ਇਮਾਨਦਾਰੀ ਐਵਾਰਡੀ ਵਾਈਸ ਚਾਂਸਲਰ ਨੂੰ ਜਨਤਕ ਜਥੇਬੰਦੀਆਂ ਭਲਕੇ ਕਰਨਗੀਆਂ ਪੱਖੀਆਂ ਭੇਂਟ
ਕੋਟਕਪੂਰਾ, 7 ਮਈ :- ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ ਦੇ ਦਫਤਰ ਗੁਰਪ੍ਰੀਤ ਸਿੰਘ ਚੰਦਬਾਜਾ ਸੰਸਥਾਪਕ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੀ ਅਗਵਾਈ ’ਚ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਦੁਰ ਪ੍ਰਬੰਧਾਂ ਨੂੰ ਲੈ ਕੇ ਜਰੂਰੀ ਮੀਟਿੰਗ ਹੋਈ, ਜਿਸ ’ਚ ਵੱਖ-ਵੱਖ ਕਿਸਾਨ, ਮਜਦੂਰ, ਮੁਲਾਜ਼ਮ ਅਤੇ ਸਮਾਜਸੇਵੀ ਜਥੇਬੰਦੀਆਂ ਨੇ ਹਿੱਸਾ ਲਿਆ। ਇਸ ਮੌਕੇ ਗੁਰਮੀਤ ਸਿੰਘ ਗੋਲੇਵਾਲਾ ਸੂਬਾਈ ਸੀਨੀਅਰ ਮੀਤ ਪ੍ਰਧਾਨ ਬੀ.ਕੇ.ਯੂ. ਕਾਦੀਆਂ, ਮਾਸਟਰ ਸੂਰਜ ਭਾਨ ਸੂਬਾ ਜਰਨਲ ਸਕੱਤਰ ਬੀਕੇਯੂ ਕ੍ਰਾਂਤੀਕਾਰੀ, ਰਾਜਵੀਰ ਸਿੰਘ ਭਲੂਰੀਆ ਸੂਬਾ ਮੀਤ ਪ੍ਰਧਾਨ ਬੀਕੇਯੂ ਖੋਸਾ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ’ਚ ਮਰੀਜਾਂ, ਡਾਕਟਰ, ਨਰਸਿੰਗ, ਟੈਕਨੀਸ਼ੀਅਨ ਸਟਾਫ ਆਦਿ ਦਾ ਗਰਮੀ ਨਾਲ ਬੁਰਾ ਹਾਲ, ਮਰੀਜਾਂ ਅਤੇ ਉਹਨਾਂ ਦੇ ਵਾਰਸਾਂ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਸਿਹਤ ਮੰਤਰੀ ਪੰਜਾਬ, ਮੈਡੀਕਲ ਅਤੇ ਯੂਨੀਵਰਸਿਟੀ ਪ੍ਰਸ਼ਾਸ਼ਨ ਨੂੰ ਵਾਰ-ਵਾਰ ਬੇਨਤੀਆਂ ਕਰ ਚੁੱਕੇ ਹਾਂ, ਉਹਨਾਂ ਦਾ ਕੋਈ ਅਸਰ ਨਹੀਂ ਹੋਇਆ, ਐੱਮ.ਆਰ.ਆਈ. ਮਸ਼ੀਨ ’ਚ ਗਰਮੀ ਨਾਲ ਮਰੀਜ ਬੇਹੋਸ਼ ਹੋ ਰਹੇ ਹਨ, 40-42 ਡਿਗਰੀ ਤਾਪਮਾਨ ’ਚ ਇਕ ਤਾਂ ਮਰੀਜ਼ ਬਿਮਾਰੀ ਦਾ ਮਾਰਿਆ ਤੇ ਦੂਜਾ ਮਾੜੇ ਪ੍ਰਬੰਧਾਂ ਨੇ, ਇਹ ਹਾਲ ਕੈਂਸਰ ਵਾਰਡ, ਅਪ੍ਰੇਸ਼ਨ ਥੀਏਟਰ, ਬੱਚਿਆਂ ਵਾਲੇ ਵਾਰਡ ਆਦਿ ਦਾ ਹੈ, ਕਈ ਥਾਵਾਂ ’ਤੇ ਪੱਖੇ ਵੀ ਖਰਾਬ, ਐਮ.ਆਰ.ਆਈ. ਦੀ ਪੁੱਛਗਿੱਛ ਤੇ ਏ.ਸੀ. ਅਤੇ ਪੱਖੇ ਵੀ ਬੰਦ ਹਨ, ਮਰੀਜਾਂ ਅਤੇ ਉਹਨਾਂ ਦੇ ਵਾਰਸਾਂ ਦਾ ਗਰਮੀ ਨਾਲ ਬੁਰਾ ਹਾਲ ਹੋ ਰਿਹਾ ਹੈ, ਲੋਕ ਜਥੇਬੰਦੀਆਂ ਕੋਲ ਆ ਕੇ ਰੌਲਾ ਵੀ ਪਾ ਰਹੇ ਹਨ ਪਰ ਸਟਾਫ ਤੋਂ ਡਰਦੇ ਹਸਪਤਾਲ ’ਚ ਬੋਲਣ ਤੋਂ ਚੁੱਪ ਕਰ ਜਾਂਦੇ ਸਨ, ਇਸੇ ਕਰਕੇ ਜਥੇਬੰਦੀਆਂ ਨੂੰ ਅੱਗੇ ਆਉਣਾ ਪੈ ਰਿਹਾ ਹੈ। ਇਸ ਮੌਕੇ ਵੀਰਇੰਦਰਜੀਤ ਸਿੰਘ ਪੁਰੀ ਸੂਬਾਈ ਪ੍ਰਧਾਨ ਮੰਡੀ ਬੋਰਡ ਸਾਂਝੀ ਸੰਘਰਸ਼ ਕਮੇਟੀ ਪੰਜਾਬ, ਅਸ਼ੋਕ ਕੌਸ਼ਲ ਆਗੂ ਪੈਨਸ਼ਨਰ ਐਸੋਸੀਏਸ਼ਨ ਫਰੀਦਕੋਟ, ਜਤਿੰਦਰ ਕੁਮਾਰ ਸੂਬਾ ਸਕੱਤਰ ਪੰਜਾਬ ਸੁਬਾਰਡੀਨੇਟ ਫੈਡਰੇਸ਼ਨ, ਹਰਪਾਲ ਸਿੰਘ ਮਚਾਕੀ ਆਗੂ ਪੈਨਸ਼ਨਰ ਐਸੋਸੀਏਸ਼ਨ ਅਤੇ ਹਰਜਿੰਦਰ ਸਿੰਘ ਪੰਜਾਬ ਨਿਰਮਾਣ ਮਜਦੂਰ ਯੂਨੀਅਨ ਫਰੀਦਕੋਟ ਆਦਿ ਨੇ ਕਿਹਾ ਕਿ ਵੀ.ਸੀ. ਸਾਅਬ ਅਤੇ ਉੱਚ ਅਧਿਕਾਰੀ ਸਾਹਿਬਾਨ ਹਰ ਸਾਲ ਨਵੇਂ ਏ.ਸੀ. ਆਪ ਲਾ ਲੈਂਦੇ ਹਨ, ਪੁਰਾਣੇ ਹਸਪਤਾਲ ਭੇਜ ਦਿੰਦੇ ਹਨ ਪਰ ਉਹਨਾਂ ’ਚੋਂ ਬਹੁਤੇ ਕਬਾੜ ਬਣੇ ਪਏ ਹਨ, ਮਰੀਜਾਂ ਅਤੇ ਕਾਮਿਆਂ ਦੀ ਸਹੂਲਤ ਦਾ ਕੋਈ ਖਿਆਲ ਨਹੀਂ, ਹਸਪਤਾਲ ’ਚ ਮਰੀਜਾਂ ਅਤੇ ਸਟਾਫ ਨੂੰ ਹੋਰ ਵੀ ਬਹੁਤ ਸਮੱਸਿਆ ਨਾਲ ਲੜਨਾ ਪੈਂਦਾ ਹੈ, ਉਸ ਸਬੰਧੀ ਸਮੂਹ ਜਨਤਕ ਜਥੇਬੰਦੀਆਂ ਆਉਣ ਵਾਲੇ ਦਿਨਾਂ ’ਚ ਮੀਟਿੰਗ ਬੁਲਾ ਕੇ ਅਗਲਾ ਵੱਡਾ ਪ੍ਰੋਗਰਾਮ ਉਲੀਕਣਗੀਆਂ। ਰਾਜਬੀਰ ਸਿੰਘ ਸੰਧਵਾਂ ਜਿਲਾ ਜਨਰਲ ਸਕੱਤਰ ਬੀਕੇਯੂ ਕਾਦੀਆਂ, ਮੁਖਤਿਆਰ ਸਿੰਘ ਮਾਹਲਾ ਸੂਬਾ ਸਕੱਤਰ ਬੀਕੇਯੂ ਬਰਮਕੇ, ਗੁਰਮੀਤ ਸਿੰਘ ਸੰਧੂ ਅਤੇ ਪਰਦੀਪ ਸਿੰਘ ਬਰਾੜ ਨੇ ਕਿਹਾ ਕਿ 9 ਮਈ ਦਿਨ ਸੋਮਵਾਰ ਸਵੇਰੇ 9:00 ਵਜੇ ਭਾਈ ਘਨੱਈਆ ਚੌਂਕ ਫਰੀਦਕੋਟ ’ਚ ਦਾਨੀ ਸੱਜਣਾ ਤੋਂ ਪੱਖੀਆਂ ਦਾਨ ’ਚ ਲੈਣ ਉਪਰੰਤ ਸਵੇਰੇ 10:00 ਵਜੇ ਡਾ. ਰਾਜ ਬਹਾਦਰ ਉੱਪ ਕੁਲਪਤੀ ਬਾਬਾ ਫਰੀਦ ਯੂਨੀਵਰਸਿਟੀ ਨੂੰ ਭੇਂਟ ਕੀਤੀਆਂ ਜਾਣਗੀਆਂ ਤਾਂ ਜੋ ਇਸ ਗਰਮੀ ਦੇ ਸੀਜਨ ’ਚ ਏ.ਸੀ. ਅਤੇ ਪੱਖੇ ਤਾਂ ਇਹਨਾਂ ਤੋਂ ਚੱਲਣੇ ਨਹੀਂ। ਵੀ.ਸੀ. ਸਾਬ ਮਰੀਜਾਂ, ਡਾਕਟਰਾਂ, ਨਰਸਿੰਗ ਸਟਾਫ, ਟੈਕਨੀਸ਼ੀਅਨ ਆਦਿ ਨੂੰ ਪੱਖੀਆਂ ਦੇ ਦੇਣ ਤਾਂ ਜੋ ਹਵਾ ਝੱਲ ਕੇ ਟਾਈਮ ਪਾਸ ਕਰ ਸਕਣ। ਇਸ ਮੌਕੇ ਉਪਰੋਕਤ ਤੋਂ ਇਲਾਵਾ ਕਿਸਾਨ ਆਗੂ ਜਸਵੰਤ ਸਿੰਘ, ਗੁਰਮੀਤ ਸਿੰਘ ਕੋਹਾਰਵਾਲਾ ਅਤੇ ਪ੍ਰੀਤਮ ਸਿੰਘ ਭਲੂਰ ਆਦਿ ਵੀ ਹਾਜਰ ਸਨ।