ਸ੍ਰੀਲੰਕਾ ਵੱਲੋਂ ਕਰਵਾਏ ਸਕਾਊਟਸ ਮੁਕਾਬਲੇ ਵਿੱਚ ਪੂਰੇ ਦੇਸ਼ ਵਿੱਚੋਂ ਬਾਬਾ ਫ਼ਰੀਦ ਪਬਲਿਕ ਸਕੂਲ ਦੀ ਜਸਦੀਪ ਕੋਰ ਚੁਣੀ ਗਈ ‘ਮਿਸ ਪ੍ਰਿੰਸਿਜ਼’
ਪੰਜਾਬ ਦੀ ਨਾਮਵਰ ਸਿੱਖਿਆ ਸੰਸਥਾ ਬਾਬਾ ਫਰੀਦ ਪਬਲਿਕ ਸਕੂਲ ਫ਼ਰੀਦਕੋਟ ਨੂੰ ਉਸ ਸਮੇਂ ਇੱਕ ਹੋਰ ਵੱਡੀ ਉਪਲਬਧੀ ਪ੍ਰਾਪਤ ਹੋਈ ਜਦੋਂ ਇਸ ਸਕੂਲ ਦੀ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਜਸਦੀਪ ਕੌਰ ਨੂੰ ਸ੍ਰੀਲੰਕਾ ਵਿਖੇ ਹੋਏ ਸਕਾਊਟ ਵਾਈਸ 24 + ਮੁਕਾਬਲੇ ਵਿੱਚ ਪੂਰੇ ਦੇਸ਼ ਵਿੱਚੋਂ ਪਹਿਲੇ ਨੰਬਰ ‘ਤੇ ਰਹਿ ਕੇ ‘ਮਿਸ ਪ੍ਰਿੰਸਿਜ਼’ ਦਾ ਖਿਤਾਬ ਮਿਲਿਆ। ਇਸ ਮੌਕੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਸੰਸਥਾ ਦੇ ਪ੍ਰਿੰਸੀਪਲ ਸ੍ਰੀਮਤੀ ਕੁਲਦੀਪ ਕੌਰ ਨੇ ਦੱਸਿਆ ਕਿ ਆਪੋ-ਆਪਣੇ ਦੇਸ਼ਾਂ ਦੇ ਸੱਭਿਆਚਾਰ ਅਤੇ ਸੰਸਕ੍ਰਿਤੀ ਨੂੰ ਪ੍ਰਦਰਸ਼ਿਤ ਕਰਨ ਲਈ ਵੱਖ-ਵੱਖ ਮੁਲਕਾਂ ਦੇ ਵਿਦਿਆਰਥੀਆਂ ਨੇ ਇਸ ਮੁਕਾਬਲੇ ਵਿੱਚ ਭਾਗ ਲਿਆ ਜਿਸ ਵਿੱਚੋਂ ਬਾਬਾ ਫ਼ਰੀਦ ਪਬਲਿਕ ਸਕੂਲ ਦੀ ਬਾਰ੍ਹਵੀਂ ਜਮਾਤ ਦੀ ਮੈਡੀਕਲ ਦੀ ਵਿਦਿਆਰਥਣ ਜਸਦੀਪ ਕੌਰ ਨੂੰ ਉਸ ਦੀਆਂ ਖ਼ੂਬਸੂਰਤ ਅਤੇ ਵਿਲੱਖਣ ਵੰਨਗੀਆਂ ਦੀ ਪੇਸ਼ਕਾਰੀ ਸਦਕਾ ਅਤੇ ਆਪਣੇ ਸੱਭਿਆਚਾਰ ਅਤੇ ਵਿਰਸੇ ਨੂੰ ਖੂਬਸੂਰਤ ਢੰਗ ਨਾਲ ਪੇਸ਼ ਕਰਨ ਲਈ ਸ੍ਰੀ ਲੰਕਾ ਦੇ ਨਵੇਂ ਸਾਲ ਦੇ ਰਿਵਾਇਤੀ ਸਮਾਗਮ ਦੌਰਾਨ ਕਰਵਾਏ ਗਏ ਇਸ ਮੁਕਾਬਲੇ ਵਿੱਚ ‘ਮਿਸ ਪ੍ਰਿੰਸਿਜ਼’ ਦੇ ਖਿਤਾਬ ਨਾਲ ਨਿਵਾਜਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਵਿਦਿਆਰਥਣ ਨੇ ਪਹਿਲਾਂ ਵੀ ਜ਼ਿਲ੍ਹਾ, ਰਾਜ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲੈ ਕੇ ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਪ੍ਰਾਪਤ ਕੀਤੇ ਹਨ।ਇਹ ਵਿਦਿਆਰਥਣ NEET clear ਕਰਕੇ ਡਾਕਟਰ ਬਣਨਾ ਚਾਹੁੰਦੀ ਹੈ ਤੇ ਸਕਾਊਟਸ ਅਤੇ ਗਾਈਡਜ਼ ਵਿੱਚ ਵੀ ਇਸ ਵਿਦਿਆਰਥਣ ਨੇ ਰਾਸ਼ਟਰਪਤੀ ਅਵਾਰਡ ਦਾ ਟੈਸਟ ਪਾਸ ਕਰਕੇ ਸਕੂਲ, ਸ਼ਹਿਰ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ‘ਮਿਸ ਪ੍ਰਿੰਸਿਜ਼’ ਦੇ ਖਿਤਾਬ ਨਾਲ ਚੁਣੀ ਗਈ ਵਿਦਿਆਰਥਣ ਜਸਦੀਪ ਕੌਰ ਨੇ ਦੱਸਿਆ ਕਿ ਉਸਨੂੰ ਹਮੇਸ਼ਾ ਇਸ ਸਕੂਲ ਦੇ ਚੇਅਰਮੈਨ ਸ. ਇੰਦਰਜੀਤ ਸਿੰਘ ਖ਼ਾਲਸਾ, ਪ੍ਰਿੰਸੀਪਲ ਮੈਡਮ ਕੁਲਦੀਪ ਕੌਰ, ਮੈਡਮ ਰੰਜਨਾ ਥਾਪਰ ਅਤੇ ਸਮੂਹ ਅਧਿਆਪਕਾਂ ਦਾ ਵਡਮੁੱਲਾ ਸਹਿਯੋਗ ਮਿਲਣ ਕਰਕੇ ਹੀ ਉਹ ਅੱਜ ਇਨ੍ਹਾਂ ਬੁਲੰਦੀਆਂ ਨੂੰ ਛੂਹ ਰਹੀ ਹੈ। ਇਸ ਮੌਕੇ ਸੰਸਥਾ ਦੇ ਚੇਅਰਮੈਨ ਸ. ਇੰਦਰਜੀਤ ਸਿੰਘ ਖ਼ਾਲਸਾ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਅਤੇ ਇਸ ਬੱਚੀ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਬਾਬਾ ਫ਼ਰੀਦ ਪਬਲਿਕ ਸਕੂਲ ਵੱਲੋਂ ਪ੍ਰਿੰਸੀਪਲ ਸ੍ਰੀਮਤੀ ਕੁਲਦੀਪ ਕੌਰ ਦੀ ਯੋਗ ਅਗਵਾਈ ਹੇਠ ਸਿੱਖਿਆ ਅਤੇ ਖੇਡਾਂ ਦੇ ਨਾਲ-ਨਾਲ ਸੱਭਿਆਚਾਰ ਅਤੇ ਵਿਰਾਸਤ ਨਾਲ ਵਿਦਿਆਰਥੀਆਂ ਨੂੰ ਜੋੜਨ ਲਈ ਵੀ ਮਹੱਤਵਪੂਰਨ ਉਪਰਾਲੇ ਕੀਤੇ ਜਾਂਦੇ ਹਨ। ਉਨ੍ਹਾਂ ਬਾਬਾ ਫ਼ਰੀਦ ਜੀ ਅੱਗੇ ਅਰਦਾਸ ਕੀਤੀ ਕਿ ਉਹ ਇਸ ਸਕੂਲ ਦੇ ਵਿਦਿਆਰਥੀਆਂ ਉੱਤੇ ਇਸੇ ਤਰ੍ਹਾਂ ਹੀ ਮਿਹਰ ਭਰਿਆ ਹੱਥ ਰੱਖਣ ਤਾਂ ਜੋ ਉਹ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕਰਦੇ ਰਹਿਣ।