ਗੁਰਬਾਣੀ ਦੇ ਅਰਥ ਬਹੁਤ ਡੂੰਘੇ ਪਰ ਇਸ ਵਿਸ਼ੇ ’ਤੇ ਵਿਵਾਦ ਪੈਦਾ ਕਰਨਾ ਅਫਸੋਸਨਾਕ : ਚਾਣਕੀਆ
ਦਸਮੇਸ਼ ਪਿਤਾ ਜੀ ਦੇ ‘ਕੋਟਕਪੂਰਾ ਆਗਮਨ’ ਨੂੰ ਸਮਰਪਿਤ ਕਥਾ-ਕੀਰਤਨ ਸਮਾਗਮ
ਕੋਟਕਪੂਰਾ, 29 ਅਪ੍ਰੈਲ :- ਗੁਰੂ ਗੋਬਿੰਦ ਸਿੰਘ ਜੀ ਦੀ ਕੋਟਕਪੂਰੇ ਪਹੁੰਚਣ ਦੀ ਯਾਦ ਨੂੰ ਸਮਰਪਿਤ ਸਥਾਨਕ ਗੁਰਦਵਾਰਾ ਪਾਤਸ਼ਾਹੀ ਦਸਵੀਂ ਵਿਖੇ ਕਰਵਾਏ ਗਏ ਕਥਾ-ਕੀਰਤਨ ਸਮਾਗਮ ਦੌਰਾਨ ਹਜੂਰੀ ਰਾਗੀ ਭਾਈ ਬੇਅੰਤ ਸਿੰਘ ਪਾਰਸ, ਭਾਈ ਚਰਨਜੀਤ ਸਿੰਘ ਚੰਨੀ ਅਤੇ ਬੀਬਾ ਮਨਪ੍ਰੀਤ ਕੌਰ ਦੇ ਰਾਗੀ ਜੱਥਿਆਂ ਨੇ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਗੁਰੂ ਚਰਨਾ ਨਾਲ ਜੋੜਿਆ। ਉਪਰੰਤ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਗੁਰਦਵਾਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਕੁਲਵੰਤ ਸਿੰਘ ਚਾਣਕੀਆ ਨੇ ਦੱਸਿਆ ਕਿ ਉਕਤ ਪ੍ਰੋਗਰਾਮ ਨੂੰ ਗੁਰੂ ਗੋਬਿੰਦ ਸਿੰਘ ਜੀ ਕੋਟਕਪੂਰਾ ਆਗਮਨ ਸਮਾਗਮ ਦਾ ਨਾਮ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਦਸਮੇਸ਼ ਪਿਤਾ ਜੀ ਨੇ 15 ਵੈਸਾਖ (28 ਅਪੈ੍ਰਲ) 1704 ਈ: ਨੂੰ ਕੋਟਕਪੂਰੇ ਦੀ ਧਰਤੀ ’ਤੇ ਪਹੁੰਚ ਕੇ ਇਸ ਧਰਤੀ ਨੂੰ ਭਾਗ ਲਾਏ ਸਨ। ਜਿਸ ਦੀ ਖੁਸ਼ੀ ਵਿੱਚ ਹਰ ਸਾਲ ਗੁਰਮਤਿ ਸਮਾਗਮ ਕਰਵਾਉਣ ਦੀ ਪਿਰਤ ਸ਼ੁਰੂ ਕੀਤੀ ਗਈ ਹੈ। ਬਾਬਾ ਕੁਲਵੰਤ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਕੋਟਕਪੂਰਾ ਵਿਖੇ ਆਮਦ, ਇੱਥੋਂ ਦੇ ਚੌਧਰੀ ਕਪੂਰੇ ਕੋਲੋਂ ਕਿਲੇ ਦੀ ਮੰਗ ਕਰਨ, ਚੌਧਰੀ ਕਪੂਰੇ ਦੀ ਕਿਲਾ ਦੇਣ ਤੋਂ ਇਨਕਾਰੀ ਵਰਗੀਆਂ ਇਤਿਹਾਸਿਕ ਵਿਚਾਰਾਂ ਤੋਂ ਬਾਅਦ ਗੁਰਬਾਣੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਦੱਸਿਆ ਕਿ ਗੁਰਬਾਣੀ ਦੇ ਡੂੰਘੇ ਅਰਥਾਂ ਤੋਂ ਕਈ ਵਾਰ ਵੱਡੇ ਵੱਡੇ ਵਿਦਵਾਨ ਵੀ ਟਪਲਾ ਖਾ ਜਾਂਦੇ ਹਨ ਪਰ ਇਸ ਮੁੱਦੇ ’ਤੇ ਵਿਵਾਦ ਖੜਾ ਨਹੀਂ ਕਰਨਾ ਚਾਹੀਦਾ। ਉਹਨਾਂ ਦੱਸਿਆ ਕਿ ਇਸ ਇਤਿਹਾਸਿਕ ਦਿਹਾੜੇ ਦੀ ਖੁਸ਼ੀ ਵਿੱਚ ਸਵੇਰ ਸਮੇਂ ਸਹਿਜ ਪਾਠਾਂ ਦੇ ਭੋਗ ਪਾਏ ਗਏ, ਸਰਬੱਤ ਦੇ ਭਲੇ ਦੀ ਅਰਦਾਸ ਹੋਈ ਅਤੇ ਸ਼ਾਮ ਨੂੰ ਕਥਾ ਕੀਰਤਨ ਪ੍ਰੋਗਰਾਮ ਰਾਹੀਂ ਸੰਗਤਾਂ ਨੂੰ ਗੁਰੂ ਚਰਨਾ ਨਾਲ ਜੋੜਨ ਦੀ ਕੌਸ਼ਿਸ਼ ਕੀਤੀ ਗਈ। ਸਟੇਜ ਸੰਚਾਲਨ ਜੈਮਲ ਸਿੰਘ ਮੱਕੜ ਵੱਲੋਂ ਕੀਤਾ ਗਿਆ।