ਸਰਕਾਰੀ ਪ੍ਰਾਇਮਰੀ ਅਤੇ ਹਾਈ ਸਕੂਲਾਂ ਦਾ ਕਰਵਾਇਆ ਗਿਆ ਸਾਂਝਾ ਸਨਮਾਨ ਸਮਾਰੋਹ
ਬੁਲਾਰਿਆਂ ਨੇ ਵਾਤਾਵਰਣ ਦੀ ਸੰਭਾਲ ਸਬੰਧੀ ਜਾਗਰੂਕਤਾ ਸੈਮੀਨਾਰ ਦੌਰਾਨ ਰੱਖੇ ਵਿਚਾਰ
ਕੋਟਕਪੂਰਾ, 7 ਮਈ :- ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਅਤੇ ਸਰਕਾਰੀ ਪ੍ਰਾਇਮਰੀ/ਹਾਈ ਸਮਾਰਟ ਸਕੂਲ ਦੇਵੀਵਾਲਾ ਵਲੋਂ ਸਾਂਝੇ ਤੌਰ ’ਤੇ ਕਰਵਾਏ ਗਏ ਜਾਗਰੂਕਤਾ ਅਰਥਾਤ ਵਾਤਾਵਰਣ ਚੇਤਨਾ ਪੈਦਾ ਕਰਦਾ ਸੈਮੀਨਾਰ ਅਤੇ ਸਨਮਾਨ ਸਮਾਰੋਹ ਦੌਰਾਨ ਵੱਖ ਵੱਖ ਬੁਲਾਰਿਆਂ ਨੇ ਵਿਦਿਆਰਥੀਆਂ ਦੇ ਗਿਆਨ ’ਚ ਵਾਧਾ ਕਰਨ ਵਾਲੇ ਵਿਚਾਰ ਸਾਂਝੇ ਕੀਤੇ। ਮੁੱਖ ਮਹਿਮਾਨ ਦੇ ਤੌਰ ’ਤੇ ਪੁੱਜੇ ਇਸੇ ਪਿੰਡ ਦੇ ਜੰਮਪਲ ਤੇ ਪ੍ਰਵਾਸੀ ਭਾਰਤੀ ਅੰਮਿ੍ਰਤਪਾਲ ਸਿੰਘ ਢਿੱਲੋਂ ਐੱਨਆਰਆਈ ਨੇ ਮੰਨਿਆ ਕਿ ਅੱਜ ਨਵੀਂ ਪੀੜੀ ਨੂੰ ਸਮਾਜਿਕ ਕੁਰੀਤੀਆਂ ਤੋਂ ਬਚਾਉਣ ਅਤੇ ਪੜਾਈ ਸਮੇਤ ਹੋਰ ਚੰਗੇ ਖੇਤਰਾਂ ਵਿੱਚ ਉਤਸ਼ਾਹਿਤ ਕਰਨ ਦੀ ਲੋੜ ਹੈ। ਸੁਸਾਇਟੀ ਦੇ ਸੰਸਥਾਪਕ ਗੁਰਪ੍ਰੀਤ ਸਿੰਘ ਚੰਦਬਾਜਾ ਅਤੇ ਕਾਰਜਕਾਰੀ ਪ੍ਰਧਾਨ ਹਰਵਿੰਦਰ ਸਿੰਘ ਖਾਲਸਾ ਨੇ ਹਵਾ, ਪਾਣੀ ਅਤੇ ਧਰਤੀ ਨੂੰ ਬਚਾਉਣ ਸਬੰਧੀ ਅਨੇਕਾਂ ਦਲੀਲਾਂ ਦਿੰਦਿਆਂ ਸਕੂਲ ਦੇ ਸਮੁੱਚੇ ਸਟਾਫ, ਵਿਦਿਆਰਥੀਆਂ, ਉਹਨਾ ਦੇ ਮਾਪਿਆਂ ਅਤੇ ਹੋਰ ਹਾਜਰੀਨ ਨੂੰ ਪ੍ਰਣ ਕਰਵਾਇਆ ਕਿ ਉਹ ਵਾਤਾਵਰਣ ਨੂੰ ਬਚਾਉਣ ਲਈ ਹਰ ਸੰਭਵ ਯਤਨ ਕਰਨਗੇ ਤੇ ਸਮਾਜਿਕ ਕੁਰੀਤੀਆਂ ਖਿਲਾਫ ਬਣਦਾ ਯੋਗਦਾਨ ਪਾਉਣਗੇ। ਸਟੇਜ ਸੰਚਾਲਨ ਕਰਦਿਆਂ ਸਕੂਲ ਅਧਿਆਪਕ ਹਰਪਿੰਦਰ ਸਿੰਘ ਕੋਟਕਪੂਰਾ ਨੇ ਦੱਸਿਆ ਕਿ ਢਿੱਲੋਂ ਪਰਿਵਾਰ ਦਾ ਇਸ ਸਕੂਲ ਸਮੇਤ ਪਿੰਡ ਦੇ ਵਿਕਾਸ ਲਈ ਬਹੁਤ ਵੱਡਾ ਯੋਗਦਾਨ ਹੈ। ਉਹਨਾ ਦੱਸਿਆ ਕਿ ਢਿੱਲੋਂ ਪਰਿਵਾਰ ਵਲੋਂ ਆਪਣੇ ਪਿਤਾ ਦੀ ਯਾਦ ਵਿੱਚ ਪ੍ਰਾਇਮਰੀ ਅਤੇ ਹਾਈ ਸਕੂਲ ਦੇ ਪਿਛਲੇ ਦੋ ਸ਼ੈਸ਼ਨਾ ਦੇ ਪੰਜਵੀਂ ਤੇ ਅੱਠਵੀਂ ਜਮਾਤ ਦੇ ਸਲਾਨਾ ਇਮਤਿਹਾਨਾ ਵਿੱਚੋਂ ਪਹਿਲੀਆਂ ਤਿੰਨ ਪੁਜੀਸ਼ਨਾ ਲੈਣ ਵਾਲੇ 14 ਬੱਚਿਆਂ ਨੂੰ ਥਾਣੇਦਾਰ ਬਲਵੰਤ ਸਿੰਘ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਉਕਤ ਸਨਮਾਨ ਵਿੱਚ ਉਹਨਾਂ ਪ੍ਰਸੰਸਾ ਪੱਤਰ ਦੇ ਨਾਲ ਨਾਲ ਕ੍ਰਮਵਾਰ 3100, 2100 ਅਤੇ 1100 ਰੁਪਏ ਦੀ ਨਗਦ ਰਾਸ਼ੀ ਵੀ ਸੋਂਪੀ। ਉਹਨਾ ਦੱਸਿਆ ਕਿ ਅੰਮਿ੍ਰਤਪਾਲ ਸਿੰਘ ਢਿੱਲੋਂ ਵਲੋਂ ਦੋਨੋਂ ਸਕੂਲਾਂ ਨੂੰ ਇਕ ਇਕ ਐੱਲਈਡੀ, ਤਿੰਨ ਪੱਖੇ, ਪੀਣ ਵਾਲੇ ਪਾਣੀ ਦੇ ਫਰਿੱਜ ਅੱਗੇ ਸ਼ੈੱਡ ਪਵਾਉਣ ਸਮੇਤ ਸਾਰੇ ਬੱਚਿਆਂ ਨੂੰ ਪਾਣੀ ਪੀਣ ਲਈ ਗਿਲਾਸ ਵੀ ਮੁਹੱਈਆ ਕਰਵਾਏ। ਵਾਤਾਵਰਣ ਸਬੰਧੀ ਡਾ ਮਨਜੀਤ ਸਿੰਘ ਢਿੱਲੋਂ ਅਤੇ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਕੋਟਕਪੂਰਾ ਫੈਮਿਲੀਜ਼ ਗਰੁੱਪ ਆਫ ਬਰੈਂਪਟਨ (ਕੈਨੇਡਾ) ਦੇ ਸਹਿਯੋਗ ਨਾਲ ਪ੍ਰਾਪਤ ਹੋਈਆਂ ਜਾਗਰੂਕਤਾ ਵਾਲੀਆਂ ਕਾਪੀਆਂ ਵੀ ਵੰਡੀਆਂ ਗਈਆਂ। ਸਮਾਗਮ ਦੀ ਪ੍ਰਧਾਨਗੀ ਬੀਬਾ ਦੀਪਤੀ ਮੁਖੀ ਸਰਕਾਰੀ ਹਾਈ ਸਕੂਲ ਅਤੇ ਬੀਬਾ ਰਾਜਬਿੰਦਰ ਕੌਰ ਮੁਖੀ ਸਰਕਾਰੀ ਪ੍ਰਾਇਮਰੀ ਸਕੂਲ ਨੇ ਸਾਂਝੇ ਤੌਰ ’ਤੇ ਕੀਤੀ। ਗ੍ਰਾਮ ਪੰਚਾਇਤ ਵਲੋਂ ਪਾਲਾ ਸਿੰਘ ਢਿੱਲੋਂ ਨੇ ਸਾਰਿਆਂ ਦਾ ਧੰਨਵਾਦ ਕੀਤਾ। ਉਕਤ ਸਮਾਗਮ ਦੀ ਖਾਸੀਅਤ ਇਹ ਰਹੀ ਕਿ ਸਨਮਾਨ ਸਮਾਰੋਹ ਦੌਰਾਨ ਡਿਸਪੋਜਲ ਅਤੇ ਪੈਕਿੰਗ ਵਾਲੇ ਖਾਣੇ ਦੀ ਵਰਤੋਂ ਬਿਲਕੁੱਲ ਵੀ ਨਹੀਂ ਕੀਤੀ ਗਈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਪਿੰਡ ਦੇ ਸਰਪੰਚ ਬੀਬੀ ਸੁਖਚੈਨ ਕੌਰ, ਸਾਬਕਾ ਸਰਪੰਚ ਸੁਰਜੀਤ ਸਿੰਘ, ਚਰਨਜੀਤ ਸਿੰਘ ਸਮੇਤ ਹੋਰ ਵੀ ਅਨੇਕਾਂ ਪਤਵੰਤੇ ਹਾਜਰ ਸਨ।