‘ਆਪ’ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਦੇ ਸਮਰਥਨ ਲਈ ਬਾਰ ਐਸੋਸੀਏਸ਼ਨ ਨੇ ਪਾਸ ਕੀਤਾ ਮਤਾ
ਵਕੀਲਾਂ ਦੇ ਵਫ਼ਦ ਨੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਸੋਂਪੀ ਮਤੇ ਦੀ ਕਾਪੀ
ਕੋਟਕਪੂਰਾ, 7 ਮਈ :- ਸੱਤਾ ਤਬਦੀਲੀ ਤੋਂ ਬਾਅਦ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਸਮੇਤ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸਮੁੱਚੀ ਕੈਬਨਿਟ ਵਲੋਂ ਨਸ਼ੇ ਨੂੰ ਜੜੋਂ ਪੁੱਟਣ ਦੇ ਵਾਰ ਵਾਰ ਦੁਹਰਾਏ ਜਾ ਰਹੇ ਇਰਾਦੇ ਤੇ ਫੈਸਲੇ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ। ‘ਬਾਰ ਐਸੋਸੀਏਸ਼ਨ ਸਬ ਡਿਵੀਜਨ ਕੋਟਕਪੂਰਾ’ ਦੇ ਪ੍ਰਧਾਨ ਸਮੇਤ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਐਸੋਸੀਏਸ਼ਨ ਵਲੋਂ ਨਸ਼ਾ ਵਿਰੋਧੀ ਮੁਹਿੰਮ ਨੂੰ ਸਮਰਥਨ ਦੇਣ ਦਾ ਪਾਸ ਕੀਤਾ ਮਤਾ ਸੋਂਪਦਿਆਂ ਵਿਸ਼ਵਾਸ਼ ਦਿਵਾਇਆ ਕਿ ਬਾਰ ਐਸੋਸੀਏਸ਼ਨ ਦਾ ਕੋਈ ਵੀ ਵਕੀਲ ਕਿਸੇ ਵੀ ਨਸ਼ਾ ਤਸਕਰ ਜਾਂ ਨਸ਼ੇੜੀ ਦੀ ਪੈਰਵਾਈ ਨਹੀਂ ਕਰੇਗਾ। ਐਸੋਸੀਏਸ਼ਨ ਦੇ ਸਰਪ੍ਰਸਤ ਐਡਵੋਕੇਟ ਗੁਰਮੇਲ ਸਿੰਘ ਸੰਧੂ ਅਤੇ ਪ੍ਰਧਾਨ ਐਡਵੋਕੇਟ ਵਿਨੋਦ ਬਾਂਸਲ ਦੀ ਅਗਵਾਈ ਵਿੱਚ ਮਿਲੇ ਵਫਦ ਨੇ ਕੁਲਤਾਰ ਸਿੰਘ ਸੰਧਵਾਂ ਨੂੰ ਤਹਿਸੀਲ ਕੰਪਲੈਕਸ ਦੀਆਂ ਹੋਰ ਮੁਸ਼ਕਿਲਾਂ ਅਤੇ ਸਮੱਸਿਆਵਾਂ ਤੋਂ ਜਾਣੂ ਕਰਵਾਉਂਦਿਆਂ ਤਹਿਸੀਲ ਕੰਪਲੈਕਸ ਵਿੱਚ ਆਉਣ ਦਾ ਸੱਦਾ ਦਿੱਤਾ, ਜਿਸ ਨੂੰ ਕੁਲਤਾਰ ਸਿੰਘ ਸੰਧਵਾਂ ਨੇ ਤੁਰਤ ਪ੍ਰਵਾਨ ਕਰ ਲਿਆ। ਵਫਦ ਨੇ ਮੰਗ ਕੀਤੀ ਕਿ ਤਹਿਸੀਲ ਕੰਪਲੈਕਸ ਵਿਚਲੇ ਵਾਹਨ ਪਾਰਕਿੰਗ ਵਾਲੇ ਠੇਕੇ ਦੀ ਲੱਖਾਂ ਰੁਪਏ ਆਮਦਨ ਫਰੀਦਕੋਟ ਭੇਜਣ ਦੀ ਬਜਾਇ ਇੱਥੇ ਤਹਿਸੀਲ ਕੰਪਲੈਕਸ ਵਿੱਚ ਹੀ ਖਰਚ ਕਰਨੀ ਯਕੀਨੀ ਬਣਾਈ ਜਾਵੇ, ਕਿਉਂਕਿ ਪਿਸ਼ਾਬ ਘਰਾਂ, ਪਖਾਨਿਆਂ ਅਤੇ ਸਫਾਈ ਦਾ ਬੁਰਾ ਹਾਲ ਹੈ, ਜਦਕਿ ਪੀਣ ਵਾਲੇ ਪਾਣੀ ਦੀ ਵੀ ਸਮੱਸਿਆ ਬਰਕਰਾਰ ਹੈ। ਕੁਲਤਾਰ ਸਿੰਘ ਸੰਧਵਾਂ ਨੇ ਬਾਰ ਐਸੋਸੀਏਸ਼ਨ ਦੇ ਵਕੀਲਾਂ ਦੇ ਉਕਤ ਵਫਦ ਦਾ ਧੰਨਵਾਦ ਕਰਦਿਆਂ ਆਖਿਆ ਕਿ ਰਵਾਇਤੀ ਪਾਰਟੀਆਂ ਦੀ ਮਿਲੀਭੁਗਤ ਨਾਲ ਪੰਜਾਬ ਵਿੱਚ ਨਸ਼ੇ ਦੇ ਵਹਾਏ ਛੇਵੇਂ ਦਰਿਆ ਨੂੰ ਬੰਦ ਕਰਾਉਣ ਦੀ ਜਰੂਰਤ ਹੈ। ਉਹਨਾਂ ਦੁਹਰਾਇਆ ਕਿ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ‘ਆਪ’ ਸਰਕਾਰ ਨਸ਼ੇ ਦੀ ਬੁਰਾਈ ਨੂੰ ਜਲਦ ਜੜੋਂ ਪੁੱਟਣ ਲਈ ਆਪਣੇ ਇਰਾਦੇ ’ਤੇ ਦਿ੍ਰੜ ਹੈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਐਡਵੋਕੇਟ ਅਮਰਜੀਤ ਸਿੰਘ ਢਿੱਲੋਂ, ਕਿ੍ਰਸ਼ਨ ਮੱਕੜ, ਕੇਵਲ ਅਰੋੜਾ, ਬਾਬੂ ਲਾਲ, ਵਿਨੋਦ ਕੁਮਾਰ ਆਦਿ ਅਹੁਦੇਦਾਰ ਵੀ ਹਾਜਰ ਸਨ।