ਫਾਊਂਡੇਸ਼ਨ ‘ਆਈ ਐਮ ਵਿਦ ਯੂ’ ਵੱਲੋਂ ਰਡਿਆਲਾ ‘ਚ ਵਿਦਿਆਰਥੀਆਂ ਨਾਲ ਸਾਂਝ ਪ੍ਰੋਗਰਾਮ
ਮੋਹਾਲੀ, ਮਈ 9 – ਮੋਹਾਲੀ ਦੇ ਸਰਕਾਰੀ ਸੀ. ਸੈ. ਸਕੂਲ ਰਡਿਆਲਾ ਵਿਚ ਇੱਕ ਗ਼ੈਰ-ਮੁਨਾਫਾ ਸੰਸਥਾ ਆਈ ਐਮ ਵਿਦ ਯੂ ਫਾਊਂਡੇਸ਼ਨ ਨੇ ਅੱਜ ਵਿਦਿਆਰਥੀਆਂ ਨਾਲ ਸਾਂਝ ਪਾਉਣ ਅਤੇ ਉਨ੍ਹਾਂ ਲਈ ਕੁਝ ਕਰਨ ਦੇ ਉਦੇਸ਼ ਨਾਲ ਇੱਕ ਲਘੂ ਪ੍ਰੋਗਰਾਮ ਦਾ ਆਯੋਜਨ ਕੀਤਾ। ਇਸ ਦੌਰਾਨ ਫਾਊਂਡੇਸ਼ਨ ਤੋਂ ਆਏ ਮੈਡਮ ਅਮ੍ਰਿਤਾ ਸਿੰਘ, ਹਰਜੀਤ ਸਿੰਘ ਸਭਰਾਲ, ਮੁਖੀ ਤੇਰਾ ਹੀ ਤੇਰਾ ਮਿਸ਼ਨ ਹਸਪਤਾਲ, ਡਾ. ਗੁਰਪ੍ਰੀਤ ਕੌਰ ਆਈਵੀਐਫ ਮਾਹਿਰ
ਅਤੇ ਪੰਕਜ ਪੁਰੀ ਨੇ ਬੱਚਿਆਂ ਤੋਂ ਉਨ੍ਹਾਂ ਦੇ ਦਿਲ ਦੀਆਂ ਗੱਲਾਂ ਸੁਣੀਆਂ ਅਤੇ ਆਪਣੀਆਂ ਕੀਤੀਆਂ।
ਇਸ ਦੌਰਾਨ ਮੈਡਮ ਅਮ੍ਰਿਤਾ ਸਿੰਘ ਅਤੇ ਸਾਥੀਆਂ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਦੇ ਮੁੱਖ ਉਦੇਸ਼ ਦੀਨ-ਦੁਖੀਆਂ ਦੀ ਮਦਦ ਕਰਨਾ ਅਤੇ ਬੱਚਿਆਂ ਦੀ ਸਰੀਰਿਕ ਤੇ ਮਾਨਸਿਕ ਸਿਹਤ ਨੂੰ ਪ੍ਰਫੁੱਲਿਤ ਕਰਨਾ ਹਨ। ਹਰਜੀਤ ਸਿੰਘ ਸਭਰਾਲ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਦੀ ਫਾਊਂਡੇਸ਼ਨ ਦੇ ਮੈਂਬਰ ਡਾਕਟਰ, ਇੰਜੀਨੀਅਰ ਅਤੇ ਬਹੁ ਰਾਸ਼ਟਰੀ ਕੰਪਨੀਆਂ ਚ ਉੱਚ ਅਹੁਦਿਆਂ ‘ਤੇ ਰਹੇ ਵਿਅਕਤੀ ਹਨ ਜੋ ਕਿ ਬਿਨਾਂ ਕਿਸੇ ਬਾਹਰੀ ਗ੍ਰਾਂਟ ਆਦਿ ਦੇ ਅਜਿਹੇ ਸਹਾਇਤਾ ਕਾਰਜ ਕਰ ਕੇ ਅੰਦਰੂਨੀ ਖੁਸ਼ੀ ਲੱਭਦੇ ਹਨ।
ਫਾਊਂਡੇਸ਼ਨ ਵੱਲੋਂ ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਜਿੱਥੇ ਖਾਣ ਪੀਣ ਦਾ ਸਮਾਨ ਵੰਡਿਆ ਗਿਆ ਉੱਥੇ ਉੱਪਰਲੀਆਂ ਤਿੰਨ ਜਮਾਤਾਂ ਦੇ ਵਿਦਿਆਰਥੀਆਂ ਨੂੰ ਵੱਡ ਅਕਾਰੀ ਰਜਿਸਟਰ ਅਤੇ ਪੈੱਨ ਵੀ ਦਿੱਤੇ ਗਏ। ਇਸ ਤੋਂ ਇਲਾਵਾ ਕੁਝ ਹੋਰ ਸਮੱਗਰੀ ਵੀ ਸਕੂਲ ਨੂੰ ਭੇਂਟ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਹੈਡਮਾਸਟਰ ਨੇ ਦੱਸਿਆ ਕਿ ਇਸ ਸਕੂਲ ਵਿੱਚ ਇਸ ਸੰਸਥਾ ਦੀ ਇਹ ਪਹਿਲੀ ਫੇਰੀ ਹੈ ਪਰ ਉਨ੍ਹਾਂ ਨੂੰ ਪੂਰਨ ਉਮੀਦ ਹੈ ਕਿ ਭਵਿੱਖ ਵਿੱਚ ਵੀ ਇਹ ਸੰਸਥਾ ਉਨ੍ਹਾਂ ਦੇ ਹੋਣਹਾਰ ਵਿਦਿਆਰਥੀਆਂ ਨੂੰ ਮਦਦ ਦਿੰਦੀ ਰਹੇਗੀ ਆਪ ਖੁਦ ਚਾਹੇ ਉਹ ਕਿਸੇ ਵੀ ਸਕੂਲ ਵਿੱਚ ਹੋਣ।
ਇਸ ਮੌਕੇ ਰੇਨੂ ਗੁਪਤਾ, ਰਾਜਵੀਰ, ਸਿਮਰਨਜੀਤ ਕੌਰ, ਅਮਨ ਦੀਪ ਕੌਰ ਤੇ ਹਰਸ਼ਪ੍ਰੀਤ ਵੀ ਹਾਜ਼ਰ ਰਹੇ।