Friday, October 30, 2026
Google search engine
Homeਤਾਜ਼ਾ ਖਬਰਪੰਜਾਬ ’ਚ ਮੌਸਮ ਦਾ ਬਦਲਿਆ ਰੁਖ, ਅੱਜ ਕਈ ਥਾਵਾਂ ’ਤੇ ਵਰ੍ਹ ਸਕਦੇ...

ਪੰਜਾਬ ’ਚ ਮੌਸਮ ਦਾ ਬਦਲਿਆ ਰੁਖ, ਅੱਜ ਕਈ ਥਾਵਾਂ ’ਤੇ ਵਰ੍ਹ ਸਕਦੇ ਨੇ ਬੱਦਲ; ਮੌਸਮ ਵਿਭਾਗ ਵੱਲੋਂ ਚਿਤਾਵਨੀ

ਪੰਜਾਬ ’ਚ ਮੌਸਮ ਦਾ ਬਦਲਿਆ ਰੁਖ, ਅੱਜ ਕਈ ਥਾਵਾਂ ’ਤੇ ਵਰ੍ਹ ਸਕਦੇ ਨੇ ਬੱਦਲ; ਮੌਸਮ ਵਿਭਾਗ ਵੱਲੋਂ ਚਿਤਾਵਨੀ

ਪਾਰਾ 2 ਡਿਗਰੀ ਤੱਕ ਡਿੱਗਿਆ, ਆਉਣ ਵਾਲੇ ਦਿਨਾਂ ’ਚ ਹੋਰ ਵਧੇਗੀ ਠੰਢ; ਮੰਡੀਆਂ ’ਚ ਪਏ ਲੱਖਾਂ ਟਨ ਝੋਨੇ ਅਤੇ ਖੇਤਾਂ ’ਚ ਖੜ੍ਹੀ ਬਾਸਮਤੀ ਦੀ ਫ਼ਸਲ ’ਤੇ ਮੰਡਰਾਇਆ ਖ਼ਤਰਾ

ਚੰਡੀਗੜ੍ਹ- ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਮੌਸਮ ਦਾ ਰੁਖ ਬਦਲਣ ਲੱਗਾ ਹੈ। ਹਲਕੀ ਬਾਰਿਸ਼ ਅਤੇ ਤੇਜ਼ ਹਵਾਵਾਂ ਕਾਰਨ ਸੂਬੇ ਦੇ ਤਾਪਮਾਨ ਵਿੱਚ ਗਿਰਾਵਟ ਆਈ ਹੈ। ਕਈ ਇਲਾਕਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 2 ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਗਿਆ ਹੈ। ਸਵੇਰੇ ਅਤੇ ਸ਼ਾਮ ਵੇਲੇ ਠੰਢ ਦਾ ਅਹਿਸਾਸ ਵਧਣ ਕਾਰਨ ਲੋਕਾਂ ਨੇ ਗਰਮ ਕੱਪੜਿਆਂ ਦੀ ਵਰਤੋਂ ਵੀ ਸ਼ੁਰੂ ਕਰ ਦਿੱਤੀ ਹੈ।

ਮੌਸਮ ਵਿਭਾਗ ਨੇ ਅੱਜ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਬਾਰਿਸ਼ ਅਤੇ ਤੇਜ਼ ਹਵਾਵਾਂ ਚੱਲਣ ਦੀ ਪੇਸ਼ੀਨਗੋਈ ਕਰਦਿਆਂ ਪੀਲਾ ਅਲਰਟ ਜਾਰੀ ਕੀਤਾ ਹੈ। ਵੀਰਵਾਰ ਨੂੰ ਜਲੰਧਰ, ਨਵਾਂਸ਼ਹਿਰ, ਬਲਾਚੌਰ, ਆਨੰਦਪੁਰ ਸਾਹਿਬ, ਗੜ੍ਹਸ਼ੰਕਰ, ਨੰਗਲ, ਹੁਸ਼ਿਆਰਪੁਰ, ਮੁਕੇਰੀਆਂ, ਗੁਰਦਾਸਪੁਰ ਅਤੇ ਪਠਾਨਕੋਟ ਵਿੱਚ ਤੇਜ਼ ਹਵਾਵਾਂ ਚੱਲੀਆਂ। ਇਨ੍ਹਾਂ ਵਿੱਚੋਂ ਕੁਝ ਥਾਵਾਂ ’ਤੇ ਹਲਕੀ ਬਾਰਿਸ਼ ਵੀ ਦਰਜ ਕੀਤੀ ਗਈ।

ਤਾਪਮਾਨ ਦੇ ਅੰਕੜਿਆਂ ਮੁਤਾਬਕ ਫਰੀਦਕੋਟ ਵਿੱਚ ਸਭ ਤੋਂ ਵੱਧ 34.9 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ। ਉੱਥੇ ਹੀ ਅੰਮ੍ਰਿਤਸਰ ਵਿੱਚ ਪਾਰਾ 30.6 ਅਤੇ ਲੁਧਿਆਣਾ ਵਿੱਚ 30.4 ਡਿਗਰੀ ਰਿਹਾ। ਘੱਟੋ-ਘੱਟ ਤਾਪਮਾਨ ਵਿੱਚ ਵੀ 0.1 ਡਿਗਰੀ ਦੀ ਕਮੀ ਆਈ ਹੈ। ਵਿਭਾਗ ਅਨੁਸਾਰ 31 ਅਕਤੂਬਰ ਅਤੇ 1 ਨਵੰਬਰ ਨੂੰ ਮੌਸਮ ਜ਼ਿਆਦਾਤਰ ਖੁਸ਼ਕ ਰਹਿਣ ਦੀ ਉਮੀਦ ਹੈ ਅਤੇ ਹਲਕੀ ਧੁੱਪ ਨਿਕਲ ਸਕਦੀ ਹੈ। ਇਸ ਦੌਰਾਨ ਵੱਧ ਤੋਂ ਵੱਧ ਤਾਪਮਾਨ 28 ਤੋਂ 29 ਡਿਗਰੀ ਸੈਲਸੀਅਸ ਵਿਚਕਾਰ ਰਹਿਣ ਦਾ ਅਨੁਮਾਨ ਹੈ।

ਮੀਂਹ ਤੇ ਗੜੇਮਾਰੀ ਦਾ ਡਰ, ਝੋਨੇ ਦੀ ਸੰਭਾਲ ਬਣੀ ਕਿਸਾਨਾਂ ਲਈ ਚੁਣੌਤੀ

ਮੌਸਮ ਵਿੱਚ ਆਈ ਤਬਦੀਲੀ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਪੰਜਾਬ ਦੀਆਂ ਮੰਡੀਆਂ ਵਿੱਚ ਇਸ ਸਮੇਂ ਲਗਭਗ 34 ਲੱਖ ਮੀਟ੍ਰਿਕ ਟਨ ਝੋਨਾ ਪਿਆ ਹੋਇਆ ਹੈ। ਜੇਕਰ ਆਉਣ ਵਾਲੇ ਦਿਨਾਂ ਵਿੱਚ ਮੀਂਹ ਪੈਂਦਾ ਹੈ ਤਾਂ ਖੁੱਲ੍ਹੇ ਵਿੱਚ ਪਈ ਫ਼ਸਲ ਦੇ ਭਿੱਜਣ ਅਤੇ ਖ਼ਰਾਬ ਹੋਣ ਦਾ ਖ਼ਤਰਾ ਬਣ ਸਕਦਾ ਹੈ। ਇਸ ਕਾਰਨ ਕਿਸਾਨਾਂ ਦੇ ਨਾਲ-ਨਾਲ ਮੰਡੀ ਪ੍ਰਬੰਧਨ ਨਾਲ ਜੁੜੇ ਲੋਕਾਂ ਦੀਆਂ ਮੁਸ਼ਕਲਾਂ ਵੀ ਵਧ ਸਕਦੀਆਂ ਹਨ।

ਦੂਜੇ ਪਾਸੇ, ਗੜੇਮਾਰੀ ਦੀ ਸੰਭਾਵਨਾ ਨੇ ਬਾਸਮਤੀ ਉਤਪਾਦਕਾਂ ਨੂੰ ਵੀ ਚਿੰਤਾ ਵਿੱਚ ਪਾ ਦਿੱਤਾ ਹੈ। ਕਿਸਾਨਾਂ ਦਾ ਖ਼ਦਸ਼ਾ ਹੈ ਕਿ ਜੇਕਰ ਤੇਜ਼ ਬਾਰਿਸ਼ ਜਾਂ ਗੜੇ ਪੈਂਦੇ ਹਨ ਤਾਂ ਖੇਤਾਂ ਵਿੱਚ ਖੜ੍ਹੀ ਬਾਸਮਤੀ ਦੀ ਫ਼ਸਲ ਜ਼ਮੀਨ ’ਤੇ ਵਿਛ ਸਕਦੀ ਹੈ। ਇਸ ਨਾਲ ਨਾ ਸਿਰਫ਼ ਫ਼ਸਲ ਦੇ ਝਾੜ ਵਿੱਚ ਕਮੀ ਆ ਸਕਦੀ ਹੈ, ਸਗੋਂ ਇਸ ਦੀ ਗੁਣਵੱਤਾ ਵੀ ਪ੍ਰਭਾਵਿਤ ਹੋ ਸਕਦੀ ਹੈ।

ਮੌਸਮ ਮਾਹਿਰਾਂ ਦਾ ਅਨੁਮਾਨ ਹੈ ਕਿ ਦੋ ਦਿਨਾਂ ਤੱਕ ਮੌਸਮ ਖ਼ਰਾਬ ਰਹਿਣ ਤੋਂ ਬਾਅਦ ਸੂਬੇ ਵਿੱਚ ਦਿਨ ਅਤੇ ਰਾਤ ਦੇ ਤਾਪਮਾਨ ਵਿੱਚ 3 ਤੋਂ 4 ਡਿਗਰੀ ਸੈਲਸੀਅਸ ਤੱਕ ਹੋਰ ਗਿਰਾਵਟ ਆ ਸਕਦੀ ਹੈ। ਇਸ ਤਰ੍ਹਾਂ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਅੰਦਰ ਠੰਢ ਦਾ ਅਸਰ ਹੋਰ ਵਧਣ ਦੀ ਸੰਭਾਵਨਾ ਹੈ।

-(ਪੀਟੀਸੀ ਨਿਊਜ)

ਨੋਟ– ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments