Saturday, October 24, 2026
Google search engine
Homeਤਾਜ਼ਾ ਖਬਰਝੋਟਾ ਮਾਮਲੇ ’ਚ ਸੰਘਰਸ਼ ਹੋਰ ਤਿੱਖਾ ਕਰਨ ਦਾ ਐਲਾਨ, 25 ਅਕਤੂਬਰ ਨੂੰ...

ਝੋਟਾ ਮਾਮਲੇ ’ਚ ਸੰਘਰਸ਼ ਹੋਰ ਤਿੱਖਾ ਕਰਨ ਦਾ ਐਲਾਨ, 25 ਅਕਤੂਬਰ ਨੂੰ ਪਿੰਡ-ਪਿੰਡ ਫੂਕੇ ਜਾਣਗੇ ਝਾੜੂ

ਝੋਟਾ ਮਾਮਲੇ ’ਚ ਸੰਘਰਸ਼ ਹੋਰ ਤਿੱਖਾ ਕਰਨ ਦਾ ਐਲਾਨ, 25 ਅਕਤੂਬਰ ਨੂੰ ਪਿੰਡ-ਪਿੰਡ ਫੂਕੇ ਜਾਣਗੇ ਝਾੜੂ

ਮੁੱਖ ਮੰਤਰੀ ਭਗਵੰਤ ਮਾਨ ਤੇ DGP ਦੇ ਅਸਤੀਫ਼ਿਆਂ ਦੀ ਮੰਗ ’ਤੇ ਅੜਿਆ ਪਰਿਵਾਰ, ਮੰਗਾਂ ਪੂਰੀਆਂ ਹੋਣ ਤੱਕ ਪੋਸਟਮਾਰਟਮ ਤੇ ਸਸਕਾਰ ਤੋਂ ਇਨਕਾਰ

ਮਾਨਸਾ: ਪਰਵਿੰਦਰ ਸਿੰਘ ਝੋਟਾ ਮਾਮਲੇ ਨੂੰ ਲੈ ਕੇ ਪਰਿਵਾਰ ਅਤੇ ਇਨਸਾਫ਼ ਕਮੇਟੀ ਨੇ ਆਪਣਾ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਕਮੇਟੀ ਵੱਲੋਂ 25 ਅਕਤੂਬਰ ਨੂੰ ਪੰਜਾਬ ਦੇ ਹਰ ਪਿੰਡ ਵਿੱਚ ਰੋਸ ਵਜੋਂ ਝਾੜੂ ਫੂਕਣ ਦੀ ਅਪੀਲ ਕੀਤੀ ਗਈ ਹੈ। ਪਰਿਵਾਰ ਨੇ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਉਦੋਂ ਤੱਕ ਸੰਘਰਸ਼ ਖ਼ਤਮ ਨਹੀਂ ਕੀਤਾ ਜਾਵੇਗਾ।

ਇਸ ਮਾਮਲੇ ਵਿੱਚ ਪੰਜਾਬ ਸਰਕਾਰ ਵੱਲੋਂ ਗਠਿਤ ਤਿੰਨ ਮੈਂਬਰੀ ਕਮੇਟੀ ਨੇ ਪਰਿਵਾਰ ਅਤੇ ਇਨਸਾਫ਼ ਕਮੇਟੀ ਵੱਲੋਂ ਰੱਖੀਆਂ ਗਈਆਂ 14 ਮੰਗਾਂ ਸਬੰਧੀ ਸਰਕਾਰ ਵੱਲੋਂ ਚੁੱਕੇ ਗਏ ਕੁਝ ਕਦਮਾਂ ਬਾਰੇ ਲਿਖਤੀ ਜਵਾਬ ਦਿੱਤਾ ਹੈ। ਇਸ ਤੋਂ ਬਾਅਦ ਇਨਸਾਫ਼ ਕਮੇਟੀ ਅਤੇ ਪ੍ਰਸ਼ਾਸਨ ਵਿਚਾਲੇ ਮੀਟਿੰਗ ਹੋਣੀ ਸੀ। ਹਾਲਾਂਕਿ, ਕਮੇਟੀ ਨੇ ਪ੍ਰੈੱਸ ਕਾਨਫਰੰਸ ਕਰਕੇ ਸਾਫ਼ ਕਰ ਦਿੱਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ DGP ਦੇ ਅਸਤੀਫ਼ਿਆਂ ਦੀ ਮੰਗ ਪੂਰੀ ਹੋਣ ਤੱਕ ਅੰਦੋਲਨ ਜਾਰੀ ਰਹੇਗਾ।

DSP ਅਤੇ ਡਰੱਗ ਇੰਸਪੈਕਟਰ ਦੀ ਮੁਅੱਤਲੀ ਦੇ ਹੁਕਮ ਦੇਰੀ ਨਾਲ ਜਾਰੀ ਕਰਨ ’ਤੇ ਚੁੱਕੇ ਸਵਾਲ

ਇਨਸਾਫ਼ ਕਮੇਟੀ ਦੇ ਆਗੂਆਂ ਨੇ ਕਿਹਾ ਕਿ 21 ਅਕਤੂਬਰ ਨੂੰ ਹੋਈ ਮੀਟਿੰਗ ਦੌਰਾਨ ਪ੍ਰਸ਼ਾਸਨ ਵੱਲੋਂ ਮਾਨਸਾ ਦੇ DSP ਅਤੇ ਡਰੱਗ ਇੰਸਪੈਕਟਰ ਨੂੰ ਮੁਅੱਤਲ ਕਰਨ ਦੀ ਗੱਲ ਆਖੀ ਗਈ ਸੀ, ਪਰ ਉਸ ਸਮੇਂ ਇਸ ਸਬੰਧੀ ਹੁਕਮ ਜਾਰੀ ਨਹੀਂ ਕੀਤੇ ਗਏ। ਹੁਣ ਮੁਅੱਤਲੀ ਦੇ ਹੁਕਮ ਜਾਰੀ ਹੋਣ ਤੋਂ ਬਾਅਦ ਕਮੇਟੀ ਨੇ ਪ੍ਰਸ਼ਾਸਨ ਦੀ ਕਾਰਵਾਈ ’ਤੇ ਸਵਾਲ ਖੜ੍ਹੇ ਕੀਤੇ ਹਨ।

ਆਗੂਆਂ ਨੇ ਪੁੱਛਿਆ ਕਿ ਜਦੋਂ 21 ਅਕਤੂਬਰ ਨੂੰ ਹੀ ਮੁਅੱਤਲੀ ਦਾ ਭਰੋਸਾ ਦਿੱਤਾ ਗਿਆ ਸੀ ਤਾਂ ਹੁਕਮ ਉਸੇ ਸਮੇਂ ਕਿਉਂ ਜਾਰੀ ਨਹੀਂ ਕੀਤੇ ਗਏ? ਕੀ ਇਸ ਤਰ੍ਹਾਂ ਪਰਿਵਾਰ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਕਮੇਟੀ ਨੇ ਮੰਗ ਕੀਤੀ ਕਿ ਸਰਕਾਰ ਨੂੰ ਇਸ ਦੇਰੀ ਬਾਰੇ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ।

ਅਸਤੀਫ਼ਿਆਂ ਦੀ ਮੰਗ ’ਤੇ ਵੱਖਰੀ ਕਮੇਟੀ ਬਣਾਉਣ ਦੀ ਮੰਗ

ਇਨਸਾਫ਼ ਕਮੇਟੀ ਦੇ ਨੁਮਾਇੰਦਿਆਂ ਨੇ ਕਿਹਾ ਕਿ ਜਦੋਂ ਵੀ ਤਿੰਨ ਮੈਂਬਰੀ ਕਮੇਟੀ ਅੱਗੇ ਮੁੱਖ ਮੰਤਰੀ ਅਤੇ DGP ਦੇ ਅਸਤੀਫ਼ਿਆਂ ਦਾ ਮੁੱਦਾ ਚੁੱਕਿਆ ਜਾਂਦਾ ਹੈ ਤਾਂ ਇਹ ਕਹਿ ਦਿੱਤਾ ਜਾਂਦਾ ਹੈ ਕਿ ਇਹ ਮਾਮਲਾ ਉਸ ਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ।

ਕਮੇਟੀ ਨੇ ਸਰਕਾਰ ਨੂੰ ਕਿਹਾ ਕਿ ਜੇਕਰ ਇਹ ਮੰਗ ਮੌਜੂਦਾ ਕਮੇਟੀ ਦੇ ਅਧਿਕਾਰ ਖੇਤਰ ਤੋਂ ਬਾਹਰ ਹੈ ਤਾਂ ਸਬੰਧਤ ਵਿਭਾਗ ਜਾਂ ਅਥਾਰਟੀ ਦੀ ਵੱਖਰੀ ਕਮੇਟੀ ਬਣਾਈ ਜਾਵੇ, ਤਾਂ ਜੋ ਅਸਤੀਫ਼ਿਆਂ ਦੀ ਮੰਗ ’ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਸਕੇ।

ਮੰਗਾਂ ਪੂਰੀਆਂ ਹੋਣ ਤੱਕ ਪੋਸਟਮਾਰਟਮ ਤੇ ਸਸਕਾਰ ਨਹੀਂ ਹੋਵੇਗਾ

ਇਨਸਾਫ਼ ਕਮੇਟੀ ਨੇ ਮੁੜ ਦੁਹਰਾਇਆ ਕਿ ਪਰਵਿੰਦਰ ਸਿੰਘ ਝੋਟਾ ਦੀਆਂ ਮੰਗਾਂ ਪੂਰੀਆਂ ਹੋਣ ਤੱਕ ਨਾ ਤਾਂ ਉਸ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਅਤੇ ਨਾ ਹੀ ਸਸਕਾਰ ਕੀਤਾ ਜਾਵੇਗਾ। ਪਰਿਵਾਰ ਨੇ ਇਸ ਮਾਮਲੇ ਵਿੱਚ ਇਨਸਾਫ਼ ਮਿਲਣ ਤੱਕ ਆਪਣਾ ਪੱਖ ਕਾਇਮ ਰੱਖਣ ਦੀ ਗੱਲ ਆਖੀ ਹੈ।

ਪਰਵਿੰਦਰ ਸਿੰਘ ਝੋਟਾ ਦੀ ਪਤਨੀ ਮਨਪ੍ਰੀਤ ਕੌਰ ਨੇ ਕਿਹਾ ਕਿ ਪਰਿਵਾਰ ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ ਅਤੇ DGP ਦੇ ਅਸਤੀਫ਼ਿਆਂ ਦੀ ਮੰਗ ਕਰ ਰਿਹਾ ਹੈ, ਪਰ ਇਸ ਸਬੰਧੀ ਅਜੇ ਤੱਕ ਕੋਈ ਠੋਸ ਕਦਮ ਸਾਹਮਣੇ ਨਹੀਂ ਆਇਆ। ਉਨ੍ਹਾਂ ਕਿਹਾ ਕਿ ਸੂਬੇ ਦੀ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ।

ਮਨਪ੍ਰੀਤ ਕੌਰ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਅਸਤੀਫ਼ਿਆਂ ਦੀ ਮੰਗ ’ਤੇ ਕਾਰਵਾਈ ਨਹੀਂ ਹੁੰਦੀ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਦੇ ਨਾਲ ਹੀ ਉਨ੍ਹਾਂ ਅਤੇ ਇਨਸਾਫ਼ ਕਮੇਟੀ ਨੇ ਪੰਜਾਬ ਵਾਸੀਆਂ ਨੂੰ 25 ਅਕਤੂਬਰ ਨੂੰ ਪਿੰਡ-ਪਿੰਡ ਝਾੜੂ ਫੂਕ ਕੇ ਰੋਸ ਪ੍ਰਗਟਾਉਣ ਦੀ ਅਪੀਲ ਕੀਤੀ ਹੈ।

-(ਪੀਟੀਸੀ ਨਿਊਜ)

ਨੋਟ– ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments