ਮਾਂ ਦੀ ਦੇਣ ਕਿਸੇ ਵੀ ਹਾਲਤ ’ਚ ਵਾਪਸ ਮੋੜੀ ਨਹੀਂ ਜਾ ਸਕਦੀ : ਡਾ. ਰੁਚੀ ਪਠੇਲਾ
— ਵਿਕਾਸ ਮਿਸ਼ਨ ਵੱਲੋਂ ਮਦਰਜ਼ ਡੇਅ ਸਮਾਰੋਹ ਆਯੋਜਿਤ–
ਸ੍ਰੀ ਮੁਕਤਸਰ ਸਾਹਿਬ, 9 ਮਈ – ਇਲਾਕੇ ਵਿੱਚ ਸਮਾਜ ਸੇਵਾ ਦੇ ਕਾਰਜਾਂ ਵਿੱਚ ਨਾਮਣਾ ਖੱਟਣ ਵਾਲੀ ਸਾਰਿਆਂ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਵੱਲੋਂ ‘ਇੰਟਰਨੈਸ਼ਨਲ ਮਦਰਜ਼ ਡੇਅ’ ਸਬੰਧੀ ਆਪਣੇ ਪ੍ਰਧਾਨ ਜਗਦੀਸ਼ ਰਾਏ ਢੋਸੀਵਾਲ ਦੀ ਅਗਵਾਈ ਹੇਠ ਸਥਾਨਕ ਸਿਟੀ ਹੋਟਲ ਵਿਖੇ ਵਿਸ਼ੇਸ਼ ਸਮਾਰੋਹ ਆਯੋਜਿਤ ਕੀਤਾ ਗਿਆ। ਸਮਾਰੋਹ ਦੌਰਾਨ ਸਾਬਕਾ ਸੀ.ਡੀ.ਪੀ.ਓ. ਅਤੇ ਸਥਾਨਕ ਗੁਰੂ ਨਾਨਕ ਗਰਲਜ਼ ਕਾਲਜ ਦੀ ਪ੍ਰੋਫੈਸਰ ਡਾ. ਰੁਚੀ ਪਠੇਲਾ ਕਾਲੜਾ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ ਅਤੇ ਮਿਸ਼ਨ ਵੱਲੋਂ ਉਨਾਂ ਨੂੰ ਗੁਲਦਸਤਾ ਭੇਂਟ ਕਰਕੇ ਜੀ ਆਇਆ ਕਿਹਾ ਗਿਆ। ਇਸ ਮੌਕੇ ਮਿਸ਼ਨ ਦੇ ਚੇਅਰਮੈਨ ਜਗਜੀਤ ਸਿੰਘ ਬਰਾੜ ਹਨੀ ਫੱਤਣਵਾਲਾ, ਸੀਨੀਅਰ ਮੀਤ ਪ੍ਰਧਾਨ ਨਿਰੰਜਣ ਸਿੰਘ ਰੱਖਰਾ, ਸਲਾਹਕਾਰ ਇੰਜ. ਅਸ਼ੋਕ ਕੁਮਾਰ ਭਾਰਤੀ, ਪ੍ਰਚਾਰ ਸਕੱਤਰ ਰਜਿੰਦਰ ਖੁਰਾਣਾ, ਡਾ. ਸੁਰਿੰਦਰ ਗਿਰਧਰ ਅਤੇ ਚੌ. ਬਲਬੀਰ ਸਿੰਘ (ਦੋਵੇਂ ਉਪ ਪ੍ਰਧਾਨ), ਕੈਸ਼ੀਅਰ ਅਨਿਲ ਅਨੇਜਾ, ਸੀਨੀਅਰ ਮੈਂਬਰ ਜਗਦੀਸ਼ ਧਵਾਲ ਆਦਿ ਮੌਜੂਦ ਸਨ । ਇਸ ਤੋਂ ਇਲਾਵਾ ਇੰਸਪੈਕਟਰ ਪ੍ਰੇਮ ਨਾਥ ਵੀ ਸਮਾਰੋਹ ਦੌਰਾਨ ਉਚੇਚੇ ਤੌਰ ’ਤੇ ਸ਼ਾਮਿਲ ਹੋਏ। ਸਮਾਰੋਹ ਦੌਰਾਨ ਸਮੂਹ ਬੁਲਾਰਿਆਂ ਨੇ ਅੰਤਰਰਾਸ਼ਟਰੀ ਮਦਰਜ਼ ਡੇਅ ਦੀ ਵਧਾਈ ਦਿੰਦੇ ਹੋਏ ਹਰ ਇੱਕ ਪਰਿਵਾਰ ਨੂੰ ਉੱਚਾ ਚੁੱਕਣ ਵਿੱਚ ਮਾਂ ਦੀ ਭੂਮਿਕਾ ਦੀ ਪ੍ਰਸ਼ੰਸਾ ਕੀਤਾ। ਸਮਾਰੋਹ ਦੌਰਾਨ ਆਪਣੀਆਂ ਪਰਿਵਾਰਿਕ ਅਤੇ ਵਿਭਾਗੀ ਜਿੰਮੇਵਾਰੀ ਨਿਭਾਉਣ ਦੇ ਨਾਲ-ਨਾਲ ਸਮਾਜ ਸੇਵਾ ਦੇ ਕਾਰਜਾਂ ਨੂੰ ਵੀ ਬਾਖੂਬੀ ਨਿਭਾਉਣ ਵਾਲੀਆਂ ਸੇਵਾ ਮੁਕਤ ਸਰਕਲ ਐਜੁਕੇਸ਼ਨ ਆਫਿਸਰ ਬਲਜੀਤ ਕੌਰ, ਡਾ. ਰੁਚੀ ਪਠੇਲਾ ਕਾਲੜਾ, ਸਮਾਜ ਸੇਵਿਕਾ ਅਤੇ ਸਿੱਖਿਆ ਸ਼ਾਸਤਰੀ ਰਾਕੇਸ਼ ਲੂਣਾ, ਸਮਾਜ ਸੇਵਾ ਵਿਚ ਵੱਧ ਚੜ ਕੇ ਹਿੱਸਾ ਲੈਣ ਵਾਲੀ ਰੁਪਿੰਦਰ ਬੱਤਰਾ ਐਮ.ਸੀ., ਸੇਵਾ ਮੁਕਤ ਮੁੱਖ ਅਧਿਆਪਿਕਾ ਉਰਮਿਲ ਚਗਤੀ, ਹਰ ਸਾਲ ਲੋੜਵੰਦ ਵਿਦਿਆਰਥੀਆਂ ਨੂੰ ਨਵੋਦਿਆ ਸਕੂਲ ਦੀ ਪ੍ਰੀਖਿਆ ਲਈ ਤਿਆਰ ਕਰਵਾਉਣ ਵਾਲੀ ਗੁਰਮੀਤ ਕੌਰ, ਔਰਤਾਂ ਨੂੰ ਸਰੀਰਕ ਬਿਮਾਰੀਆਂ ਤੋਂ ਬਚਾਉਣ ਲਈ ਸ਼ਾਨਦਾਰ ਰੋਲ ਨਿਭਾਉਣ ਵਾਲੀ ਜਿਲਾ ਯੋਗਾ ਇੰਚਾਰਜ ਸੁਵਰੀਤ ਕੌਰ ਅਤੇ ਬੇਹੱਦ ਮਿਹਨਤੀ ਅਧਿਆਪਕਾ ਦੇ ਤੌਰ ’ਤੇ ਜਾਣੀ ਜਾਂਦੀ ਅਮਰ ਕਾਂਤਾ ਸਮੇਤ ਅੱਠ ਸਫਲ ਅਤੇ ਸਤਿਕਾਰਤ ਮਾਵਾਂ ਨੂੰ ਮਿਸ਼ਨ ਵੱਲੋਂ ਮੁੱਖ ਮਹਿਮਾਨ ਦੁਆਰਾ ਸ਼ਾਨਦਾਰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਦੁਨੀਆ ਦਾ ਸਭ ਤੋਂ ਪਵਿੱਤਰ ਅਤੇ ਪਿਆਰਾ ਰਿਸ਼ਤਾ ਮਾਂ ਦਾ ਹੁੰਦਾ ਹੈ। ਮਾਂ ਵੱਲੋਂ ਦਿੱਤੇ ਗਏ ਪਿਆਰ ਅਤੇ ਨਿਘ ਦਾ ਬਦਲਾ ਕਦੇ ਵੀ ਚੁਕਾਇਆ ਨਹੀਂ ਜਾ ਸਕਦਾ। ਪਰਿਵਾਰਿਕ ਸੰਸਕਾਰ ਦੇਣ ਵਿੱਚ ਹਰ ਇੱਕ ਮਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਇਸੇ ਲਈ ਤਾਂ ਕਿਹਾ ਗਿਆ ਹੈ ਕਿ ‘ਮਾਂ ਦੀ ਪੂਜਾ ਰੱਬ ਦੀ ਪੂਜਾ, ਮਾਂ ਤੋਂ ਵੱਧ ਕੇ ਹੋਰ ਨੀਂ ਦੂਜਾ’। ਹਰ ਇੱਕ ਵਿਅਕਤੀ ਨੂੰ ਆਪਣੇ ਮਾਂ-ਬਾਪ ਦਾ ਸਤਿਕਾਰ ਕਰਨਾ ਚਾਹੀਦਾ ਹੈ। ਸਮਾਰੋਹ ਦੌਰਾਨ ਆਪਣੇ ਸੰਬੋਧਨ ਵਿੱਚ ਚੇਅਰਮੈਨ ਹਨੀ ਫੱਤਣਵਾਲਾ ਅਤੇ ਨਿਰੰਜਣ ਸਿੰਘ ਰੱਖਰਾ ਨੇ ਸਾਰਿਆਂ ਨੂੰ ਇਸ ਦਿਨ ਦੀ ਵਧਾਈ ਦਿੰਦੇ ਹੋਏ ਸਾਰੀਆਂ ਹੀ ਮਾਵਾਂ ਦੀ ਚੰਗੀ ਸਿਹਤ ਅਤੇ ਲੰਮੀ ਉਮਰ ਦਾ ਕਾਮਨਾ ਕੀਤੀ। ਸਮਾਰੋਹ ਦੇ ਅੰਤ ਵਿੱਚ ਪ੍ਰਧਾਨ ਢੋਸੀਵਾਲ ਨੇ ਅੱਜ ਸਨਮਾਨਿਤ ਕੀਤੀਆਂ ਗਈ ਸਾਰੀਆਂ ਸਤਿਕਾਰਤ ਮਾਵਾਂ ਨੂੰ ਵਧਾਈ ਦਿੱਤੀ ਅਤੇ ਉਨਾਂ ਵੱਲੋਂ ਸਮਾਰੋਹ ਵਿੱਚ ਸ਼ਾਮਿਲ ਹੋਣ ’ਤੇ ਧੰਨਵਾਦ ਕੀਤਾ ਗਿਆ।
ਫੋਟੋ ਕੈਪਸ਼ਨ : ਸਨਮਾਨਿਤ ਕੀਤੀਆਂ ਗਈਆਂ ਮਦਰਜ਼, ਮੁੱਖ ਮਹਿਮਾਨ ਡਾ. ਰੁਚੀ, ਪ੍ਰਧਾਨ ਢੋਸੀਵਾਲ ਅਤੇ ਹੋਰਨਾਂ ਨਾਲ।