ਬਰਨਾਲਾ ਪੁਲਿਸ ਵੱਲੋਂ ਬੇਰੁਜ਼ਗਾਰ ਅਧਿਆਪਕਾਂ ਨਾਲ ਧੱਕਾ ਮੁੱਕੀ ਕਰਨ ਦੀ ਕੀਤੀ ਸਖ਼ਤ ਨਿਖੇਧੀ
ਕੋਟਕਪੂਰਾ, 2 ਮਈ – ਸਿੱਖਿਆ ਵਿਭਾਗ ਪੰਜਾਬ ਸਰਕਾਰ ਵੱਲੋਂ ਰਾਜ ਦੇ ਸਰਕਾਰੀ ਸੀਨੀਅਰ ਸੈਕੰਡਰੀ,ਹਾਈ, ਮਿਡਲ ਤੇ ਪ੍ਰਾਇਮਰੀ ਸਕੂਲਾਂ ਦੇ ਲੱਗਣ ਦਾ ਸਮਾਂ ਸਵੇਰੇ 7 ਵਜੇ ਕਰ ਦੇਣ ਦੇ ਪਹਿਲੇ ਦਿਨ ਅੱਜ ਪੰਜਾਬ ਰਾਜ ਦੇ ਅਨੇਕਾਂ ਸਕੂਲਾਂ ਦੇ ਵਿਦਿਆਰਥੀਆਂ ਨੇ ਸਕੂਲ ਸਮੇਂ ਸਿਰ ਨਾ ਪਹੁੰਚਣ ਕਾਰਨ ਸਕੂਲ ਵਿੱਚ ਹਾਜ਼ਰ ਹੋਣ ਦੀ ਬਜਾਏ ਸਕੂਲ ਨਾ ਆਉਣਾ ਹੀ ਬਿਹਤਰ ਸਮਝਿਆ ਜਿਸ ਕਾਰਨ ਵਿਦਿਆਰਥੀਆਂ ਦੀ ਹਾਜ਼ਰੀ ਅਤੇ ਪੜ੍ਹਾਈ ਤੇ ਬਹੁਤ ਬੁਰਾ ਪ੍ਰਭਾਵ ਪਿਆ । ਸਿੱਖਿਆ ਵਿਭਾਗ ਪੰਜਾਬ ਸਰਕਾਰ ਦੇ ਇਸ ਤਾਜ਼ਾ ਫ਼ੈਸਲੇ ਦੇ ਸੰਬੰਧ ਵਿੱਚ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਸਰਪ੍ਰਸਤ ਚਰਨ ਸਿੰਘ ਸਰਾਭਾ, ਸੂਬਾ ਪ੍ਰਧਾਨ ਸੁਰਿੰਦਰ ਕੁਮਾਰ ਪੁਆਰੀ, ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸਿੰਘ ਖਾਨਪੁਰ ਤੇ ਪ੍ਰਵੀਨ ਕੁਮਾਰ ਲੁਧਿਆਣਾ, ਜਨਰਲ ਸਕੱਤਰ ਗੁਰਪ੍ਰੀਤ ਮਾਡ਼ੀ ਮੇਘਾ, ਵਿੱਤ ਸਕੱਤਰ ਨਵੀਨ ਸ੍ਚਦੇਵਾ, ਪ੍ਰੈੱਸ ਸਕੱਤਰ ਟਹਿਲ ਸਿੰਘ ਸਰਾਭਾ, ਸੂਬਾਈ ਆਗੂ ਬਾਜ ਸਿੰਘ ਭੁੱਲਰ, ਕਾਰਜ ਸਿੰਘ ਕੈਰੋਂ ਤੇ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਸ਼ਿੰਦਰਪਾਲ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਵੇਰੇ 7 ਵਜੇ ਸਕੂਲ ਲੱਗਣ ਦਾ ਕੀਤਾ ਗਿਆ ਫ਼ੈਸਲਾ ਬਿਨਾਂ ਕਿਸੇ ਸੋਚ ਵਿਚਾਰ ਦੇ ਲਿਆ ਗਿਆ ਹੈ । ਅਧਿਆਪਕ ਆਗੂਆਂ ਨੇ ਅੱਗੇ ਕਿਹਾ ਕਿ ਇਹ ਆਮ ਦੇਖਣ ਵਿਚ ਆਇਆ ਹੈ ਕਿ ਵਿਦਿਆਰਥੀ ਸਵੇਰੇ ਲੇਟ ਉੱਠਦੇ ਹਨ ਅਤੇ ਅਧਿਆਪਕਾਂ ਨੇ ਵੀ ਦੂਰ ਦੁਰਾਡੇ ਸਥਾਨਾਂ ਤੋਂ ਆਪਣੀ ਡਿਊਟੀ ਤੇ ਪਹੁੰਚਣਾ ਹੁੰਦਾ ਹੈ ਤੇ ਸਵੇਰੇ 7 ਵਜੇ ਤੂੰ ਪਹਿਲਾਂ ਮਿੰਨੀ ਬੱਸਾਂ ਵੀ ਪਿੰਡਾਂ ਨੂੰ ਨਹੀਂ ਜਾਂਦੀਆਂ ।
ਅਧਿਆਪਕ ਆਗੂਆਂ ਨੇ ਪੰਜਾਬ ਦੇ ਸਿੱਖਿਆ ਮੰਤਰੀ ਮੀਤ ਹੇਅਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਗਏ ਟਾਈਮ ਟੇਬਲ ਅਨੁਸਾਰ ਸਵੇਰ ਦੀ ਸਭਾ ਦੇ ਸਮੇਂ ਨੂੰ ਵਿਦਿਆਰਥੀਆਂ ਦੇ ਪੀਰੀਅਡਾਂ ਦੇ ਸਮੇਂ ਵਿਚ ਐਡਜਸਟ ਕਰਨਾ ਚਾਹੀਦਾ ਹੈ । ਇਸ ਤੋਂ ਇਲਾਵਾ ਸਕੂਲ ਲੱਗਣ ਦਾ ਸਮਾਂ ਤੁਰੰਤ ਪਹਿਲਾਂ ਵਾਂਗ ਸਵੇਰੇ 8 ਵਜੇ ਕੀਤਾ ਜਾਵੇ । ਪ੍ਰਾਇਮਰੀ ਅਤੇ ਹੋਰ ਸਕੂਲਾਂ ਵਿੱਚ ਛੁੱਟੀ ਦਾ ਨਿਸ਼ਚਿਤ ਕੀਤਾ ਗਿਆ ਸਮਾਂ ਠੀਕ ਫੈਸਲਾ ਹੈ । ਅਧਿਆਪਕ ਆਗੂਆਂ ਨੇ ਮੰਗ ਕੀਤੀ ਕਿ ਮਿਤੀ 15 ਮਈ ਤੋਂ 31 ਮਈ ਤੱਕ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਕਰਵਾਉਣ ਲਈ ਅਧਿਆਪਕਾਂ ਨੂੰ ਸਕੂਲਾਂ ਵਿੱਚ ਆਉਣ ਲਈ ਮਜਬੂਰ ਨਾ ਕੀਤਾ ਜਾਵੇ ।
ਅਧਿਆਪਕ ਆਗੂਆਂ ਨੇ ਬੀਤੇ ਦਿਨੀਂ ਸਿੱਖਿਆ ਮੰਤਰੀ ਪੰਜਾਬ ਦੇ ਸ਼ਹਿਰ ਬਰਨਾਲਾ ਵਿਖੇ ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਨੌਜਵਾਨਾਂ ਨਾਲ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਧੱਕਾ ਮੁੱਕੀ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਪੰਜਾਬ ਦੇ ਸਿੱਖਿਆ ਮੰਤਰੀ ਮੀਤ ਹੇਅਰ ਤੋਂ ਮੰਗ ਕੀਤੀ ਹੈ ਕਿ ਤੁਰੰਤ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀਆਂ ਖਾਲੀ ਪਈਆਂ ਸਾਰੀਆਂ ਅਸਾਮੀਆਂ ਭਰਨ ਲਈ ਇਸ਼ਤਿਹਾਰ ਜਾਰੀ ਕੀਤਾ ਜਾਵੇ ਅਤੇ ਭਰਤੀ ਵਿੱਚ ਉਮਰ ਦੀ ਹੱਦ ਵਧਾਕੇ 42 ਸਾਲ ਕੀਤੀ ਜਾਵੇ । ਇਸ ਮੌਕੇ ‘ ਤੇ ਹੋਰਨਾਂ ਤੋਂ ਇਲਾਵਾ ਅਧਿਆਪਕ ਅੰਮਿ੍ਤਪਾਲ ਸਿੰਘ ਬਾਕੀਪੁਰ, ਮਨਜਿੰਦਰ ਮੰਡ, ਬਲਜੀਤ ਟੌਮ, ਹਰਿੰਦਰਪਾਲ ਸਿੰਘ, ਗੁਰਸੇਵਕ ਸਿੰਘ, ਮਨਜੀਤ ਸਿੰਘ ਬੱਲ, ਰਵਿੰਦਰ ਸਿੰਘ ਤੇ ਕੰਵਲਦੀਪ ਸਿੰਘ ਆਦਿ ਸ਼ਾਮਲ ਸਨ।