Wednesday, November 18, 2026
Google search engine
Homeਤਾਜ਼ਾ ਖਬਰਪੋਲਟਰੀ ਉਦਯੋਗ ਲਈ ਭਾਰਤ ਦੀ ਵੱਡੀ ਪਹਿਲ, ਬਰਡ ਫਲੂ ਰੋਕਣ ਵਾਲਾ ਦੇਸੀ...

ਪੋਲਟਰੀ ਉਦਯੋਗ ਲਈ ਭਾਰਤ ਦੀ ਵੱਡੀ ਪਹਿਲ, ਬਰਡ ਫਲੂ ਰੋਕਣ ਵਾਲਾ ਦੇਸੀ ਟੀਕਾ ਤਿਆਰ

ਪੋਲਟਰੀ ਉਦਯੋਗ ਲਈ ਭਾਰਤ ਦੀ ਵੱਡੀ ਪਹਿਲ, ਬਰਡ ਫਲੂ ਰੋਕਣ ਵਾਲਾ ਦੇਸੀ ਟੀਕਾ ਤਿਆਰ

20 ਨਵੰਬਰ ਨੂੰ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਕਰਨਗੇ ਦੇਸ਼ ਨੂੰ ਸਮਰਪਿਤ; H5N1 ਵਾਇਰਸ ਤੋਂ ਮੁਰਗੀਆਂ ਦੀ ਸੁਰੱਖਿਆ ਦੇ ਨਾਲ ਕਿਸਾਨਾਂ ਨੂੰ ਆਰਥਿਕ ਨੁਕਸਾਨ ਤੋਂ ਬਚਾਉਣ ਦਾ ਟੀਚਾ

ਨਵੀਂ ਦਿੱਲੀ : ਬਰਡ ਫਲੂ ਦੀ ਬਿਮਾਰੀ ਨਾਲ ਨਜਿੱਠਣ ਲਈ ਭਾਰਤ ਨੇ ਇੱਕ ਅਹਿਮ ਕਦਮ ਚੁੱਕਦਿਆਂ ਆਪਣੀ ਪਹਿਲੀ ਸਵਦੇਸ਼ੀ ਵੈਕਸੀਨ ਤਿਆਰ ਕਰ ਲਈ ਹੈ। ਮੁਰਗੀਆਂ ਨੂੰ ਖ਼ਤਰਨਾਕ H5N1 ਵਾਇਰਸ ਤੋਂ ਬਚਾਉਣ ਲਈ ਵਿਕਸਿਤ ਕੀਤੇ ਗਏ ਇਸ ਟੀਕੇ ਨੂੰ 20 ਨਵੰਬਰ ਨੂੰ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇਸ਼ ਨੂੰ ਸਮਰਪਿਤ ਕਰਨਗੇ। ਇਸ ਵੈਕਸੀਨ ਨੂੰ ਭੋਪਾਲ ਸਥਿਤ ICAR-ਨੈਸ਼ਨਲ ਇੰਸਟੀਚਿਊਟ ਆਫ ਹਾਈ ਸਕਿਓਰਿਟੀ ਐਨੀਮਲ ਡਿਜ਼ੀਜ਼ (NIHSAD) ਨੇ ਤਿਆਰ ਕੀਤਾ ਹੈ।

ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਵੱਲੋਂ ਜਾਰੀ ਬਿਆਨ ਅਨੁਸਾਰ ਇਹ ਨਿਸ਼ਕਿਰਿਆ H5N1 (ਕਲੇਡ 2.3.2.1A) ਵੈਕਸੀਨ ਹੈ। ਇਸ ਨੂੰ ਬੇਹੱਦ ਖ਼ਤਰਨਾਕ ਏਵੀਅਨ ਇਨਫਲੂਐਂਜ਼ਾ ਵਾਇਰਸ ਦੇ ਖ਼ਿਲਾਫ਼ ਸੁਰੱਖਿਆ ਦੇਣ ਲਈ ਵਿਕਸਿਤ ਕੀਤਾ ਗਿਆ ਹੈ। ਭਾਰਤ ਵਿੱਚ ਇਸ ਖ਼ਾਸ ਵਾਇਰਸ ਦੇ ਰੂਪ ਵਿਰੁੱਧ ਤਿਆਰ ਕੀਤੀ ਗਈ ਇਹ ਆਪਣੀ ਕਿਸਮ ਦੀ ਪਹਿਲੀ ਦੇਸੀ ਵੈਕਸੀਨ ਹੈ।

ਬਰਡ ਫਲੂ ਨਾਲ ਤਬਾਹ ਹੋ ਸਕਦਾ ਹੈ ਪੋਲਟਰੀ ਕਾਰੋਬਾਰ

ਬਰਡ ਫਲੂ ਨੂੰ ਹਾਈ ਪੈਥੋਜੈਨਿਕ ਏਵੀਅਨ ਇਨਫਲੂਐਂਜ਼ਾ (HPAI) ਵੀ ਕਿਹਾ ਜਾਂਦਾ ਹੈ। ਇਹ ਮੁਰਗੀਆਂ ਅਤੇ ਹੋਰ ਪੰਛੀਆਂ ਨੂੰ ਪ੍ਰਭਾਵਿਤ ਕਰਨ ਵਾਲੀ ਗੰਭੀਰ ਬਿਮਾਰੀ ਹੈ। ਇਸ ਦੇ ਫੈਲਣ ਨਾਲ ਸੰਕਰਮਿਤ ਪੰਛੀਆਂ ਦੀ ਮੌਤ ਦਰ 100 ਫ਼ੀਸਦੀ ਤੱਕ ਪਹੁੰਚ ਸਕਦੀ ਹੈ। ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਵੱਡੀ ਗਿਣਤੀ ਵਿੱਚ ਪੰਛੀਆਂ ਨੂੰ ਮਾਰਨਾ ਪੈਂਦਾ ਹੈ। ਇਸ ਤੋਂ ਇਲਾਵਾ ਪੋਲਟਰੀ ਉਤਪਾਦਾਂ ਦੇ ਵਪਾਰ ’ਤੇ ਪਾਬੰਦੀਆਂ ਲੱਗਣ ਕਾਰਨ ਕਿਸਾਨਾਂ ਅਤੇ ਕਾਰੋਬਾਰੀਆਂ ਨੂੰ ਭਾਰੀ ਨੁਕਸਾਨ ਹੁੰਦਾ ਹੈ।

ਭਾਰਤ ਵਿੱਚ 2006 ਦੌਰਾਨ ਪਹਿਲੀ ਵਾਰ ਬਰਡ ਫਲੂ ਦੀ ਪੁਸ਼ਟੀ ਹੋਈ ਸੀ। ਇਸ ਤੋਂ ਬਾਅਦ H5N1 ਅਤੇ H5N8 ਵਾਇਰਸ ਦੀਆਂ ਉਪ-ਕਿਸਮਾਂ ਦੇ 500 ਤੋਂ ਵੱਧ ਪ੍ਰਕੋਪ ਦਰਜ ਕੀਤੇ ਜਾ ਚੁੱਕੇ ਹਨ। ਇਸ ਬਿਮਾਰੀ ਦਾ ਅਸਰ ਸਿਰਫ਼ ਪੋਲਟਰੀ ਫਾਰਮਾਂ ਤੱਕ ਸੀਮਤ ਨਹੀਂ ਰਹਿੰਦਾ, ਸਗੋਂ ਕੌਮਾਂਤਰੀ ਵਪਾਰ, ਪੋਲਟਰੀ ਉਤਪਾਦਾਂ ਦੀਆਂ ਕੀਮਤਾਂ ਅਤੇ ਕਿਸਾਨਾਂ ਦੀ ਰੋਜ਼ੀ-ਰੋਟੀ ’ਤੇ ਵੀ ਪੈਂਦਾ ਹੈ।

ਇੱਕ ਵੱਡੇ ਪ੍ਰਕੋਪ ਨਾਲ ਹਜ਼ਾਰਾਂ ਕਰੋੜ ਦਾ ਨੁਕਸਾਨ

ਕੇਂਦਰ ਸਰਕਾਰ ਦੇ ਅਨੁਮਾਨ ਮੁਤਾਬਕ ਬਰਡ ਫਲੂ ਦਾ ਵੱਡਾ ਪ੍ਰਕੋਪ ਦੇਸ਼ ਦੀ GDP ਵਿਕਾਸ ਦਰ ਨੂੰ 1.5 ਫ਼ੀਸਦੀ ਤੱਕ ਪ੍ਰਭਾਵਿਤ ਕਰ ਸਕਦਾ ਹੈ। ਜੇਕਰ ਬਿਮਾਰੀ ਬੇਕਾਬੂ ਹੋ ਜਾਂਦੀ ਹੈ ਤਾਂ ਭਾਰਤ ਦੀ 20 ਫ਼ੀਸਦੀ ਤੋਂ ਵੱਧ ਪੋਲਟਰੀ ਆਬਾਦੀ ਦੇ ਪ੍ਰਭਾਵਿਤ ਹੋਣ ਜਾਂ ਨਸ਼ਟ ਕੀਤੇ ਜਾਣ ਦਾ ਖ਼ਤਰਾ ਹੈ।

ਸਾਲ 2006 ਵਿੱਚ ਬਰਡ ਫਲੂ ਦੇ ਪ੍ਰਕੋਪ ਕਾਰਨ ਦੇਸ਼ ਨੂੰ ਸਿੱਧੇ ਅਤੇ ਅਸਿੱਧੇ ਤੌਰ ’ਤੇ ਲਗਭਗ 2,200 ਤੋਂ 3,000 ਕਰੋੜ ਰੁਪਏ ਦਾ ਆਰਥਿਕ ਨੁਕਸਾਨ ਹੋਇਆ ਸੀ। ਮਣੀਪੁਰ ਵਿੱਚ ਵੀ ਇਸ ਬਿਮਾਰੀ ਕਾਰਨ ਸੂਬੇ ਦੀ GDP ਦੇ 0.5 ਫ਼ੀਸਦੀ ਦੇ ਬਰਾਬਰ ਨੁਕਸਾਨ ਹੋਣ ਦਾ ਅੰਦਾਜ਼ਾ ਲਗਾਇਆ ਗਿਆ ਸੀ।

ਇਹ ਬਿਮਾਰੀ ਮਨੁੱਖੀ ਸਿਹਤ ਲਈ ਵੀ ਚਿੰਤਾ ਦਾ ਵਿਸ਼ਾ ਹੈ। ਵਿਸ਼ਵ ਸਿਹਤ ਸੰਗਠਨ (WHO) ਦੇ ਅੰਕੜਿਆਂ ਅਨੁਸਾਰ 2003 ਤੋਂ ਹੁਣ ਤੱਕ ਭਾਰਤ ਸਮੇਤ 25 ਦੇਸ਼ਾਂ ਵਿੱਚ ਮਨੁੱਖਾਂ ਦੇ H5N1 ਨਾਲ ਸੰਕਰਮਿਤ ਹੋਣ ਦੇ 1,003 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ 479 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਕਈ ਜਾਨਵਰਾਂ ਵਿੱਚ ਵੀ ਮਿਲਿਆ ਵਾਇਰਸ, ਮਨੁੱਖਾਂ ਤੱਕ ਪਹੁੰਚਣ ਦਾ ਖ਼ਦਸ਼ਾ

ਮੰਤਰਾਲੇ ਦੇ ਅਧਿਐਨ ਅਨੁਸਾਰ H5N1 ਦਾ ਕਲੇਡ 2.3.2.1A ਰੂਪ ਮੁਰਗੀਆਂ ਵਿੱਚ ਬਰਡ ਫਲੂ ਦੇ ਜ਼ਿਆਦਾਤਰ ਪ੍ਰਕੋਪਾਂ ਲਈ ਜ਼ਿੰਮੇਵਾਰ ਰਿਹਾ ਹੈ। ਹਾਲ ਹੀ ਦੇ ਸਮੇਂ ਵਿੱਚ ਇਹ ਵਾਇਰਸ ਥਣਧਾਰੀ ਜੀਵਾਂ ਸਮੇਤ ਕਈ ਹੋਰ ਜਾਨਵਰਾਂ ਦੀਆਂ ਪ੍ਰਜਾਤੀਆਂ ਵਿੱਚ ਵੀ ਪਾਇਆ ਗਿਆ ਹੈ। ਇਸ ਤੋਂ ਇਲਾਵਾ ਮਨੁੱਖਾਂ ਵਿੱਚ ਵੀ ਇਸ ਵਾਇਰਸ ਦੇ ਤਿੰਨ ਸੰਕਰਮਣ ਮਾਮਲੇ ਸਾਹਮਣੇ ਆਏ ਹਨ।

ਇਸ ਲਈ ਪੋਲਟਰੀ ਫਾਰਮਾਂ ਨੂੰ ਆਰਥਿਕ ਨੁਕਸਾਨ ਤੋਂ ਬਚਾਉਣ ਦੇ ਨਾਲ-ਨਾਲ ਵਾਇਰਸ ਨੂੰ ਮੁਰਗੀਆਂ ਤੋਂ ਹੋਰ ਜਾਨਵਰਾਂ ਅਤੇ ਮਨੁੱਖਾਂ ਤੱਕ ਫੈਲਣ ਤੋਂ ਰੋਕਣਾ ਵੀ ਜ਼ਰੂਰੀ ਮੰਨਿਆ ਜਾ ਰਿਹਾ ਹੈ।

ਦੇਸ਼ ਵਿੱਚ ਹੀ ਤਿਆਰ ਹੋਵੇਗੀ ਬਰਡ ਫਲੂ ਤੋਂ ਸੁਰੱਖਿਆ

ਕੇਂਦਰ ਸਰਕਾਰ ਮੁਤਾਬਕ H5N1 ਵਾਇਰਸ ਦੇ ਕਲੇਡ 2.3.2.1A ਵਿਰੁੱਧ ਇਸ ਸਮੇਂ ਕੋਈ ਵਿਸ਼ੇਸ਼ ਵਪਾਰਕ ਵੈਕਸੀਨ ਉਪਲਬਧ ਨਹੀਂ ਹੈ। ਇਸ ਘਾਟ ਨੂੰ ਦੂਰ ਕਰਨ ਲਈ ਭਾਰਤੀ ਵਿਗਿਆਨੀਆਂ ਨੇ ਦੇਸ਼ ਵਿੱਚ ਹੀ ਇਹ ਟੀਕਾ ਵਿਕਸਿਤ ਕੀਤਾ ਹੈ।

ਇਸ ਵੈਕਸੀਨ ਦਾ ਮੁੱਖ ਉਦੇਸ਼ ਮੁਰਗੀਆਂ ਨੂੰ H5N1 ਵਾਇਰਸ ਦੇ ਇਸ ਰੂਪ ਤੋਂ ਸੁਰੱਖਿਆ ਪ੍ਰਦਾਨ ਕਰਨਾ, ਬਿਮਾਰੀ ਦੇ ਫੈਲਾਅ ਨੂੰ ਕਾਬੂ ਕਰਨਾ ਅਤੇ ਪੋਲਟਰੀ ਉਦਯੋਗ ਨੂੰ ਹੋਣ ਵਾਲੇ ਆਰਥਿਕ ਨੁਕਸਾਨ ਨੂੰ ਘਟਾਉਣਾ ਹੈ।

-(ਟੀਵੀ 9 ਪੰਜਾਬੀ)

ਨੋਟ– ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments