ਪੰਜਾਬ ਵਿਚ ਹੋਰ ਗਹਿਰਾਇਆ ਬਿਜਲੀ ਸੰਕਟ- ਲਹਿਰਾ ਮੁਹੱਬਤ ਥਰਮਲ ਪਲਾਂਟ ਦਾ ਇਕ ਯੂਨਿਟ ਪੂਰੀ ਤਰ੍ਹਾਂ ਠੱਪ
ਚੰਡੀਗੜ, 2 ਮਈ – (ਪੰਜਾਬ ਡਾਇਰੀ) ਪੰਜਾਬ ਦੇ ਵਿਚ ਬਿਜਲੀ ਦਾ ਸੰਕਟ ਸੁਲਝਣ ਦੀ ਬਜਾਇ ਹੋਰ ਉਲਝਦਾ ਜਾ ਰਿਹਾ ਹੈ। ਬੰਦ ਪਏ ਤਲਵੰਡੀ ਸਾਬੋ ਅਤੇ ਗੋਇੰਦਵਾਲ ਥਰਮਲ ਪਲਾਂਟਾਂ ਦੇ ਦੋ ਯੂਨਿਟ ਵੀ ਚਾਲੂ ਨਹੀਂ ਹੋ ਸਕੇ। ਇਸ ਤੋਂ ਪਹਿਲਾਂ ਐਤਵਾਰ ਨੂੰ ਸਰਕਾਰੀ ਥਰਮਲ ਪਲਾਂਟ ਲਹਿਰਾ ਮੁਹੱਬਤ ਦਾ 210 ਮੈਗਾਵਾਟ ਦਾ ਯੂਨਿਟ ਬੰਦ ਕਰ ਦਿੱਤਾ ਗਿਆ ਸੀ। ਇਸ ਕਾਰਨ ਕੁੱਲ 1140 ਮੈਗਾਵਾਟ ਬਿਜਲੀ ਸਪਲਾਈ ਬੰਦ ਹੋ ਗਈ। ਪੰਜਾਬ ਵਿੱਚ ਐਤਵਾਰ ਨੂੰ ਸਭ ਤੋਂ ਵੱਧ 9400 ਮੈਗਾਵਾਟ ਬਿਜਲੀ ਦੀ ਮੰਗ ਦਰਜ ਕੀਤੀ ਗਈ। ਇਸ ਦੇ ਮੁਕਾਬਲੇ ਪਾਵਰਕੌਮ ਕੋਲ ਸਾਰੇ ਸਰੋਤਾਂ ਤੋਂ 4500 ਮੈਗਾਵਾਟ ਬਿਜਲੀ ਦੀ ਉਪਲਬਧਤਾ ਸੀ।
ਪਾਵਰਕੌਮ ਨੂੰ ਲਗਾਉਣੇ ਪੈ ਰਹੇ ਬਿਜਲੀ ਦੇ ਕੱਟ
ਬਾਹਰੋਂ ਖਰੀਦ ਕਰਨ ਦੇ ਬਾਵਜੂਦ ਪਾਵਰਕੌਮ ਨੂੰ ਬਿਜਲੀ ਸਪਲਾਈ ਨਾ ਮਿਲਣ ਕਾਰਨ ਕੱਟ ਲਾਉਣੇ ਪਏ। ਦੂਜੇ ਪਾਸੇ ਥਰਮਲ ਪਲਾਂਟਾਂ ਵਿੱਚ ਕੋਲੇ ਦੀ ਸਮੱਸਿਆ ਵੀ ਫਿਲਹਾਲ ਬਰਕਰਾਰ ਹੈ। ਐਤਵਾਰ ਨੂੰ ਰੋਪੜ ਥਰਮਲ ਪਲਾਂਟ ਵਿੱਚ ਛੇ, ਲਹਿਰਾ ਵਿੱਚ ਤਿੰਨ, ਤਲਵੰਡੀ ਸਾਬੋ ਵਿੱਚ ਅੱਠ, ਰਾਜਪੁਰਾ ਵਿੱਚ 19 ਅਤੇ ਗੋਇੰਦਵਾਲ ਵਿੱਚ ਦੋ ਦਿਨ ਕੋਲਾ ਪਿਆ ਸੀ। ਪਾਵਰਕੌਮ ਵੱਲੋਂ ਦਾਅਵਾ ਕੀਤਾ ਜਾ ਰਿਹਾ ਸੀ ਕਿ ਤਲਵੰਡੀ ਸਾਬੋ ਵਿੱਚ ਪਿਆ 660 ਮੈਗਾਵਾਟ ਦਾ ਯੂਨਿਟ ਜਲਦੀ ਚਾਲੂ ਕਰ ਦਿੱਤਾ ਜਾਵੇਗਾ। ਇਸ ਯੂਨਿਟ ਸਮੇਤ ਗੋਇੰਦਵਾਲ ਦਾ 270 ਮੈਗਾਵਾਟ ਦਾ ਯੂਨਿਟ ਜੋ ਕੋਲੇ ਦੀ ਘਾਟ ਕਾਰਨ ਬੰਦ ਪਿਆ ਸੀ ਚਾਲੂ ਨਹੀਂ ਕੀਤਾ ਜਾ ਸਕਿਆ, ਪਰ ਇਸੇ ਦੌਰਾਨ ਲਹਿਰਾ ਮੁਹੱਬਤ ਦਾ 210 ਮੈਗਾਵਾਟ ਦਾ ਯੂਨਿਟ ਐਤਵਾਰ ਨੂੰ ਬੰਦ ਕਰ ਦਿੱਤਾ ਗਿਆ। ਪਿੰਡਾਂ ਵਿੱਚ ਸਾਢੇ ਤਿੰਨ ਘੰਟੇ ਅਤੇ ਕੰਢੀ ਖੇਤਰਾਂ ਵਿੱਚ ਦੋ ਘੰਟੇ ਤੱਕ ਦਾ ਕੱਟ ਲੱਗਿਆ।
ਬਿਜਲੀ ਮੰਤਰੀ ਹਰਭਜਨ ਸਿੰਘ ਨੇ ਤਲਵੰਡੀ ਸਾਬੋ ਪਲਾਂਟ ਦਾ ਦੌਰਾ ਕੀਤਾ
ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਨੇ 1980 ਮੈਗਾਵਾਟ ਦੇ ਤਲਵੰਡੀ ਸਾਬੋ ਥਰਮਲ ਪਲਾਂਟ ਦਾ ਦੌਰਾ ਕੀਤਾ। ਬਿਜਲੀ ਮੰਤਰੀ ਨੇ ਥਰਮਲ ਬਾਇਲਰਾਂ ਦੀ ਘਾਟ ਕਾਰਨ ਯੂਨਿਟ ਦੇ ਲਗਾਤਾਰ ਬੰਦ ਹੋਣ ‘ਤੇ ਗੰਭੀਰ ਚਿੰਤਾ ਪ੍ਰਗਟਾਈ। ਬਿਜਲੀ ਮੰਤਰੀ ਨੇ ਕਿਹਾ ਕਿ ਪਿਛਲੇ ਸਾਲ ਵੀ ਗਰਮੀਆਂ ਅਤੇ ਝੋਨੇ ਦੇ ਸੀਜ਼ਨ ਦੌਰਾਨ ਤਲਵੰਡੀ ਸਾਬੋ ਦੇ ਸਾਰੇ ਯੂਨਿਟ ਉਤਪਾਦਨ ਨਹੀਂ ਕਰ ਸਕੇ ਸਨ ਪਰ ਇਸ ਵਾਰ ਅਜਿਹਾ ਨਾ ਹੋਵੇ ਇਸ ਲਈ ਲੋੜੀਂਦੇ ਕਦਮ ਚੁੱਕੇ ਜਾਣ। ਮੰਤਰੀ ਨੇ ਯੂਨਿਟ ਨੰਬਰ ਦੋ ਨੂੰ ਸਾਲਾਨਾ ਓਵਰਹਾਲਿੰਗ ਤੋਂ ਬਾਅਦ 15 ਮਈ, 2022 ਤੱਕ ਬਿਜਲੀ ਉਤਪਾਦਨ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ। ਬਿਜਲੀ ਮੰਤਰੀ ਨੇ ਕੋਲੇ ਦੇ ਸਟਾਕ ਦਾ ਵੀ ਮੁਆਇਨਾ ਕੀਤਾ ਅਤੇ ਪਲਾਂਟ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਾਰੇ ਯੂਨਿਟ ਚਲਾਉਣ ਲਈ ਕੋਲੇ ਦਾ ਲੋੜੀਂਦਾ ਸਟਾਕ ਉਪਲਬਧ ਕਰਵਾਇਆ ਜਾਵੇ। ਖਾਸ ਤੌਰ ‘ਤੇ ਝੋਨੇ ਦੇ ਸੀਜ਼ਨ ਦੌਰਾਨ, ਅਜਿਹਾ ਨਾ ਹੋਵੇ ਕਿ ਸਰਕਾਰ ਸਬੰਧਤ ਫਰਮ ਵਿਰੁੱਧ ਦੰਡਕਾਰੀ ਕਾਰਵਾਈ ਕਰਨ ਲਈ ਮਜਬੂਰ ਹੋ ਜਾਵੇ।
ਅਪ੍ਰੈਲ 2022 ‘ਚ ਔਸਤਨ 6821 ਮੈਗਾਵਾਟ ਦੀ ਸਪਲਾਈ ਕੀਤੀ ਗਈ
ਮੰਤਰੀ ਨੇ ਦੱਸਿਆ ਕਿ ਪਾਵਰਕੌਮ ਨੇ 30 ਅਪ੍ਰੈਲ 2022 ਨੂੰ ਆਪਣੇ ਸਾਰੇ ਸਰੋਤਾਂ ਤੋਂ 10000 ਮੈਗਾਵਾਟ ਤੋਂ ਵੱਧ ਦੀ ਮੰਗ ਪੂਰੀ ਕੀਤੀ ਹੈ ਜਦੋਂ ਕਿ ਪਿਛਲੇ ਸਾਲ 6860 ਮੈਗਾਵਾਟ ਸੀ। ਅਪ੍ਰੈਲ 2022 ਵਿੱਚ ਔਸਤਨ 6821 ਮੈਗਾਵਾਟ ਦੀ ਸਪਲਾਈ ਕੀਤੀ ਗਈ ਸੀ। ਇਹ ਅਪ੍ਰੈਲ 2021 ਦੀ ਸਪਲਾਈ ਔਸਤ 5162 ਮੈਗਾਵਾਟ ਨਾਲੋਂ 32 ਫੀਸਦੀ ਵੱਧ ਹੈ। ਇਸ ਵਧੀ ਹੋਈ ਮੰਗ ਨੂੰ ਪੂਰਾ ਕਰਨ ਲਈ ਪਾਵਰਕੌਮ ਨੇ ਅਪ੍ਰੈਲ 2022 ਵਿੱਚ 11 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ 305 ਮਿਲੀਅਨ ਯੂਨਿਟ ਖਰੀਦੇ ਜਦੋਂ ਕਿ 2021 ਵਿੱਚ 3.48 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਸਿਰਫ 177 ਮਿਲੀਅਨ ਯੂਨਿਟਸ ਦੀ ਖਰੀਦ ਕੀਤੀ ਗਈ। ਬਿਜਲੀ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਸਪਲਾਈ ਦੀ ਸਥਿਤੀ ਵਿੱਚ ਕਾਫੀ ਸੁਧਾਰ ਹੋਇਆ ਹੈ ਅਤੇ ਸਾਰੇ ਏ.ਪੀਜ਼ ਅਤੇ ਹੋਰ ਖਪਤਕਾਰਾਂ ਨੂੰ ਪਿਛਲੇ ਤਿੰਨ ਦਿਨਾਂ ਤੋਂ ਨਿਯਮਤ ਸਪਲਾਈ ਦਿੱਤੀ ਜਾ ਰਹੀ ਹੈ।