“ਮਾਣ ਪੰਜਾਬੀਆਂ ਦੇ” ਲੜੀਵਾਰ ਕਾਲਮ —35, ਅਮਰੀਕਾ ਦੀ ਧਰਤੀ ਤੇ ਰਹਿਣ ਵਾਲਾ ਪੰਜਾਬੀ ਮਾਂ ਬੋਲੀ ਦਾ ਸਰਵਣ ਪੁੱਤ – ਗੀਤਕਾਰ ਜਸਵੰਤ ਜੱਸੀ ਸ਼ੀਮਾਰ।
ਆਦਮੀ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਚਲਿਆ ਜਾਵੇ,ਉਸਨੂੰ ਆਪਣੇ ਵਿਰਸੇ,ਭਾਸ਼ਾ,ਸੱਭਿਆਚਾਰ ਅਤੇ ਮਿੱਟੀ ਦੀ ਮੁਹੱਬਤ ਨੂੰ ਕਦੇ ਵੀ ਵਿਸਾਰਨਾ ਨਹੀਂ ਚਾਹੀਦਾ,ਸਗੋਂ ਉਸਨੂੰ ਪ੍ਫੁੱਲਤ ਕਰਨ ਲਈ ਆਪਣਾ ਬਣਦਾ ਯੋਗਦਾਨ ਪਾਉਣ ਲਈ ਹਮੇਸ਼ਾ ਤੱਤਪਰ ਰਹਿਣਾ ਚਾਹੀਦਾ ਹੈ। ਇਸੇ ਤਰਾਂ ਆਪਣੇ ਸੱਭਿਆਚਾਰ ਅਤੇ ਭਾਸ਼ਾ ਨੂੰ ਪ੍ਫੁੱਲਤ ਕਰਨ ਲਈ ਇੱਕ ਲੰਬੇ ਅਰਸੇ ਤੋਂ ਯਤਨਸ਼ੀਲ ਹੈ ਪੰਜਾਬ ਦੀ ਮਾਣਮੱਤੀ ਮਿੱਟੀ ਵਿੱਚੋਂ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਹੱਪੋਵਾਲ ਵਿੱਚ ਪੈਦਾ ਹੋਇਆ ਅਤੇ ਅੱਜਕੱਲ ਅਮਰੀਕਾ ਦੀ ਪ੍ਦੇਸਣ ਧਰਤੀ ਉੱਤੇ ਵਸਦਾ ਪੰਜਾਬੀ ਗੀਤਕਾਰ ਜਸਵੰਤ ਜੱਸੀ ਸ਼ੀਮਾਰ।
ਜੱਸੀ ਨੂੰ ਲਿਖਣ ਦੀ ਚੇਟਕ ਕਾਲਜ ਵਿੱਚ ਪੜਦਿਆਂ ਹੀ ਲੱਗ ਗਈ ਸੀ।ਉਸ ਸਮੇਂ ਜੱਸੀ ਨੇ ਇਹ ਸਫਰ ਕਵਿਤਾਵਾਂ ਲਿਖਣ ਤੋਂ ਸ਼ੁਰੂ ਕੀਤਾ ਅਤੇ ਕਾਫੀ ਕਵਿਤਾਵਾਂ ਕਾਲਜ ਸਮੇਂ ਦੌਰਾਨ ਲਿਖੀਆਂ। ਇਹਨਾਂ ਰਚਨਾਵਾਂ ਦੀ ਪ੍ਸੰਸਾ ਉਸ ਵੇਲੇ ਇਸ ਕਦਰ ਹੋਈ ਕਿ ਅਕਸਰ ਹੀ ਜੱਸੀ ਦੀਆਂ ਲਿਖੀਆਂ ਕਵਿਤਾਵਾਂ ਸਿੱਖ ਨੈਸ਼ਨਲ ਕਾਲਜ ਬੰਗਾ ਅਤੇ ਗੁਰੂ ਨਾਨਕ ਖ਼ਾਲਸਾ ਕਾਲਜ ਸ੍ਰੀ ਗੰਗਾਨਗਰ ਵਿਖੇ ਲਾਇਬਰੇਰੀ ਦੇ ਬਾਹਰ ਬੁਲਿਟਨ ਬੋਰਡ ਤੇ ਕਾਲਜ ਪ੍ਬੰਧਕਾਂ ਵੱਲੋਂ ਲਗਾਈਆਂ ਜਾਂਦੀਆਂ ਸਨ।
ਕਾਲਜਾਂ ਦੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਵੀ ਜੱਸੀ ਦੀ ਸ਼ਮੂਲੀਅਤ ਲਾਜਮੀ ਹੁੰਦੀ ਸੀ ਕਿਉਂਕਿ ਜੱਸੀ ਕਾਲਜ ਦੀ ਭੰਗੜਾ ਟੀਮ ਦਾ ਵੀ ਅਹਿਮ ਮੈਂਬਰ ਹੁੰਦਾ ਸੀ,ਭਾਵੇਂ ਉਹ ਬੰਗਾ ਕਾਲਜ ਦੀ ਭੰਗੜੇ ਦੀ ਟੀਮ ਹੋਵੇ, ਭਾਵੇਂ ਲਾਅ ਕਾਲਜ ਸ੍ਰੀ ਗੰਗਾਨਗਰ ਦੀ ਭੰਗੜੇ ਦੀ ਟੀਮ ਹੋਵੇ। ਭੰਗੜੇ ਦੇ ਨਾਲ-ਨਾਲ ਕਾਲਜ ਦੀ ਨਾਟਕ ਟੀਮ ਵੱਲ ਵੀ ਜੱਸੀ ਦਾ ਝੁਕਾਅ ਹੋ ਗਿਆ ਅਤੇ ਨਾਟਕ ਟੀਮ ਵਿੱਚ ਵੀ ਸ਼ਾਮਲ ਹੋ ਗਏ। ਇਸ ਟੀਮ ਨਾਲ ਮਿਲਕੇ ਸ੍ ਅਜਮੇਰ ਸਿੰਘ ਔਲਖ ਜੀ ਦੇ ਨਾਟਕ “ਬੇਗਾਨੇ ਬੋਹੜ ਦੀ ਛਾਂ”, “ਬਹਿਕਦੇ ਰੋਹ” ਅਤੇ “ਅੰਨ੍ਹੇ ਨਿਸ਼ਾਨਚੀ” ਵਿੱਚ ਸ਼ਾਨਦਾਰ ਪ੍ਦਰਸ਼ਨ ਕਰਕੇ ਚੰਗੀ ਵਾਹ ਵਾਹ ਖੱਟੀ।
ਇਸ ਤੋਂ ਬਾਦ ਸਮੇਂ ਨੇ ਕਰਵਟ ਬਦਲੀ ਅਤੇ ਜੱਸੀ ਨੂੰ ਅੰਨਜਲ ਨੇ ਭਾਰਤ ਤੋਂ ਅਮਰੀਕਾ ਤਬਦੀਲ ਕਰ ਦਿੱਤਾ ਪਰ ਸਮਾਂ ਉਸਦੇ ਮਾਤਭਾਸ਼ਾ ਪ੍ਤੀ ਮੋਹ ਨੂੰ ਭੰਗ ਨਾ ਕਰ ਸਕਿਆ ਅਤੇ ਅਮਰੀਕਾ ਵਿਖੇ ਰਹਿੰਦਿਆਂ ਹੀ 1993 ਵਿੱਚ ਪੰਜਾਬੀ ਸਹਿਤ ਸਭਾ ਕੈਲੇਫੋਰਨੀਆਂ ਨਾਲ ਜੁੜ ਗਿਆ।ਇਸ ਸਭਾ ਵਿੱਚ ਜਿੱਥੇ ਇੱਕ ਸਹਿਤਕਾਰ ਵਜੋਂ ਮਾਂ ਬੋਲੀ ਦੀ ਸੇਵਾ ਕੀਤੀ ਉਥੇ ਹੀ ਸਕੱਤਰ,ਪ੍ਧਾਨ ਅਤੇ ਬੋਰਡ ਆਫ ਡਾਇਰੈਕਟਰ ਵਰਗੇ ਮਹੱਤਵਪੂਰਨ ਅਹੁਦਿਆਂ ਤੇ ਰਹਿ ਕੇ ਸੇਵਾ ਕਰਨ ਦਾ ਮਾਣ ਵੀ ਪਰਾਪਤ ਹੋਇਆ। ਇਸਤੋਂ ਇਲਾਵਾ ਕਈ ਨਵੇਂ ਅਤੇ ਡਾ ਦਲੀਪ ਕੌਰ ਟਿਵਾਣਾ ਅਤੇ ਡਾ ਜਗਤਾਰ ਵਰਗੇ ਨਾਮਵਰ ਸਹਿਤਕਾਰਾਂ ਠੂੰ ਪੇਸ਼ ਕਰਨ ਦਾ ਸੁਭਾਗ ਵੀ ਪਰਾਪਤ ਹੋਇਆ। ਜੱਸੀ ਪੰਜਾਬੀ ਸਹਿਤ ਪਰੇਮੀਆਂ ਦੀ ਝੋਲੀ ” ਚੌਮੁਖੀਆ ਦੀਵਾ” ਸਿਰਲੇਖ ਹੇਠ ਇੱਕ ਕਿਤਾਬ ਵੀ ਪਾ ਚੁੱਕਾ ਹੈ।
ਜੱਸੀ ਦਾ ਪਹਿਲਾ ਗੀਤ 1993-94 ਵਿੱਚ ਗਾਇਕ ਆਰ ਕੇ ਪੁੰਜ ਦੀ ਆਵਾਜ ਵਿੱਚ ਰਿਕਾਰਡ ਹੋਇਆ।ਉਸ ਤੋਂ ਬਾਦ ਸ਼ਮਸ਼ੇਰ ਸੰਧੂ ਜੀ ਦੀ ਬਦੌਲਤ ਸੁਰਜੀਤ ਖਾਨ ਦੀ ਆਵਾਜ ਵਿੱਚ ਕਈ ਗੀਤ ਰਿਕਾਰਡ ਹੋਏ।ਪੰਜਾਬ ਦੀ ਸਿਰਮੌਰ ਗਾਇਕਾ ਨਰਿੰਦਰ ਬੀਬਾ ਜੀ ਦੀ ਆਵਾਜ ਦਾ ਸੁਭਾਗ ਵੀ ਜੱਸੀ ਦੇ ਗੀਤਾਂ ਨੂੰ ਪਰਾਪਤ ਹੋਇਆ ਪਰ ਉਹ ਕਿਸੇ ਕਾਰਨ ਰਿਲੀਜ ਨਾ ਹੋ ਸਕੇ।
ਕੁੱਝ ਸਮਾਂ ਪਹਿਲਾਂ ਅਮਰੀਕਾ ਵਿੱਚ ਬੈਠੇ ਇੱਕ ਹੋਰ ਪੰਜਾਬੀ ਗੀਤਕਾਰ ਸੁਰਿੰਦਰ ਸ਼ੇਰਗਿੱਲ ਜੀ ਦੁਆਰਾ ਜੱਸੀ ਦਾ ਸੰਪਰਕ “ਪੀ ਐਸ ਐਫ ਗੁਣ ਗਾਵਾਂ” ਕੰਪਨੀ ਲੁਧਿਆਣਾ ਨਾਲ ਹੋ ਗਿਆ ਅਤੇ ਜੱਸੀ ਨੇ ਸ੍ ਜਸਵਿੰਦਰ ਸਿੰਘ ਵਾਲੀਆ ਸਾਹਿਬ ਦੀ ਟੀਮ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇੱਥੇ ਉਹਨਾਂ ਦਾ ਲਿਖਿਆ ਹੋਇਆ ਪਹਿਲਾ ਟਰੈਕ ਢਾਡੀ ਜਥਾ ਰਿਪਨਜੀਤ ਸਿੰਘ ਝੰਡੇਰਾਂ ਦੁਆਰਾ “ਜੱਗ ਤੋਂ ਤੁਰ ਜਾਣਾ” ਟਾਈਟਲ ਹੇਠ ਰਿਕਾਰਡ ਹੋਇਆ। ਹਾਲ ਹੀ ਵਿੱਚ ਇਸ ਕੰਪਨੀ ਵੱਲੋਂ ਜੱਸੀ ਦਾ ਲਿਖਿਆ ਦੂਜਾ ਗੀਤ “ਦੁਖੀ ਧੀ ਦੀ ਪੁਕਾਰ” ਰਿਲੀਜ ਕੀਤਾ ਗਿਆ ਹੈ। ਇਸ ਗੀਤ ਨੂੰ ਖੂਬਸੂਰਤ ਆਵਾਜ ਵਿੱਚ ਗਾਇਆ ਹੈ ਦੇ ਖੂਬਸੂਰਤ ਗਾਇਕਾਵਾਂ ਰਮਨਦੀਪ ਕੌਰ ਅਤੇ ਨਰਿੰਦਰ ਨਿੱਕੀ ਨੇ ਅਤੇ ਸੰਗੀਤਕ ਧੁਨਾਂ ਵਿੱਚ ਪਰੀਤਮ ਸਟੂਡੀਉ ਵੱਲੋਂ ਪਰੋਇਆ ਗਿਆ ਹੈ। ਇਸ ਗੀਤ ਦਾ ਫਿਲਮਾਂਕਣ ਉੱਘੇ ਵੀਡੀਓ ਡਾਇਰੈਕਟਰ ਹਰਪਰੀਤ ਸਿੰਘ ਵਾਲੀਆ ਦੁਆਰਾ ਕੀਤਾ ਗਿਆ ਹੈ।
ਪਰਮਾਤਮਾ ਕਰੇ ਇਹ ਸਾਰੀ ਟੀਮ ਦੀ ਮਿਹਨਤ ਨੂੰ ਬੂਰ ਪਵੇ ਅਤੇ ਇਹ ਟੀਮ ਇਸੇ ਤਰਾਂ ਪੰਜਾਬੀਅਤ ਨੂੰ ਸਮਰਪਿਤ ਹੋ ਕੇ ਸਰੋਤਿਆਂ ਦੀ ਝੋਲੀ ਸਾਫ-ਸੁਥਰੇ ਅਤੇ ਮਿਆਰੀ ਸੱਭਿਆਚਾਰਕ ਗੀਤ ਪਾਉਂਦੀ ਰਹੇ।
ਛਿੰਦਾ ਧਾਲੀਵਾਲ ਕੁਰਾਈ ਵਾਲਾ ਫੋਨ: 75082-54006