LPU ਵਿਵਾਦ ’ਤੇ ਪੁਲਿਸ ਦੀ ਜਾਂਚ ਰਿਪੋਰਟ ਸਾਹਮਣੇ, ਹੋਸਟਲ ’ਚ ਜਿਨਸੀ ਅਪਰਾਧ ਦਾ ਨਹੀਂ ਮਿਲਿਆ ਕੋਈ ਸਬੂਤ
26 ਸਤੰਬਰ ਦੇ ਵਿਦਿਆਰਥੀ ਰੋਸ ਪ੍ਰਦਰਸ਼ਨ ਪਿੱਛੇ ਅਫਵਾਹ ਨੂੰ ਦੱਸਿਆ ਕਾਰਨ, ਹਾਈ ਕੋਰਟ ’ਚ ਰਿਪੋਰਟ ਸੌਂਪਣ ਮਗਰੋਂ ਹੁਣ ਹੇਠਲੀ ਅਦਾਲਤ ’ਚ ਕੇਸ ਬੰਦ ਕਰਨ ਦੀ ਰਿਪੋਰਟ ਹੋਵੇਗੀ ਦਾਖ਼ਲ

ਚੰਡੀਗੜ੍ਹ: ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਵਿੱਚ 26 ਸਤੰਬਰ ਨੂੰ ਹੋਏ ਹੰਗਾਮੇ ਸਬੰਧੀ ਜਾਂਚ ਤੋਂ ਬਾਅਦ ਪੰਜਾਬ ਪੁਲਿਸ ਨੇ ਆਪਣਾ ਪੱਖ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਰੱਖਿਆ ਹੈ। ਅਦਾਲਤ ਵਿੱਚ ਦਾਇਰ ਹਲਫ਼ਨਾਮੇ ਵਿੱਚ ਪੁਲਿਸ ਨੇ ਦੱਸਿਆ ਕਿ ਵਿਸ਼ੇਸ਼ ਜਾਂਚ ਟੀਮ (SIT) ਨੂੰ ਯੂਨੀਵਰਸਿਟੀ ਦੇ ਕੈਂਪਸ ਜਾਂ ਲੜਕੀਆਂ ਦੇ ਹੋਸਟਲ ਵਿੱਚ ਜਬਰ-ਜਨਾਹ ਹੋਣ ਦਾ ਕੋਈ ਸਬੂਤ ਨਹੀਂ ਮਿਲਿਆ। ਪੁਲਿਸ ਅਨੁਸਾਰ, ਇਸ ਘਟਨਾ ਸਬੰਧੀ ਫੈਲੀ ਅਫਵਾਹ ਕਾਰਨ ਹੀ ਵਿਦਿਆਰਥੀਆਂ ਵਿੱਚ ਰੋਸ ਫੈਲਿਆ ਸੀ।
ਜਾਂਚ ਮੁਕੰਮਲ ਹੋਣ ਤੋਂ ਬਾਅਦ ਪੁਲਿਸ ਹੁਣ ਸਬੰਧਤ ਹੇਠਲੀ ਅਦਾਲਤ ਵਿੱਚ ਕਲੋਜ਼ਰ ਰਿਪੋਰਟ ਪੇਸ਼ ਕਰਨ ਜਾ ਰਹੀ ਹੈ। SIT ਨੇ ਜਾਂਚ ਦੇ ਹਿੱਸੇ ਵਜੋਂ 50 ਤੋਂ ਵੱਧ ਵਿਅਕਤੀਆਂ ਦੇ ਬਿਆਨ ਦਰਜ ਕੀਤੇ, ਜਿਨ੍ਹਾਂ ਵਿੱਚ ਹੋਸਟਲ ਦੀਆਂ ਵਿਦਿਆਰਥਣਾਂ, ਸੁਰੱਖਿਆ ਮੁਲਾਜ਼ਮ ਅਤੇ ਯੂਨੀਵਰਸਿਟੀ ਦਾ ਪ੍ਰਬੰਧਕੀ ਅਮਲਾ ਸ਼ਾਮਲ ਸੀ। ਇਸ ਦੇ ਨਾਲ ਹੀ ਘਟਨਾ ਵਾਲੇ ਦਿਨ ਅਤੇ ਉਸ ਤੋਂ ਪਹਿਲਾਂ ਦੀ CCTV ਫੁਟੇਜ, ਡਿਜੀਟਲ ਰਿਕਾਰਡ ਅਤੇ ਹੋਰ ਸਬੰਧਤ ਸਬੂਤਾਂ ਦੀ ਵੀ ਜਾਂਚ ਕੀਤੀ ਗਈ।
ਪੁਲਿਸ ਵੱਲੋਂ ਅਦਾਲਤ ਵਿੱਚ ਦਿੱਤੀ ਜਾਣਕਾਰੀ ਮੁਤਾਬਕ, ਫੋਰੈਂਸਿਕ ਅਤੇ ਡਿਜੀਟਲ ਜਾਂਚ ਦੌਰਾਨ ਜਬਰ-ਜਨਾਹ ਜਾਂ ਕਿਸੇ ਹੋਰ ਕਿਸਮ ਦੇ ਜਿਨਸੀ ਹਮਲੇ ਦੀ ਪੁਸ਼ਟੀ ਕਰਨ ਵਾਲਾ ਕੋਈ ਸਬੂਤ ਹੱਥ ਨਹੀਂ ਲੱਗਾ।
ਝੂਠੀ ਜਾਣਕਾਰੀ ਫੈਲਣ ਮਗਰੋਂ ਕੈਂਪਸ ’ਚ ਹੋਇਆ ਸੀ ਵਿਰੋਧ ਪ੍ਰਦਰਸ਼ਨ
ਪੁਲਿਸ ਨੇ ਆਪਣੇ ਹਲਫ਼ਨਾਮੇ ਵਿੱਚ ਕਿਹਾ ਕਿ 26 ਸਤੰਬਰ ਨੂੰ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਵੱਲੋਂ ਕੀਤਾ ਗਿਆ ਰੋਸ ਪ੍ਰਦਰਸ਼ਨ ਇੱਕ ਵਿਦਿਆਰਥਣ ਨਾਲ ਕਥਿਤ ਜਿਨਸੀ ਹਮਲੇ ਦੀ ਖ਼ਬਰ ਫੈਲਣ ਤੋਂ ਬਾਅਦ ਸ਼ੁਰੂ ਹੋਇਆ ਸੀ। ਇਹ ਜਾਣਕਾਰੀ ਸੋਸ਼ਲ ਮੀਡੀਆ ਅਤੇ ਮੈਸੇਜਿੰਗ ਐਪਸ ਰਾਹੀਂ ਤੇਜ਼ੀ ਨਾਲ ਫੈਲੀ। ਇਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਵਿਦਿਆਰਥੀ ਕੈਂਪਸ ਵਿੱਚ ਇਕੱਠੇ ਹੋ ਗਏ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਤੇ ਪੁਲਿਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪੁਲਿਸ ਅਨੁਸਾਰ, ਬਿਨਾਂ ਤੱਥਾਂ ਦੀ ਪੁਸ਼ਟੀ ਕੀਤੇ ਫੈਲੀ ਇਸ ਜਾਣਕਾਰੀ ਕਾਰਨ ਕੈਂਪਸ ਦਾ ਮਾਹੌਲ ਤਣਾਅਪੂਰਨ ਹੋ ਗਿਆ ਸੀ।
ਅਦਾਲਤੀ ਕਾਰਵਾਈ ਤੋਂ ਬਾਅਦ ਹੋਵੇਗਾ ਮਾਮਲੇ ਦਾ ਨਿਪਟਾਰਾ
ਪੰਜਾਬ ਪੁਲਿਸ ਨੇ ਹਾਈ ਕੋਰਟ ਵਿੱਚ ਪੇਸ਼ ਕੀਤੀ ਸਟੇਟਸ ਰਿਪੋਰਟ ਵਿੱਚ ਜਾਂਚ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੱਤੀ ਹੈ। ਹੁਣ ਜਾਂਚ ਦੇ ਆਧਾਰ ’ਤੇ ਹੇਠਲੀ ਅਦਾਲਤ ਵਿੱਚ ਕਲੋਜ਼ਰ ਰਿਪੋਰਟ ਦਾਇਰ ਕੀਤੀ ਜਾਵੇਗੀ। ਹਾਲਾਂਕਿ, ਮਾਮਲੇ ਨੂੰ ਅਧਿਕਾਰਤ ਤੌਰ ’ਤੇ ਬੰਦ ਕਰਨ ਬਾਰੇ ਅੰਤਿਮ ਫ਼ੈਸਲਾ ਅਦਾਲਤ ਵੱਲੋਂ ਕਾਨੂੰਨੀ ਪ੍ਰਕਿਰਿਆ ਅਨੁਸਾਰ ਲਿਆ ਜਾਵੇਗਾ। ਪੁਲਿਸ ਸੋਸ਼ਲ ਮੀਡੀਆ ’ਤੇ ਅਫਵਾਹ ਫੈਲਾਉਣ ਵਾਲੇ ਵਿਅਕਤੀਆਂ ਦੀ ਪਛਾਣ ਕਰਨ ਸਬੰਧੀ ਵੀ ਜਾਂਚ ਕਰ ਰਹੀ ਹੈ।
-(ਟੀਵੀ 9 ਪੰਜਾਬੀ)
ਨੋਟ– ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


