ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਵਿਖੇ ਇੱਕ-ਰੋਜ਼ਾ ਐਨ.ਐਸ.ਐਸ. ਕੈਂਪ ਲਗਾਇਆ
ਵਿਦਿਆਰਥੀਆਂ ਨੇ ਭਾਸ਼ਣ ਤੇ ਪੋਸਟਰ ਮੁਕਾਬਲਿਆਂ ਵਿੱਚ ਲਿਆ ਹਿੱਸਾ; ਸਫ਼ਾਈ ਮੁਹਿੰਮ ਚਲਾਉਣ ਦੇ ਨਾਲ ਵੱਖ-ਵੱਖ ਕਿਸਮ ਦੇ ਪੌਦੇ ਵੀ ਲਗਾਏ

ਫਰੀਦਕੋਟ- ਦੇਸ਼ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ, ਫ਼ਰੀਦਕੋਟ ਦੇ ਪ੍ਰਿੰਸੀਪਲ ਡਾ. ਰਾਜੇਸ਼ ਮੋਹਨ ਦੀ ਯੋਗ ਰਹਿਨੁਮਾਈ ਹੇਠ ਕਾਲਜ ਦੀ ਕੋਟਕਪੂਰਾ ਰੋਡ ਫ਼ਰੀਦਕੋਟ ਵਿਖੇ ਸਥਿਤ ਜ਼ਮੀਨ ਉੱਤੇ ਇੱਕ-ਰੋਜ਼ਾ ਐਨ.ਐਸ.ਐਸ.ਕੈਂਪ ਕੌਮੀ ਸਿੱਖਿਆ ਯੋਜਨਾ ਵਿਭਾਗ ਵੱਲੋਂ ਆਯੋਜਿਤ ਕੀਤਾ ਗਿਆ। ਇਸ ਦੌਰਾਨ ਦੇਸ਼ ਭਗਤ ਪੰਡਿਤ ਚੇਤਨ ਦੇਵ ਜੀ ਦੇ ਸਪੁੱਤਰ ਸ਼੍ਰੀ ਉਪਿੰਦਰ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਅਤੇ ਮਹਾਤਮਾ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਦੇ ਪ੍ਰਿੰਸੀਪਲ ਡਾਇਰੈਕਟਰ ਸ. ਸੇਵਾ ਸਿੰਘ ਚਾਵਲਾ, ਪ੍ਰਿੰਸੀਪਲ ਕੁਮਾਰ ਜਗਦੇਵ ਸਿੰਘ ਬਰਾੜ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਯੁੱਧ ਨਸ਼ਿਆਂ ਵਿਰੁੱਧ ਦੇ ਜ਼ਿਲ੍ਹਾ ਇੰਚਾਰਜ ਪ੍ਰੋ. ਗੁਰਸੇਵਕ ਸਿੰਘ, ਉੱਘੇ ਸਮਾਜ ਸੇਵੀ ਪ੍ਰਿੰ. ਸੁਰੇਸ਼ ਅਰੋੜਾ ਅਤੇ ਸੀਰ ਸੋਸਾਇਟੀ ਦੇ ਅਹੁਦੇਦਾਰ ਸਰਦਾਰ ਗੁਰਮੇਲ ਸਿੰਘ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਨੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਦਾ ਸਵਾਗਤ ਕੀਤਾ।
ਇਸ ਮੌਕੇ ਕੌਮੀ ਸਿੱਖਿਆ ਯੋਜਨਾ ਦੇ ਕੋਆਰਡੀਨੇਟਰ ਪ੍ਰੋ. ਮਨਵਿੰਦਰ ਕੌਰ ਅਤੇ ਪ੍ਰੋ. ਕਰਮਜੀਤ ਸਿੰਘ ਨੇ ਦੱਸਿਆ ਕਿ ਇਸ ਇੱਕ-ਰੋਜ਼ਾ ਐਨ.ਐਸ.ਐਸ. ਕੈਂਪ ਵਿੱਚ ਕਾਲਜ ਦੇ ਚਾਰੇ ਹਾਊਸਾਂ ਸ਼ਹੀਦ ਭਗਤ ਸਿੰਘ ਹਾਊਸ, ਸਰਦਾਰ ਪਟੇਲ ਹਾਊਸ, ਲਾਲਾ ਲਾਜਪਤ ਰਾਏ ਹਾਊਸ ਅਤੇ ਸ਼ਹੀਦ ਊਧਮ ਸਿੰਘ ਹਾਊਸ ਦੇ ਵਿਦਿਆਰਥੀਆਂ ਨੇ ਵਲੰਟੀਅਰਾਂ ਵਜੋਂ ਭਾਗ ਲਿਆ। ਕੈਂਪ ਦੌਰਾਨ ਵਿਦਿਆਰਥੀਆਂ ਨੇ ਸੰਯੁਕਤ ਰਾਸ਼ਟਰ ਸੰਘ, ਵਿਸ਼ਵ ਸ਼ਾਂਤੀ, ਨਸ਼ਿਆਂ ਖਿਲਾਫ਼ ਜਾਗਰੂਕਤਾ ਅਤੇ ਵਾਤਾਵਰਣ ਦੀ ਸੰਭਾਲ ਨਾਲ ਸਬੰਧਤ ਵਿਸ਼ਿਆਂ ਅਧੀਨ ਅੰਤਰ ਹਾਊਸ ਭਾਸ਼ਣ ਅਤੇ ਪੋਸਟਰ ਮੁਕਾਬਲਿਆਂ ਵਿੱਚ ਉਤਸ਼ਾਹ ਨਾਲ ਭਾਗ ਲਿਆ। ਇਸ ਉਪਰੰਤ ਵਿਦਿਆਰਥੀਆਂ ਨੇ ਸਾਫ਼-ਸਫ਼ਾਈ ਕੀਤੀ ਅਤੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨਾਂ, ਪ੍ਰਿੰਸੀਪਲ ਅਤੇ ਅਧਿਆਪਕਾਂ ਨਾਲ ਮਿਲ ਕੇ ਵੱਖ-ਵੱਖ ਕਿਸਮ ਦੇ ਪੌਦੇ ਵੀ ਲਗਾਏ। ਸਾਰੇ ਭਾਗੀਦਾਰ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ।

ਪ੍ਰਿੰਸੀਪਲ ਡਾ. ਰਾਜੇਸ਼ ਮੋਹਨ ਨੇ ਕਿਹਾ ਕਿ ਕਾਲਜ ਦੀ ਕੋਟਕਪੂਰਾ ਰੋਡ ਵਿਖੇ ਸਥਿਤ ਜ਼ਮੀਨ ਉੱਤੇ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਇੱਕ ਨਵੀਂ ਪਹਿਲਕਦਮੀ ਕਰਦੇ ਹੋਏ ਇਤਿਹਾਸ ਸਿਰਜਿਆ ਹੈ। ਇੱਥੇ ਆਉਣ ਵਾਲੇ ਸਮੇਂ ਦੌਰਾਨ ਵਿਦਿਆਰਥੀਆਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਨਵੀਂ ਬਿਲਡਿੰਗ ਦਾ ਨਿਰਮਾਣ ਕੀਤਾ ਜਾਵੇਗਾ, ਉਸ ਤੋਂ ਪਹਿਲਾਂ ਇੱਥੇ ਖੇਡ ਦਾ ਮੈਦਾਨ, ਐੱਨ.ਐੱਸ.ਐੱਸ. ਕੈਂਪ ਅਤੇ ਕਾਲਜ ਨਾਲ ਸਬੰਧਤ ਹੋਰ ਗਤੀਵਿਧੀਆਂ ਕਰਵਾਉਣ ਲਈ ਉਪਰਾਲੇ ਕੀਤੇ ਜਾਣਗੇ । ਇਸ ਮੌਕੇ ਮੁੱਖ ਮਹਿਮਾਨ ਸ਼੍ਰੀ ਉਪਿੰਦਰ ਸ਼ਰਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਕਾਲਜ ਨੂੰ ਜਿੱਥੇ ਵੀ ਮੇਰੀ ਲੋੜ ਹੋਈ, ਮੈਂ ਤਨ ਮਨ ਧਨ ਦੇ ਨਾਲ ਹਾਜ਼ਰ ਰਹਾਂਗਾ। ਇਸ ਮੌਕੇ ਪ੍ਰਿੰਸੀਪਲ ਡਾਇਰੈਕਟਰ ਸ. ਸੇਵਾ ਸਿੰਘ ਚਾਵਲਾ, ਪ੍ਰਿੰਸੀਪਲ ਕੁਮਾਰ ਜਗਦੇਵ ਸਿੰਘ ਬਰਾੜ, ਪ੍ਰੋ. ਗੁਰਸੇਵਕ ਸਿੰਘ, ਉੱਘੇ ਸਮਾਜ ਸੇਵੀ ਪ੍ਰਿੰ. ਸੁਰੇਸ਼ ਅਰੋੜਾ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਅਤੇ ਪੜ੍ਹਾਈ ਦੇ ਨਾਲ-ਨਾਲ ਸਮਾਜ ਪ੍ਰਤੀ ਆਪਣੀਆਂ ਬਣਦੇ ਫ਼ਰਜ਼ਾਂ ਨੂੰ ਨਿਭਾਉਣ ਲਈ ਪ੍ਰੇਰਿਤ ਕੀਤਾ।
ਪ੍ਰਿੰਸੀਪਲ ਡਾ. ਰਾਜੇਸ਼ ਮੋਹਨ ਨੇ ਦੱਸਿਆ ਕਿ ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਕਾਲਜ ਦੀ ਇਸ ਜ਼ਮੀਨ ਲਈ ਸ਼੍ਰੀ ਉਪਿੰਦਰ ਸ਼ਰਮਾ ਨੇ 51000/- ਦੀ ਰਾਸ਼ੀ, ਸੇਵਾ-ਮੁਕਤ ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ ਨੇ 11000/- ਅਤੇ ਪ੍ਰਿੰਸੀਪਲ ਸ਼੍ਰੀ ਸੁਰੇਸ਼ ਅਰੋੜਾ ਨੇ 11000/- ਦੀ ਰਾਸ਼ੀ ਦਾ ਸਹਿਯੋਗ ਦਿੱਤਾ ਹੈ, ਜਿਸ ਲਈ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਹਾਂ। ਇਸ ਦੌਰਾਨ ਵਿਦਿਆਰਥੀਆਂ ਨੂੰ ਰਿਫ਼ਰੈਸ਼ਮੈਂਟ ਵੀ ਦਿੱਤੀ ਗਈ। ਮੰਚ ਸੰਚਾਲਕ ਦੀ ਭੂਮਿਕਾ ਪ੍ਰੋ. ਰਣਜੀਤ ਸਿੰਘ ਬਾਜਵਾ ਨੇ ਬਾਖੂਬੀ ਨਿਭਾਈ। ਇਸ ਤੋਂ ਇਲਾਵਾ ਸੰਗੀਤਮਈ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨੇ ਖੂਬ ਰੰਗ ਬੰਨ੍ਹਿਆ। ਅੰਤ ਵਿੱਚ ਪ੍ਰੋ. ਮਨਵਿੰਦਰ ਕੌਰ ਨੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਦਾ ਧੰਨਵਾਦ ਕੀਤਾ। ਇਸ ਦੌਰਾਨ ਪ੍ਰਸਿੱਧ ਸਮਾਜ ਸੇਵੀ ਸ੍ਰੀ ਸੁਰੇਸ਼ ਅਰੋੜਾ, ਸੀਰ ਸੁਸਾਇਟੀ ਤੋਂ ਸ. ਗੁਰਮੇਲ ਸਿੰਘ, ਕਾਲਜ ਸਟਾਫ਼ ਵਿੱਚੋਂ ਪ੍ਰੋ. ਸੰਦੀਪ ਸਿੰਘ, ਡਾ. ਰੁਪਿੰਦਰਜੀਤ ਕੌਰ, ਪ੍ਰੋ.ਬੀਰਇੰਦਰਜੀਤ ਸਿੰਘ, ਡਾ. ਰਤਨ ਲਾਲ, ਪ੍ਰੋ. ਜਸਬੀਰ ਕੌਰ, ਪ੍ਰੋ. ਸੁਖਵਿੰਦਰ ਕੌਰ, ਪ੍ਰੋ. ਸੁਖਪਾਲ ਕੌਰ, ਪ੍ਰੋ. ਰਿਮੀ, ਸ਼ਹਿਰ ਦੇ ਪਤਵੰਤੇ ਸੱਜਣ, ਪੱਤਰਕਾਰ, ਸਮਾਜ ਸੇਵੀ ਅਤੇ ਸਮੂਹ ਵਿਦਿਆਰਥੀ ਵੀ ਮੌਜੂਦ ਰਹੇ।
-(ਪੰਜਾਬ ਡਾਇਰੀ)
ਨੋਟ– ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


