀ ਕਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਮਿਲੀ ਜਾਣਕਾਰੀ ਅਨੁਸਾਰ ਮਈ 2019 ਵਿੱਚ ਕੈਨੇਡਾ ਪੜ੍ਹਾਈ ਲਈ ਗਏ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਘੱਗਾ ਦੇ ਨੌਜਵਾਨ ਅਰਸ਼ਦੀਪ ਵਰਮਾ ਪੁੱਤਰ ਰਾਜ ਕੁਮਾਰ ਵਰਮਾ ਨੇ ਬੀਤੇ ਸ਼ਨੀਵਾਰ ਖੁਦਕੁਸ਼ੀ ਕਰ ਕੇ ਆਪਣੇ ਜੀਵਨ ਦਾ ਅੰਤ ਕਰ ਦਿੱਤਾ।ਦੱਸਿਆ ਜਾ ਰਿਹਾ ਹੈ ਕਿ ਅਰਸ਼ਦੀਪ ਕੈਨੇਡਾ ਦੇ ਉਨਟਾਰੀਓ ਨਾਲ ਸਬੰਧਿਤ ਕੈਮਬ੍ਰੀਅਨ ਕਾਲਜ ਵਿੱਚ ਵਿਦਿਆਰਥੀ ਦੇ ਤੌਰ ‘ਤੇ ਆਇਆ ਸੀ। ਦੱਸਿਆ ਜਾ ਰਿਹਾ ਹੈ ਕਿ ਅਰਸ਼ਦੀਪ ਜ਼ਿੰਦਗੀ ਦੀਆਂ ਵੱਖ-ਵੱਖ ਮੁਸ਼ਕਿਲਾਂ ਕਾਰਨ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਗਿਆ ਸੀ ਜਿਸ ਕਾਰਨ ਉਸਨੂੰ ਖੁਦਕੁਸ਼ੀ ਵਰਗਾ ਕਦਮ ਚੁੱਕਣਾ ਪਿਆ। ਫਿਲਹਾਲ ਅਰਸ਼ਦੀਪ ਦੇ ਦੋਸਤਾਂ ਵੱਲੋਂ ਉਸਦੀ ਮ੍ਰਿਤਕ ਦੇਹ ਨੂੰ ਪੰਜਾਬ ਵਾਪਸ ਭੇਜਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।