ਜ਼ਿਲ੍ਹੇ ਵਿੱਚ ਕੁਦਰਤੀ ਖੇਤੀ ਤੇ ਮੂਲ ਅਨਾਜਾਂ ਨੂੰ ਉਤਸ਼ਾਹਤ ਕੀਤਾ ਜਾਵੇਗਾ- ਡਾ. ਰੂਹੀ ਦੁੱਗ
ਖੇਤੀ ਵਿਰਾਸਤ ਮਿਸ਼ਨ ਅਤੇ ਜ਼ਿਲਾ ਪ੍ਰਸ਼ਾਸ਼ਨ ਮਿਲ ਕੇ ਕਰਨਗੇ ਲੋਕਾਂ ਨੂੰ ਜਾਗਰੂਕ
ਮੂਲ ਅਨਾਜਾਂ ਦੇ ਉਤਪਾਦ ਅਤੇ ਇਨ੍ਹਾਂ ਤੋਂ ਤਿਆਰ ਵਸਤਾਂ ਬਾਰੇ ਹੋਈ ਵਿਚਾਰ ਚਰਚਾ
ਫਰੀਦਕੋਟ, 29 ਅਪ੍ਰੈਲ – ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਖੇਤੀ ਵਿਰਾਸਤ ਮਿਸ਼ਨ ਦੇ ਸਹਿਯੋਗ ਨਾਲ ਜ਼ਿਲ੍ਹੇ ਦੇ ਕਿਸਾਨਾਂ ਨੂੰ ਮੂਲ ਅਨਾਜਾਂ ਜਿਵੇਂ ਕਿ ਕੰਗਨੀ, ਕੋਧਰਾ, ਬਾਜਰਾ, ਜਵਾਰ, ਜੌਂ, ਗੁੱਟਕੀ ਆਦਿ ਬੀਜਣ ਪ੍ਰਤੀ ਉਤਸ਼ਾਹਤ ਕਰਨ, ਇਨ੍ਹਾਂ ਤੋਂ ਵੱਖ ਵੱਖ ਖਾਣ ਵਾਲੀਆਂ ਵਸਤਾਂ ਤਿਆਰ ਕਰਨ ਅਤੇ ਲੋਕਾਂ ਨੂੰ ਮੂਲ ਅਨਾਜਾਂ ਨੂੰ ਖੁਰਾਕ ਦੀ ਹਿੱਸਾ ਬਣਾਉਣ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ ਤਾਂ ਜੋ ਫ਼ਰੀਦਕੋਟ ਜ਼ਿਲ੍ਹੇ ਨੂੰ ਮਿਲਟ ਮਿਸ਼ਨ ਅਧੀਨ ਲਿਆਂਦਾ ਜਾ ਸਕੇ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਖੇਤੀ ਵਿਰਾਸਤ ਮਿਸ਼ਨ ਜੈਤੋ ਅਧੀਨ ਜ਼ਿਲੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਮੌਕੇ ਕੀਤਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਮਿਸ਼ਨ ਦਾ ਮਕਸਦ ਲੋਕਾਂ ਨੂੰ ਮੂਲ ਅਨਾਜ ਉਗਾਉਣ ਅਤੇ ਖਾਣ ਪ੍ਰਤੀ ਜਾਗਰੂਕ ਕਰਨਾ ਹੈ ਜਿਸ ਨਾਲ ਸਾਡੀ ਸਿਹਤ ਵਿੱਚ ਸੁਧਾਰ ਆਵੇਗਾ ਅਤੇ ਬੀਮਾਰੀਆਂ ਤੋਂ ਨਿਜਾਤ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਕਿਸਾਨਾਂ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ ਅਤੇ ਖੇਤੀ ਵਿੱਚ ਵਿਭਿੰਨਤਾ ਆਵੇਗੀ। ਉਨ੍ਹਾਂ ਦਾ ਰੁਝਾਨ ਕੁਦਰਤੀ ਖੇਤੀ ਵੱਲ ਵੀ ਵਧੇਗਾ ਅਤੇ ਮੂਲ ਅਨਾਜਾਂ ਦੇ ਉਤਪਾਦ ਨਾਲ ਪਾਣੀ ਦੀ ਘੱਟ ਵਰਤੋਂ ਹੋਵੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਇਸ ਉੱਦਮ ਲਈ ਖੇਤੀ ਵਿਰਾਸਤ ਮਿਸ਼ਨ ਜੈਤੋ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਵੇਗਾ ਤਾਂ ਜੋ ਵੱਧ ਤੋਂ ਵੱਧ ਕਿਸਾਨਾਂ ਨੂੰ ਮੂਲ ਅਨਾਜਾਂ ਵੱਲ ਲਿਆਂਦਾ ਜਾ ਸਕੇ।
ਇਸ ਮੌਕੇ ਖੇਤੀ ਵਿਰਾਸਤ ਮਿਸ਼ਨ ਜੈਤੋ ਦੇ ਨਿਰਦੇਸ਼ਕ ਸ੍ਰੀ ਓਮਿੰਦਰ ਦੱਤ ਨੇ ਕਿਹਾ ਕਿ ਮੂਲ ਅਨਾਜਾਂ ਪ੍ਰਤੀ ਪਰਤਨਾ ਸਮੇਂ ਦੀ ਲੋੜ ਹੈ ਅਤੇ ਸਾਡੀ ਸਿਹਤ ਲਈ ਵੀ ਅਤੇ ਵਾਤਾਵਰਣ ਦੇ ਸੁਧਾਰ ਲਈ ਇਹ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਮੂਲ ਅਨਾਜਾਂ ਤੋਂ ਮੁਰੱਬੇ ,ਖਿਚੜੀ, ਦਲੀਆ, ਹਲਵਾ, ਸ਼ਰਬਤ, ਚਟਨੀ, ਆਚਾਰ ਸਮੇਤ ਹਰ ਤਰ੍ਹਾਂ ਦੇ ਪਕਵਾਨ ਬਣਦੇ ਹਨ ਜੋ ਕਿ ਪੌਸ਼ਟਿਕ ਤੱਤਾਂ ਜਿਵੇਂ ਕਿ ਲੋਹਾ, ਕੈਲਸ਼ੀਅਮ, ਪ੍ਰੋਟੀਨ, ਫਾਈਬਰ, ਫਾਸਫੋਰਸ ਸਮੇਤ ਵੱਡੀ ਗਿਣਤੀ ਵਿਚ ਸੂਖਮ ਤੱਤਾਂ ਨਾਲ ਭਰਪੂਰ ਹੁੰਦੇ ਹਨ। ਉਨ੍ਹਾਂ ਕਿਹਾ ਕਿ ਖੇਤੀ ਵਿਰਾਸਤ ਮਿਸ਼ਨ ਕਈ ਸਾਲਾਂ ਤੋਂ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕਰ ਰਿਹਾ ਹੈ ਅਤੇ ਉਨ੍ਹਾਂ ਦਾ ਮਨੋਰਥ ਹੈ ਕਿ ਫਰੀਦਕੋਟ ਨੂੰ ਵੀ ਇਸ ਮਿਸ਼ਨ ਮਿਲਟ ਤਹਿਤ ਲੈ ਕੇ ਇੱਥੇ ਕੁਦਰਤੀ ਤਰੀਕੇ ਨਾਲ ਮੂਲ ਅਨਾਜਾਂ ਦੀ ਉਪਜ ਕਰਵਾ ਕੇ ਉਸ ਦਾ ਮੰਡੀਕਰਨ ਸੁਖ਼ਾਲਾ ਬਣਾਇਆ ਜਾ ਸਕੇ ਅਤੇ ਲੋਕਾਂ ਨੂੰ ਇਸ ਤੋਂ ਬਣਨ ਵਾਲੇ ਪਕਵਾਨਾਂ ਲਈ ਵੀ ਟਰੇਨਿੰਗ ਕਰਵਾਈ ਜਾਵੇਗੀ।
ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਜਦੀਪ ਸਿੰਘ ਬਰਾੜ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਪ੍ਰੀਤ ਮਹਿੰਦਰ ਸਿੰਘ ਸਹੋਤਾ, ਐਸ.ਡੀ.ਐਮ. ਜੈਤੋ ਡਾ. ਨਿਰਮਲ ਓਸੇਪਚਨ, ਡੀ.ਡੀ.ਪੀ.ਓ ਸ੍ਰੀ ਰਸਾਲ ਸਿੰਘ ,ਸਿਵਲ ਸਰਜਨ ਡਾ. ਸੰਜੇ ਕਪੂਰ, ਡਾ. ਚੰਦਰ ਸ਼ੇਖਰ, ਮੁੱਖ ਖੇਤੀਬਾੜੀ ਅਫਸਰ ਡਾ. ਕਰਨਜੀਤ ਸਿੰਘ , ਪ੍ਰੋਜੈਕਟ ਡਾਇਰੈਕਟਰ ਆਤਮਾ ਸ੍ਰੀ ਅਮਨਦੀਪ ਕੇਸ਼ਵ, ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।