ਸੰਗਰੂਰ ’ਚ ਕਾਂਗਰਸ ਦੀ ਇਨਸਾਫ਼ ਰੈਲੀ ਦੌਰਾਨ ਰਾਹੁਲ ਦਾ ਕੇਂਦਰ ’ਤੇ ਤਿੱਖਾ ਹਮਲਾ, ਮੋਦੀ ਨੂੰ ਬਹਿਸ ਲਈ ਵੰਗਾਰਿਆ
ਫੱਗੂਵਾਲਾ ’ਚ ਟਰੰਪ, ਅਡਾਨੀ ਤੇ ਵਪਾਰ ਸਮਝੌਤੇ ਨੂੰ ਲੈ ਕੇ ਘੇਰੀ ਸਰਕਾਰ; ਖੜਗੇ ਨੇ ਵੋਟਾਂ ਦੀ ਹੇਰਾਫੇਰੀ ਦਾ ਚੁੱਕਿਆ ਮੁੱਦਾ, ਪੰਜਾਬ ’ਚ ਕਾਂਗਰਸ ਨੂੰ ਸੱਤਾ ਦੇਣ ਦੀ ਅਪੀਲ

ਸੰਗਰੂਰ: ਪਿੰਡ ਫੱਗੂਵਾਲਾ ਵਿਖੇ ਕਾਂਗਰਸ ਦੀ ਇਨਸਾਫ਼ ਰੈਲੀ ਦੌਰਾਨ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਕਈ ਸਿਆਸੀ ਨਿਸ਼ਾਨੇ ਸਾਧੇ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਭਾਵ ਹੇਠ ਕੰਮ ਕਰ ਰਹੇ ਹਨ। ਰੈਲੀ ਵਿੱਚ ਉਨ੍ਹਾਂ ਭਾਰਤ-ਅਮਰੀਕਾ ਵਪਾਰ ਸਮਝੌਤੇ ਨੂੰ ਲੈ ਕੇ ਵੀ ਕੇਂਦਰ ਸਰਕਾਰ ਨੂੰ ਘੇਰਿਆ।
ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਅਮਰੀਕਾ ਨਾਲ ਵਪਾਰ ਸਮਝੌਤੇ ’ਤੇ ਕੁਝ ਹੀ ਮਿੰਟਾਂ ਵਿੱਚ ਹਸਤਾਖਰ ਕਰ ਦਿੱਤੇ ਗਏ ਅਤੇ ਇਸ ਨਾਲ ਭਾਰਤੀ ਕਿਸਾਨਾਂ, ਉਦਯੋਗਾਂ ਤੇ ਦੇਸ਼ ਦੇ ਡੇਟਾ ਨੂੰ ਅਮਰੀਕੀ ਹਿੱਤਾਂ ਦੇ ਹਵਾਲੇ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕੀ ਰਾਸ਼ਟਰਪਤੀ ਦੇ ਦਬਾਅ ਹੇਠ ਹਨ।
ਅਡਾਨੀ ਮਾਮਲੇ ਤੇ ਭਾਰਤ-ਪਾਕਿ ਟਕਰਾਅ ਨੂੰ ਲੈ ਕੇ ਵੀ ਚੁੱਕੇ ਸਵਾਲ
ਕਾਂਗਰਸੀ ਆਗੂ ਨੇ ਦੋਸ਼ ਲਾਇਆ ਕਿ ਡੋਨਾਲਡ ਟਰੰਪ ਲਗਾਤਾਰ ਭਾਰਤ ਅਤੇ ਪਾਕਿਸਤਾਨ ਵਿਚਾਲੇ ਟਕਰਾਅ ਰੋਕਣ ਦਾ ਦਾਅਵਾ ਕਰਦੇ ਰਹਿੰਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ-ਅਮਰੀਕਾ ਵਪਾਰ ਸਮਝੌਤੇ ਤੋਂ ਬਾਅਦ ਅਮਰੀਕਾ ਵਿੱਚ ਅਡਾਨੀ ਖ਼ਿਲਾਫ਼ ਚੱਲ ਰਿਹਾ ਮਾਮਲਾ ਬੰਦ ਕਰ ਦਿੱਤਾ ਗਿਆ। ਰਾਹੁਲ ਨੇ ਇਨ੍ਹਾਂ ਮੁੱਦਿਆਂ ਨੂੰ ਕੇਂਦਰ ਸਰਕਾਰ ਦੀਆਂ ਨੀਤੀਆਂ ਨਾਲ ਜੋੜਦਿਆਂ ਸਵਾਲ ਖੜ੍ਹੇ ਕੀਤੇ।
ਪੰਜਾਬ ਨੂੰ ਕਾਂਗਰਸ ਦੀ ਸਰਕਾਰ ਦੇਣ ਦੀ ਲੋਕਾਂ ਨੂੰ ਕੀਤੀ ਅਪੀਲ
ਰਾਹੁਲ ਗਾਂਧੀ ਨੇ ਪੰਜਾਬ ਦੇ ਲੋਕਾਂ ਨੂੰ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਬਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਜਿਹੀ ਸਰਕਾਰ ਹੋਣੀ ਚਾਹੀਦੀ ਹੈ, ਜੋ ਨਸ਼ਿਆਂ ਦੇ ਖ਼ਿਲਾਫ਼ ਲੜੇ, ਨੌਜਵਾਨਾਂ ਨੂੰ ਰੁਜ਼ਗਾਰ ਦੇਵੇ, ਉਦਯੋਗਾਂ ਨੂੰ ਬਚਾਏ ਅਤੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰੇ।
ਮੋਦੀ ਨੂੰ ਕਿਸੇ ਵੀ ਥਾਂ ਬਹਿਸ ਕਰਨ ਦੀ ਚੁਣੌਤੀ
ਰੈਲੀ ਦੌਰਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ’ਤੇ ਅਰਬਪਤੀਆਂ ਅਤੇ ਅਡਾਨੀ ਦੇ ਹਿੱਤਾਂ ਲਈ ਕੰਮ ਕਰਨ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਕਿਸਾਨਾਂ ਅਤੇ ਉਦਯੋਗਾਂ ਦੇ ਹਿੱਤਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਰਾਹੁਲ ਨੇ ਪ੍ਰਧਾਨ ਮੰਤਰੀ ਨੂੰ ਕਿਸੇ ਵੀ ਥਾਂ ਬੈਠ ਕੇ ਬਹਿਸ ਕਰਨ ਦੀ ਚੁਣੌਤੀ ਦਿੰਦਿਆਂ ਕਿਹਾ ਕਿ ਇਸ ਲਈ ਮੋਹਨ ਭਾਗਵਤ ਜਾਂ ਅਡਾਨੀ ਸਮੇਤ ਕੋਈ ਵੀ ਵਿਅਕਤੀ ਜੱਜ ਬਣ ਸਕਦਾ ਹੈ।
ਉਨ੍ਹਾਂ ਸੰਸਦ ਵਿੱਚ ਚਰਚਾ ਦੌਰਾਨ ਆਪਣਾ ਮਾਈਕ ਬੰਦ ਕੀਤੇ ਜਾਣ ਅਤੇ ਬੋਲਣ ਦਾ ਮੌਕਾ ਨਾ ਮਿਲਣ ਦੇ ਦੋਸ਼ ਵੀ ਲਗਾਏ।
ਖੜਗੇ ਨੇ ਵੋਟਾਂ ਦੀ ਹੇਰਾਫੇਰੀ ਨੂੰ ਲੈ ਕੇ ਕੇਂਦਰ ’ਤੇ ਸਾਧਿਆ ਨਿਸ਼ਾਨਾ
ਇਸ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਦੇਸ਼ ਵਿੱਚ ਵੋਟਾਂ ਦੀ ਚੋਰੀ ਹੋਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਕਈ ਥਾਵਾਂ ’ਤੇ ਵੋਟਾਂ ਦੀ ਹੇਰਾਫੇਰੀ ਰਾਹੀਂ ਸਰਕਾਰਾਂ ਬਣਾਈਆਂ ਜਾ ਰਹੀਆਂ ਹਨ। ਖੜਗੇ ਨੇ ਦਿੱਲੀ ਦੀ ਸਰਕਾਰ ’ਤੇ ਵੀ ਨਿਸ਼ਾਨਾ ਸਾਧਦਿਆਂ ਉਸ ਨੂੰ ਵੋਟ ਚੋਰੀ ਕਰਨ ਵਾਲਿਆਂ ਦੀ ਸਰਕਾਰ ਕਰਾਰ ਦਿੱਤਾ।
-(ਟੀਵੀ 9 ਪੰਜਾਬੀ)
ਨੋਟ– ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


